

ਸਿੰਘਾਂ ਦੇ ਲੰਗਰ ਮਸਤਾਨੇ ਹੋ ਗਏ । ਦੇਅ ਫਿਰ ਗਿਆ ਮੋਦੀ ਖਾਨੇ ਵਿਚ । ਪੱਤਰ ਖਾ ਲਏ । ਟਾਹਣੀਆਂ ਛਕ ਗਏ । ਹੁਣ ਦਰਖਤਾਂ ਦੀਆਂ ਛਿੱਲਾਂ ਤੇ ਨੰਬਤ ਆ ਗਈ ।
ਘਬਰਾ ਉਠੇ ਸਿੰਘ। ਗੁਰਾਂ ਅਗੇ ਅਰਜ਼ ਕੀਤੀ ਕਿ ਕਿਲ੍ਹਾ ਛਡ ਦਿਓ । ਭੁੱਖ ਤੋਂ ਮੌਤ ਚੰਗੀ, ਪਰ ਮਹਾਰਾਜ ਨੇ ਨਾਂਹ ਕਰ ਦਿਤੀ।
"ਭੁੱਖ ਨੂੰ ਮੌਤ ਵਰ ਲਏ ਗੀ । ਧੀਰਜ ਤੋਂ ਕੰਮ ਲਓ। ਨਾ ਦਿਥੇ ਇਹ ਫੌਜ ਰਹਿਣੀ ਹੈ ਤੇ ਨਾ ਇਹ ਹਾਕਮ । ਅੱਧ-ਪਚੱਧੀ ਝੜ ਗਈ ਏ ਤੇ ਰਹਿੰਦੀ ਖੂੰਹਦੀ ਵੀ ਝੜ ਜਾਊ। ਦੜ ਵੱਟ ਕੇ ਅੱਠ ਪਹਿਰੇ ਹੋਰ ਕੱਟ ਲਓ। ਫਿਰ ਤੁਹਾਡੀ ਜਿੱਤ ਏ ।" ਆਖਣ ਵਾਲੇ ਸਨ ਗੁਰਗੱਦੀ ਦੇ ਮਾਲਕ । ਪਰ ਭੁੱਖੇ ਕਦ ਮੰਨਦੇ ਸਨ । ਉਹਨਾਂ ਨੇ ਅੱਤ ਚੁੱਕ ਲਈ। ਮਾਤਾ ਗੁਜਰੀ ਕੋਲ ਜਾ ਫਰਿਆਦ ਕੀਤੀ । ਮਾਤਾ ਸਿੰਘਾਂ ਨੂੰ ਵਿਲਕਦੇ ਵੇਖ ਨਾ ਸਕੀ। ਬਚੜੇ ਨੂੰ ਆਖਿਆ ਬੱਚਾ ! ਕਿਲ੍ਹਾ ਖਾਲੀ ਕਰ ਦੇ । ਦਾਤੇ ਦਾ ਭਾਣਾ ਮੰਨ । ਜੋ ਕੁਝ ਲਿਖਿਆ ਦੇ ਉਹ ਹੋ ਕੇ ਰਹਿਣਾ ਏ । ਕੁਝ ਬਦਲਣਾ ਨਹੀਂ। ਰੱਤੀ ਵਧੇ ਨਾ ਰਾਈ ਘਟੇ ਜੋ ਲਿਖਿਆ ਕਰਤਾਰ ।" ਮਾਤਾ ਦੇ ਬਚਨ ਸਨ ।
ਮਾਤਾ ਦੇ ਹੁਕਮ ਤੇ ਫੁੱਲ ਚੜ੍ਹਾ ਦਿਤੇ ਦਾਤੇ ਨੇ ।
ਪਹਿਲਾਂ ਉਹ ਆਦਮੀ ਨਿਕਲਣ ਜਿਨ੍ਹਾਂ ਨੂੰ ਮੌਤ ਪਿਆਰੀ ਏ । ਪਿਛੋਂ ਫੇਰ ਗੁਰੂ ਘਰ ਦੇ ਮਹਿਲ । ਕੋਈ ਆਦਮੀ ਅਨੰਦਪੁਰ ਨਾ ਰਹੇ ਫੌਜ ਤੋਂ ਸਾਡੇ ਕਬਜ਼ੇ ਵਿਚ ਹਨ। ਨਿਕਲ ਜਾਓ, ਜਿਹਨੇ ਜਾਣਾ ਹੈ । ਲੜਾਈ ਸ਼ੁਰੂ ਹੋਣ ਵਾਲੀ ੲ । ਫਿਰ ਕਿਸੇ ਦਾ ਨਿਕਲਣਾ ਬਹੁਤ ਔਖਾ ਹੋ ਜਾਵੇਗਾ ।" ਹੁਕਮ ਸੀ ਮਹਾਰਾਜ ਦਾ ।
ਰਾਹ ਫੜੇ, ਡੰਡੀਆਂ ਨਾਪੀਆਂ । ਜੋ ਕੁਝ ਹੱਥ ਲੱਗਾ ਕਛੇ ਮਾਰਿਆ। ਜੋ ਕੁਝ ਚੁੱਕਿਆ ਗਿਆ ਪੰਡ ਬੰਨ੍ਹ ਕੇ ਸਿਰ ਤੇ ਚੁੱਕ ਲਿਆ। ਖੱਚਰਾਂ ਲੱਦੀਆਂ। ਘੋੜੇ ਲੱਦੇ । ਗੱਡਿਆਂ ਤੇ ਸਮਾਨ ਰਖਿਆ ।ਅਨੰਦਪੁਰ ਖਾਲੀ ਕਰ ਚਲੇ ਇੱਟ ਇੱਟ ਚੁਣ ਕੇ ਬਣਾਇਆ ਸੀ ਜਿਨ੍ਹਾਂ ਨੇ ਅਨੰਦਪੁਰ । ਅਨੰਦਪੁਰ ਭਾਂ ਤਾਂ ਕਰਨ ਲਗ ਪਿਆ । ਖਾਲੀ ਹਵੇਲੀਆਂ ਵਿਚੋਂ ਕਬੂਤਰ ਉੱਡੇ ਜਾਂ ਪੈਲਾਂ ਪਾਈਆਂ ਜੰਗਲੀ ਬਿਲੀਆਂ ਨੇ ।
ਗੁਰੂ ਕੇ ਮਹਿਲ ਨਿਕਲ ਗਏ । ਮਾਤਾ ਵੀ ਨਿਕਲੀ ਤੇ ਸਾਹਿਬਜ਼ਾਦੇ ਵੀ । ਘਰ ਘਰ ਖਾਲੀ ਹੋ ਗਿਆ । ਉਜਾੜਾਂ ਪੈ ਗਈਆਂ ਵਸਦੀਆਂ ਰਸਦੀਆਂ ਬਾਰਾਂਦਰੀਆਂ ਵਿਚ ।
ਫੌਜ ਅਜੇ ਡੱਟੀ ਹੋਈ ਸੀ ਦੋਹੀਂ ਪਾਸੀਂ। ਕਦੋਂ ਅਨੰਦਪੁਰ ਛੱਡਣਾ ਸੀ ? ਇਹ ਤਾਂ ਸਤਿਗੁਰ ਹੀ ਜਾਣਦੇ ਸਨ ।
"ਤੂੰ ਨਹੀਂ ਗਈ ਅਨੂਪ ਕੌਰ ?"
ਅਨੂਪ ਕੌਰ ਚੁਪ ਸੀ ।
''ਚੁਪ ਕਿਉਂ ਏ ਸਾਰਾ ਅਨੰਦਪੁਰ ਖਾਲੀ ਹੋ ਗਿਐ ਤੇਰਾ ਦਿਥੇ ਕੀ ਕੰਮ ?"
ਉੱਧੀ ਪਾ ਲਈ ਅਨੂਪ ਕੌਰ ਨੇ ।