

ਧਰੂ-ਤਾਰਾ ਅਜੇ ਵੀ ਦਮਕਾਂ ਮਾਰਦਾ ਸੀ । ਹਨੇਰਿਆਂ ਵਿਚ ਸੁਚੇ ਮੱਹ ਇਸਨਾਨ ਕੀਤਾ । ਅਜੇ ਤਕ ਦਿਨ ਚੜ੍ਹਨ ਦੇ ਕੋਈ ਅਸਾਰ ਨਹੀਂ ਸਨ ਦਿਸੇ । ਮਾਵਾਂ ਧੀਆਂ ਦੇਵੇ ਖੱਦਰ ਦੇ ਦੁੱਧ ਚਿੱਟੇ ਕਪੜੇ ਪਾ ਕੇ ਤਿਆਰ ਹੋ ਗਈਆਂ ਹਵੇਲੀ ਦਾ ਸਦਰ ਦਰਵਾਜ਼ਾ ਹਿਲਿਆ । ਚੌਂਕੀਦਾਰ ਸੰਮਨ ਹੋਇਆ, ਅੱਖਾਂ ਮਲੀਆਂ ਤੇ ਉਸ ਅਵਾਜ਼ ਦਿੱਤੀ, ''ਕੌਣ ਏ ?"
"ਅਸੀਂ ਹਾਂ, ਫਾਟਕ ਖੋਲ੍ਹ ।
"ਅਜੇ ਨਗਾਰਾ ਨਹੀਂ ਵਜਿਆ । ਨਗਾਰਾ ਵੱਜਣ ਤੋਂ ਪਹਿਲਾਂ ਫਾਟਕ ਖੁਲ੍ਹ ਨਹੀਂ ਸਕਦੇ । ਮੁੜ ਜਾਓ ਜੋ ਕੋਈ ਵੀ ਹੈ । ਮੈਂ ਸਰਦਾਰਾਂ ਦੇ ਹੁਕਮ ਦੀ ਉਲੰਘਣਾ ਨਹੀਂ ਕਰ ਸਕਦਾ ।"
ਪਿਛਲੇ ਪੈਰੀਂ ਪਿਛੇ ਮੁੜੀਆਂ ਤੇ ਆਉਂਦੀਆਂ ਈ ਉਨ੍ਹਾਂ ਨੇ 'ਆਸਾ ਦੀ ਵਾਰ' ਦਾ ਪਾਠ ਕਰਨਾ ਸ਼ੁਰੂ ਕਰ ਦਿੱਤਾ ।
ਕਿਦਾ ਮਨ ਲਗੇ ਪਾਠ ਵਿਚ ? ਉਡੀਕ ਵਿਚ ਤਾਂ ਵਕਤ ਹੀ ਨਹੀਂ ਲੰਘਦਾ । ਮਨ ਜੋੜਿਆ ਤੇ ਮਗਨ ਹੋ ਗਈਆਂ ਬਾਣੀ ਵਿਚ ।
ਜਦ ਹਵੇਲੀ ਦਾ ਫਾਟਕ ਖੁਲ੍ਹਾ ਤਦ ਹਵੇਲੀ ਦੀ ਰਾਣੀ ਨਿਕਲੀ ਤੇ ਇਜ਼ਤ ਵੀ।
ਅਨੰਦਪੁਰ ਦੇ ਬਜ਼ਾਰਾਂ ਵਿਚ ਹਨੇਰਾ ਤੇ ਸੀ ਪਰ ਲੋਕ ਸੁਚੇਤ ਸਨ । ਅੱਧੀ ਰਾਤ ਦੇ ਉਠੇ ਹੋਏ ਦਾਤੇ ਦੇ ਨਾਮ ਨਾਲ ਲੀਨ ਹੋ ਜਾਂਦੇ ।
ਦੀਵਾਨ ਸਜਿਆ ਹੋਇਆ ਸੀ ਅਨੰਦਗੜ੍ਹ ਵਿਚ 'ਆਸਾ ਦੀ ਵਾਰ' ਦਾ ਪਾਠ ਹੋ ਰਿਹਾ ਸੀ । ਸੰਗਤ ਸਜੀ ਹੋਈ ਸੀ । ਦੀਵਾਨ ਵਿਚ ਕਿਤੇ ਤਿਲ ਧਰਨ ਨੂੰ ਜਗ੍ਹਾ ਨਹੀਂ ਸੀ । ਜੁੜੇ ਬੈਠੇ ਸਨ ਗੁਰੂ ਕੇ ਲਾਲ । ਸਾਹਿਬ ਵੀ ਬਿਰਾਜਮਾਨ ਸਨ ਚੋਂਕੜਾ ਮਾਰ ਆਸਣ ਤੇ ।
ਮੱਥਾ ਟੇਕਿਆ ਤੇ ਸਿਰ ਝੁਕਾਇਆ ਮਾਂ ਤੇ ਧੀ ਨੇ । ਸੰਗਰਾਂ ਪਿਛੇ ਖੜੀਆਂ ਸਨ ਸੰਗਤ ਵਿਚ ਸਿਰ ਨਾ ਚੁਕਿਆ ਮਾਂ ਤੇ ਧੀ ਨੇ ।
ਸਾਹਿਬ ਵੀ ਹੈਰਾਨ ਸਨ ਤੇ ਅਨੰਦਪੁਰ ਵਾਲੇ ਜੁੜੇ ਦੀਵਾਨ ਵਿਚ ਸਿੰਘ ਵੀ ।
ਦਸਮ ਪਾਤਸ਼ਾਹ ਜਾਣੀਜਾਣ ਸਨ, ਜਾਣ ਗਏ।
“ਸਰਦਾਰਾਂ ਦੇ ਮਹਿਲ ਕੀ ਮੰਗਦੇ ਹਨ ?" ਸੱਚੇ ਪਾਤਸ਼ਾਹ ਨੇ ਫੁਰਮਾਇਆ ।
ਦੀਵਾਨ ਵਿਚ ਨੀਲੀ ਹਵੇਲੀ ਵਾਲੇ ਸਰਦਾਰ ਵੀ ਮੋਹਰੇ ਬੈਠੇ ਹੋਏ ਸਨ ।
ਹੱਥ ਜੋੜ ਕੇ ਖਲੋ ਗਈਆਂ ਮਾਂ ਤੇ ਧੀ ।
"ਕੀ ਹੁਕਮ ਏ ?"
ਮੂੰਹ ਵਿਚੋਂ ਗੱਲ ਨਹੀਂ ਸੀ ਨਿਕਲਦੀ । ਅੱਖਾਂ ਝਕ ਗਈਆਂ ਸਿਰ ਉਤੇ ਠਾ ਹੋਵੇ । ਏਨਾ ਪ੍ਰਤਾਪ ਸੀ ਤੇਜ ਦਾ ।
“ਭੁੱਲ ਹੋ ਗਈ ਏ ਕਿਸੇ ਅਨੰਦਪੁਰ ਦੇ ਵਾਸੀ ਤੋਂ ?”
“ਨਹੀਂ ਸੱਚੇ ਪਾਤਸ਼ਾਹ ਸਾਡੀ ਇਕ ਅਰਜ਼ ਏ ।"
"ਹੁਕਮ ਕਰੋ । ਫੁੱਲ ਚੜ੍ਹਾਏ ਜਾਣਗੇ । ਨੀਲੀ ਹਵੇਲੀ ਵਾਲ਼ਿਆਂ ਦੇ ਮਹਿਬ ਨਿਰਾਸ਼ ਨਹੀਂ ਕੀਤੇ ਜਾ ਸਕਦੇ ।”