ਅਰਸ਼ੀ ਨੂਰੀ ਪਾਤਸ਼ਾਹ ‘ਦੇਵੀਆਂ ਦੇ ਸਿਰਤਾਜ' ਵਲ ਮੂੰਹ ਕਰਕੇ ਬੋਲੇ - ਜੀਤ ਜੀ ! ਲਾਲ ਜੀ ਮਰੇ ਨਹੀਂ ਨਾ, ਜੀਵੇ ਹਨ ਨਾਂ?
ਜੀਤ ਜੀ - ਹੇ ਪਾਰਦਰਸ਼ੀ, ਤ੍ਰਿਕਾਲ ਦਰਸ਼ੀ ਦਿੱਬਦਰਸ਼ੀ ਦਾਤਿਆ! ਮੈ ਤੇਰੇ ਚੋਜਾਂ ਨੂੰ ਕੀ ਜਾਣਾ? ਲਾਲ ਸਦਾ ਜੀਵੇ ਹਨ, ਜੋ ਮੈਂ ਮੌਤ ਜਾਣਦੀ ਸਾਂ, ਉਹ ਆਤਮ ਜਨਮ ਸੀ, ਤੇਰੀ ਬਖਸ਼ੀ ਉਹ ਅਬਦੀ ਜ਼ਿੰਦਗੀ ਸੀ, ਉਹ ਅਜ਼ਲੀ ਜੀਵਨ ਸੀ, ਉਹ ਅਮਰ ਪਦਵੀ ਸੀ। ਲਾਲ ਚਮਕੌਰ ਦੀ ਧਰਤੀ ਵਿਚ ਸ਼ਹੀਦ ਨਹੀਂ ਹੋ ਗਏ, ਅਰਸ਼ਾਂ ਦੇ ਤਖਤਾਂ ਤੇ ਆ ਖੇਡੇ ਹਨ। ਲਾਲ ਸਰਹਿੰਦ ਵਿਚ ਸਮਾਪਤ ਨਹੀਂ ਹੋਏ। ਲਾਲ ਅਰਸ਼ਾਂ ਦੇ ਰਾਜੇ ਹੋ ਗਏ। ਦਾਤਾ! ਮੈਂ ਨਿਰਬਲ ਵੇਲ ਵਾਂਗੂੰ ਬੇਆਸੰਙ ਸਾਂ, ਤੇਰੇ ਆਸਰੇ ਬਚੀ ਤੇ ਤੇਰੇ ਉੱਚੇ ਚਰਨਾਂ ਦੇ ਪ੍ਰਤਾਪ 'ਜੀਤ' ਹੋਈ, ਸੁਖੀ ਹੋਈ, ਜੀਉਂਦਿਆਂ ਦੀ ਮਾਂ ਬਣੀ। ਅਮਰੀਆਂ ਨੇ ਮੈਨੂੰ ਅਸੀਸ ਦਿੱਤੀ, ਦਿੱਬ ਜਯੋਤੀਆਂ ਨੇ ਵਧਾਈਆਂ ਮੇਰੀ ਝੋਲੀ ਪਾਈਆਂ। ਹੇ ਨੈਣਾਂ ਵਾਲਿਆ! ਨਾਮ ਦਾਨ ਬਖਸ਼ ਕੇ ਮੌਤ ਵਿਚ ਜੀਵਨ, ਸ਼ਹੀਦੀ ਵਿਚ ਜ਼ਿੰਦਗੀ, ਕੁਰਬਾਨੀ ਵਿਚ ਜਾਨ, ਆਪਾ ਵਾਰਨ ਵਿਚ ਅਮਰਾ ਪਦ ਸਭ ਨੂੰ ਦਿੱਸੇ, ਹਾਂ ਇਹ ਤੂੰ ਹੀ ਰੰਗਾਂ ਵਿਚ ਉਲਟ ਰੰਗ ਵਸਾਇਆ ਹੈ, ਤੈਨੂੰ ਹੀ ਠੀਕ ਦਿੱਸਦਾ ਹੈ, ਤੂੰ ਧੰਨ ਹੈਂ । ਤੂੰ ਧੰਨ ਹੈ!!
