ਜੀਤ ਜੀ ! ਧੰਨ ਤੁਸਾਡੇ ਪਿਆਰ, ਅਤੁੱਟ ਪਿਆਰ ਤੇ ਤੁਸਾਡੀ ਕੁਰਬਾਨੀ ਦੇ! ਮੈਥੋਂ ਇਹ ਨਾ ਮੰਗਿਆ ਕਿ ਪੁੱਤ ਨਾ ਮਰਨ, ਪਰ ਇਹ ਮੰਗਿਆ ਕਿ ਮੈਂ ਪਹਿਲੋਂ ਜਾਵਾਂ। ਤੁਸਾਡੇ ਇਸ ਆਪਾਵਾਰਨ ਨੇ ਜਗਤ ਸੁਖੀ ਕਰ ਦਿੱਤਾ, ਮੈਂ ਡਾਢਾ ਨਾਜ਼ਕ ਕੰਮ ਲੈ ਕੇ ਆਪਣੇ ਬਾਬਲ ਜੀ ਦੇ ਘਰੋਂ ਟੁਰਿਆ ਸਾਂ, ਸ਼ਾਬਾਸ਼! ਤੁਸਾਂ ਮੈਨੂੰ ਉਸ ਵਿਚ ਮਦਦ ਦਿੱਤੀ। ਤੁਸੀਂ ਮੋਹ ਮਾਇਆ ਦੇ ਸੰਸਾਰ ਵਿਚ ਵੱਸ ਕੇ ਆਪਾ ਨੁਛਾਵਰ ਕੀਤਾ, ਮੇਰੇ ਹੁਕਮ ਮੰਨੇ। ਮੈਨੂੰ ਮੇਰੇ ਰੰਗੀ ਬਾਬਲ ਜੀ ਪਾਸ ਸੁਰਖਰੋਈ ਨਾਲ, ਉੱਜਲ ਮੁਖ ਨਾਲ, ਨਿਰਮਲ ਰੰਗ ਨਾਲ ਹਉਂ ਅਤੀਤ ਆਉਣ ਵਿਚ ਆਪਾਵਾਰ ਮਦਦ ਦਿੱਤੀ; ਰੰਗ ਲੱਗਾ ਰਹੇ, ਰੰਗਲ ਭਏ, ਤੁਸੀਂ ਅਮਰੀ ਹੋਏ ਹਾਂ, ਤੁਸੀਂ ਮੇਰੇ ਆਤਮ ਸਰੂਪ ਦੀਆਂ ਡਾਲੀਆਂ ਹੋ ਗਏ।
ਦੁਲਾਰਿਆਂ ਨੇ ਸੀਸ ਨਿਵਾਇਆ ਅਰ ਓਹਨਾਂ ਦੇ ਸ਼ਰੀਰਾਂ ਤੋਂ ਮਾਨੋਂ ਇਹ ਅਵਾਜ਼ ਆਈ:- “ਆਪ ਦੀ ਪਿਆਰੀ ਮੂਰਤੀ ਦੇ ਧਿਆਨ ਦੇ ਸੁਆਦ ਵਿਚ ਸਾਨੂੰ ਕੋਈ ਕਸ਼ਟ, ਉਖਿਆਈ ਨਹੀਂ ਲੱਗੀ, ਧਿਆਨ ਮਗਨ ਰੰਗ ਭਰੇ ਕਸ਼ਟਾਂ ਦੇ ਸਮੇਂ ਲੰਘ ਗਏ। ”
ਫੇਰ ਲਿਸ਼ਕਾਰ ਵੱਜਾ ਕੀ ਤੱਕਦੇ ਹਾਂ ਕਿ ਕਲਗ਼ੀਆਂ ਵਾਲੇ ਫੁਰਮਾ ਰਹੇ ਸਨ:-
ਬੇਟਾ ਜੀਉ! ਸਾਡੇ ਸ਼ੁਰੂ ਤੋਂ ਅੱਜ ਤਾਈਂ ਦੇ ਯਾਰ ਜੋ ਸਾਡੇ ਮਨੁੱਖਨਾਟ ਵਿਚ ਹਰ ਜਾਮੇਂ ਸ਼ਹੀਦ ਹੁੰਦੇ ਰਹੇ ਹਨ, ਪਿਆਰ ਤੇ ਸ਼ਰਧਾ, ਆਪਾ ਵਾਰਨ ਤੇ ਇਸ਼ਕਾਂ ਕੁੱਠੇ, ਸਿਰ ਤਲੀ ਜੋ ਸਾਡੀ ਗਲੀ ਖੇਡਦੇ ਆਏ ਹਨ, ਪੰਜ ਪਿਆਰੇ, ਅਨੰਦ ਪੁਰੀ ਸ਼ਹੀਦ, ਚਮਕੌਰੀ ਮੁਕਤੇ, ਮੁਕਤਸਰੀ ਮੁਕਤੇ, ਹਾਂ, ਉਹ ਪਿਆਰੇ ਅਜ ਬਾਪੂ ਜੀ ਦੇ ਹੁਕਮ ਅਨੁਸਾਰ ਮਾਤ ਲੋਕ ਵਿਚ ਸਾਨੂੰ ਲੈਣ ਗਏ ਸਨ, ਓਹ ਪ੍ਰੀਤਮ ਦੇ ਅਦਬਾਂ ਵਾਲੇ ਅਦਬ ਸੁਆਰੇ ਇਸ ਦਾਲਾਨ ਦੇ ਬਾਹਰ ਖੜੇ ਹਨ, ਲਾਲੋ! ਓਹ ਮੇਰੇ ਹਨ, ਮੈਂ ਉਹਨਾਂ ਦਾ ਹਾਂ। ਲਾਲ ਜੀ! ਓਨ੍ਹਾਂ ਨੂੰ ਅੰਦਰ ਲੈ ਆਓ। ਮੈਂ ਓਹ ਆਪਣੇ ਕੀਤੇ ਹਨ, ਪਰ ਓਹ ਪਿਆਰ-ਪ੍ਰੋਤੇ ਅਦਬ ਸੁਆਰੇ ਅਦਬ ਵਿਚ ਬਾਹਰ ਖੜੇ ਹਨ। ਦੂਜੀ ਖਿਨ ਵਿਚ ਨੂਰੀ ਜਾਮਿਆਂ ਵਾਲੇ ਸੱਚੇ ਸ਼ਹੀਦ ! ਹਉਂ ਕਰਕੇ ਮਰੇ ਨਹੀਂ, ਪਰ ਪਿਆਰ ਕਰਕੇ ਪਰਵਾਨ ਹੋ ਚੁਕੇ ਪਰਵਾਨੇ ਅੰਦਰ ਆ ਗਏ। ਅੱਗੇ ਅੱਗੇ ਬਾਬਾ ਸੰਤ ਸਿੰਘ ਹੈ ਜਿਸਦੀ ਸਾਰੀ ਨੁਹਾਰ ਕਲਗੀਧਰ ਜੀ ਦੀ ਆਪਣੀ ਹੈ, ਸਿਰ ਤੇ ਸਤਿਗੁਰ ਦੀ ਫਬਾਈ ਕਲਗ਼ੀ ਜਿਗਾ ਚਮਕ ਰਹੀ ਹੈ, ਗਲ ਸਤਿਗੁਰ ਵਾਲਾ ਜਾਮਾ ਹੈ, ਲੱਕ ਉਹੋ ਗੁਰੂ ਤਲਵਾਰ ਹੈ, ਪਰ ਅੱਖਾਂ ਅਦਬ ਨਾਲ ਸ਼ਰਮਸਾਰ ਹਨ। ‘ਹਾਇ! ਮੈਂ ਉਹ ਸਿੱਖ ਹਾਂ, ਜਿਨ ਸਿੱਖ ਹੋਕੇ ਗੁਰੂ ਜਾਮੇ ਪਹਿਨਾਣ ਦੀ ਬੇਅਦਬੀ ਕੀਤੀ ਹੈ'। ਵਾਹ ਅਦਬ ਧਾਰੇ ਸਿੱਖਾ! ਤੇਰੀ ਸਿੱਖੀ ਨੇ ਗੁਰੂ ਨੂੰ ਬਿਹਬਲ ਕਰ ਦਿਤਾ ਹੈ, ਔਹ ਤਖਤੋਂ ਛਾਲ ਮਾਰੀ, ਸੰਤ ਸਿੰਘ ਨੂੰ ਜੱਫੀ ਪਾਈ, ਓਇ, ਮਿੱਤ੍ਰਾ ! ‘ਤੂੰ ਮੈਂ’ ‘ਮੈਂ ਤੂੰ’ ‘ਮੈਂ ਤੂੰ' 'ਤੂੰ ਮੈਂ' ਮਿੱਤ੍ਰਾ! ਵਾਹ ਅਤੀਤਾ, ਵਾਹ ਮੇਰੇ ਸੰਨਿਆਸੀਆ! ਵਾਹ ਮੇਰੇ ਵੈਰਾਗੀਆ! ਵਾਹ ਮੇਰੇ ਬਲੀਦਾਨਾ ! ਵਾਹ ਮੇਰੇ ਜਗਵੇਦੀ ਦੇ ਸੱਚੇ ਕੁਰਬਾਨੀਆਂ! ਵਾਹ ਮੇਰੇ ਸੱਚੇ ਹਵਨੀਆ! ਵਾਹ ਮੇਰੇ ਆਪਾ ਵਾਰੁ ਆਪ ਨੁਛਾਵਰੀਆ! ਮੇਰੀ ਖ਼ਾਤਰ, ਨਿਰੋਲ ਮੇਰੀ ਖਾਤਰ - ਵਾਹ ਤੂੰ ਜਿਸ ਦੇ ਅੰਦਰ