ਹੁਣ ਦੋ ਛੋਟੇ ਦੁਲਾਰੇ ਗੋਦ ਵਿਚ ਆ ਗਏ। ਚੋਜੀ ਪਿਤਾ ਪਿਆਰ ਦੇ ਰਿਹਾ ਹੈ, ਮੱਥੇ ਹੱਥ ਫਿਰ ਰਿਹਾ ਹੈ: ਪੁੱਛਦਾ ਹੈ, ਬੱਚਿਓ! ਕੰਧ ਵਿਚ ਦਮ ਬਹੁਤ ਘੁੱਟਿਆ ਸੀ? ਹਵਾ ਦੇ ਨਾ ਮਿਲਣ ਨੇ ਬੜੀ ਤੜਫਨੀ ਲਾਈ ਸੀ? ਜਿਸ ਵੇਲੇ ਸੰਸਾਰ ਦੇ ਚਾਨਣ ਤੇ ਹਵਾ ਤੋਂ ਰਹਿਤ ਤੁਹਾਨੂੰ ਉਸ ਤੰਗ ਘੋਪੇ ਵਿਚ ਚਿਣ ਕੇ ਬੰਦ ਕਰ ਦਿੱਤਾ ਗਿਆ, ਪਰ ਤੱਕੋ (ਛਾਤੀ ਨਾਲ ਲਾਕੇ) ਤੁਸੀਂ ਖੇਤ ਵਿਚ ਰਾਹਕ ਦੇ ਦੱਬੇ ਦਾਣੇ ਵਾਂਙ ਨੱਪੇ ਨਹੀਂ ਗਏ, ਪਰ ਲਹਿਲਹਾਉਂਦੇ ਨੌ ਨਿਹਾਲ ਹੋ ਕੇ ਖੁਲ੍ਹੀਆਂ ਹਵਾਂਵਾਂ ਤੇ ਖੁੱਲ੍ਹਿਆਂ ਚਾਨਣਿਆਂ ਵਿਚ ਆ ਲਹਿਰੇ ਹੋ। ਹਾਂ, ਫਿਰ ਤੁਸਾਨੂੰ ਹਵਾ ਲੁਆਕੇ ਡਰਾ ਕੇ ਸ਼ਮਸ਼ੇਰ ਦਾ ਪਾਣੀ ਚਖਾਇਆ ਗਿਆ ਸੀ? ਉਹ ਕਸ਼ਟ ਸੀ? ਤੱਕੋ ਤੁਹਾਡੇ ਉਸ ਬੀਤ ਜਾਣ ਹਾਰੇ ਤੇ ਬੀਤ ਚੁੱਕੇ ਕਸ਼ਟ ਝੱਲਣ ਨੇ ਦੁਖੀਆਂ ਨੂੰ ਕਿਤਨਾ ਸੁਖ ਦਿਤਾ ਹੈ। ਮੁਰਦੇ ਦਿਲ ਜੀਉ ਉਠੇ ਹਨ, ਮਰ ਚੁਕੀ ਸ੍ਰਿਸ਼ਟੀ ਝੂਮ ਉਠੀ ਹੈ, ਜ਼ੁਲਮ ਦਾ ਹਨੇਰਾ ਤੁਹਾਡੇ ਕੰਧ ਵਿਚਾਲੇ ਦੇ ਹਨੇਰੇ ਨੇ ਕੱਟ ਦਿੱਤਾ ਹੈ। ਤੁਹਾਡੇ ਗਲੇ ਤੇ ਫਿਰੀ ਚਮਕਦੀ ਤਲਵਾਰ ਨੇ ਜਗਤ ਦੇ ਬੰਧਨ ਕੱਟੇ ਹਨ। ਸਫਲ ਬੱਚਿਓ! ਤੁਹਾਡੀ ‘ਸਫਲ ਸਫਲ ਭਈ ਸਫਲ ਜਾਤ੍ਰਾ'। ਇਕ ਪੱਟ ਤੇ ਦੋਂਵੇ ਨਿੱਕੇ ਲਾਲ ਬੈਠੇ ਹਨ, ਦੂਜੇ ਪਰ ਵੱਡੇ ਲਾਲ ਦਿੱਸ ਰਹੇ ਹਨ। ਪਿਤਾ ਦਸਤਾਰ ਸੁਆਰਦਾ, ਛਾਤੀ ਨਾਲ ਲਾਂਦਾ, ਮੱਥਾ ਚੁੰਮਦਾ ਆਖਦਾ ਹੈ: ਮੇਰੇ ਦੁਲਾਰਿਓ, ਵਾਹਵਾ! ਹਾਂ, ਉਹ ਜ਼ੁਲਮ ਦਾ ਟਾਕਰਾ, ਉਹ ਰਣ ਤੱਤਾ, ਉਹ ਅਨੇਕਾਂ ਨਾਲ ਇਕ ਇਕ ਦਾ ਮੁਕਾਬਲਾ, ਉਹ ਅਜਿਤ ਸੰਗ੍ਰਾਮ, ਉਹ ਤਪਤ, ਉਹ ਕੜਕ, ਉਹ ਮਾਰੋਮਾਰ, ਉਹ ਹੱਲਾ, ਉਹ ਮਾਰ ਮੁਕਾਓ, ਪਰ ਹੋਰ ਹੋਰ ਟੁਰਦਾ ਵਧਦਾ ਆਉਂਦਾ ਜੁੱਧ! ਹਾਂ ਲਾਲੋ, ਖੂਬ ਲੜੇ, ਖੂਬ ਘਾਉ ਖਾਧੇ, ਚੱਪੇ ਚੱਪੇ ਸਰੀਰ ਤੇ ਨੋਕਾਂ ਖੁਭੀਆਂ। ਘਾਇਲ ਹੋ ਹੋ ਅਰ ਮਾਇਲ ਹੋ ਹੋ ਲੜਨ ਹਾਰੇ ਸਪੁੱਤ੍ਰ ਸਦਕੇ, (ਮੱਥਾ ਮੁੰਘਕੇ) ਤੁਹਾਡੇ ਉਸ ਚਮਕੌਰ ਦੇ ਗੁਬਾਰ ਵਿਚ ਲਹੂਵੀਟ ਦੇਣ ਨੇ ਸੰਸਾਰ ਦਾ ਗੁਬਾਰ ਕੱਟਿਆ। ਤੁਹਾਡੀ ਬੀਰਤਾ ਨੇ ਮੋਈ ਸ੍ਰਿਸ਼ਟੀ ਵਿਚ ਜਾਨ ਪਾਈ, ਜੀਅ ਦਾਨ ਬਖਸ਼ਿਆ, ਤੱਕੋ ਹੇਠਾਂ ਕਿਕੂੰ ਲੋਥਾਂ ਤ੍ਰਬਕ ਤਬਕ ਉਠ ਰਹੀਆਂ ਹਨ। ਤੁਸੀਂ ਜ਼ਾਲਮਾਂ ਦੀ ਤਲਵਾਰ ਨਾਲ ਕੱਟੇ ਗਏ, ਤੁਸੀਂ ਧ੍ਰੋਹ ਦੀ ਕਟਾਰ ਨਾਲ ਟੋਟੇ ਟੋਟੇ ਕੀਤੇ ਗਏ ਤੁਸੀਂ ਨਿਰਦਈਆਂ ਦੇ ਤੀਰਾਂ ਅੱਗੇ ਛਾਨਣੀ ਬਣਾਏ ਗਏ, ਤੁਸੀਂ ਕਹਿਰ ਕਹਾਰ ਨਾਲ ਮਾਰ ਦਿੱਤੇ ਗਏ ਪਰ ਤੱਕੋ ਤੁਸੀਂ ਮਾਰਿਆਂ ਮਾਰੇ ਨਾ ਗਏ, ਹਾਂ, ਤੁਸੀਂ ਕੱਟੀ ਗਈ ਡਾਲ ਵਾਙੂ ਮਰੇ ਨਹੀਂ ਪਰ ਕੱਟੀ ਡਾਲ ਪੇਉਂਦ ਹੋ ਕੇ ਉੱਚ ਜੀਵਨ ਵਿਚ ਜਾਗ ਉੱਠੇ ਵਾਂਗੂੰ ਅਮਰ ਜੀਵਨ