ਜ਼ਰਾ ਗਹੁ ਕਰਨੀ, ਉਹ ਸਿਰ ਤਲੀ ਧਰਨ ਵਾਲੇ ਪੰਜ ਪਿਆਰੇ ਗੁਰੂ ਦੀ ਜੱਫੀ ਵਿਚ! ਗੁਰੂ ਸਿਰਾਂ ਨੂੰ ਸੁੰਘਦਾ ਤੇ ਆਖਦਾ ਹੈ -ਸੂਰਿਓ, ਸਿਰ ਸਿਰ ਲਾ ਬਾਜ਼ੀ ਖੇਡਣ ਵਾਲਿਓ! ਜਿੱਤ ਨਿਕਲਿਓ ਮੇਰਿਓ! ਤੁਸੀਂ ਮੇਰੇ, ਮੈਂ ਤੁਸਾਡਾ, ਤੁਸਾਂ ਰੱਖ ਵਿਖਾਈ, ਤੁਸੀਂ ਬਾਪੂ ਜੀ ਦੇ ਹੁਕਮ ਕਮਾਉਣ ਵਿਚ ਮੇਰੀਆਂ ਭੁਜਾਂ ਬਣੇ। ਤੁਸੀਂ ਆਤਮ ਤੱਤਵੇਤਾ ਪੂਰਨ ਸਾਧੂ ਸੇ, ਮੇਰੇ ਨਾਲ ਗਏ ਸੇ ਤੇ ਮੇਰੇ ਪਿਆਰ ਵਿਚ ਤੁਸਾਂ ਦੁਖਾਂ ਵੇੜ੍ਹੀ ਸ੍ਰਿਸ਼ਟੀ ਦਾ ਭਾਰ ਹਰਨ ਦਾ ਕੰਮ ਚਾਇਆ ਤੇ ਆਪਣੇ ਮਾਸ ਦੀਆਂ ਬੋਟੀਆਂ ਅਹੂਤੀ ਕਰਕੇ ਸੱਚਾ ਹੋਮ ਤੇ ਜਗ ਰਚਾਇਆ। ਗੁਰੂ ਤਾਂ ਐਉਂ ਕਹਿ ਰਿਹਾ ਹੈ, ਤੇ ਪੰਜੈ 'ਗੁਰੂ ਗਲੱਕੜੀ' ਤੋਂ ਖਿਸਕਦੇ ਚਰਨਾਂ ਤੇ ਢਹਿਂਦੇ ਜਾਂਦੇ ਹਨ, ਤੇ ਉਨ੍ਹਾਂ ਦੇ ਲੂੰਆਂ ਤੋਂ ਇਕ ਮੱਧਮ ਗੂੰਜ ਉਠ ਰਹੀ ਹੈ:-
"ਬੈ ਖਰੀਦੁ ਕਿਆ ਕਰੇ ਚਤੁਰਾਈ ਇਹੁ ਜੀਉ ਪਿੰਡੁ ਸਭੁ ਥਾਰੇ”
ਹਾਂ, ਤੇ ਸਤਿਗੁਰ ਆਖਦਾ ਹੈ, “ਮੇਰੇ ਮੇਰੇ, ਮੇਰੇ ਮੇਰੇ”।
ਦੂਜੀ ਖਿਨ ਮੁਕਤੇ, ਹਾਂ ਜੀ ਚਮਕੌਰੀ ਮੁਕਤੇ ਤੇ ਚਮਕੌਰ ਤੋਂ ਪਹਿਲੀ ਰਾਤ ਸਰਸੇ ਤੇ ਰੋਪੜ ਸ਼ਹੀਦ ਹੋਣਵਾਲੇ ਦੁਆਲੇ ਸਤਿਗੁਰ ਦੀ ਪਿਆਰ ਕਲਾਈ ਵਿਚ ਆ ਗਏ, ਸਤਿਗੁਰ ਪਿਆਰ ਦੇਂਦਾ ਤੇ ਆਖਦਾ ਹੈ:- “ਮੇਰੇ ਸਿਦਕ ਸੁਆਰੇ, ਅਡੋਲ ਮੇਰਿਓ! ਵਾਹ ਵਾਹ! ਤੁਹਾਡਾ ਲਹੂ, ਜਿਸ ਨਾਲ ਤੁਸਾਂ ਮੈਨੂੰ ਖਰੀਦ ਲਿਆ, ਤੁਹਾਡੀ ਕੁਰਬਾਨੀ ਨੇ ਮੈਨੂੰ ਵਿਹਾਝ ਲਿਆ ਤੁਸੀਂ ਧੰਨ; ਤੁਸੀਂ ਧੰਨ! ਧੰਨ ਸਿੱਖੀ! ਧੰਨ ਸਿੱਖੀ! ਧੰਨ ਸਿੱਖੀ! ਤੁਸਾਂ ਧਾਰੀ, ਤੁਸਾਂ ਪਾਲੀ, ਤੁਸਾਂ ਨਿਬਾਹੀ। ਤੁਸੀਂ ਅਮਰ ਹੋਏ, ਸਦਾ ਮੇਰੇ ਹੋਏ। ਜਦ ਮੈਂ ਸੰਸਾਰ ਵਿਚ ਫੇਰ ਜਾਸਾਂ ਤੁਸੀਂ ਮੇਰੇ ਨਾਲ, ਜਦੋਂ ਮੈਂ ਏਥੇ ਤੁਸੀਂ ਅੰਗ ਸੰਗ।” ਇਹ ਸੁਣਦਿਆਂ ਮੁਕਤਿਆਂ ਦੀਆਂ ਮਾਨੋਂ ਅੱਖਾਂ ਵਿਚੋਂ ਨੀਰ ਛੁੱਟਾ ਅਰ ਉਸ ਨੀਰ ਵਿਚੋਂ ਪਿਆਰ ਤੇ ਸਦਕੇ ਹੋ ਜਾਣ ਦੀ ਸੁਗੰਧਿ ਆਈ ਕਿ ਕਲਗ਼ੀਆਂ ਵਾਲੇ ਆਪ ਨੈਣ ਜਲ ਪੂਰਤ ਹੋ ਅਹਿੱਲ ਹੋ ਗਏ, ਸਾਰੇ ਮੁਕਤੇ ਦਾਤਾ ਨਾਲ ਇਸ ਤਰ੍ਹਾਂ ਲਿਪਟ ਗਏ ਕਿ ਜਿਕੂੰ ਭੌਰੇ ਕਮਲ ਨਾਲ ਲਿਪਟ ਜਾਂਦੇ ਹਨ:-
ਹਾਂ, ਦੂਜੀ ਖਿਨ ਆਈ ਤਾਂ ਮੁਕਤਸਰ ਦੇ ਮੁਕਤੇ ਆ ਰਹੇ ਹਨ। ਮਹਾਂ ਸਿੰਘ ਸ਼ੁਕਰ ਨਾਲ ਭਰਿਆ, ਖੁਸ਼ੀ ਨਾਲ ਰੋਂਦਾ ਆ ਰਿਹਾ ਹੈ, ਬਿਹਬਲ ਹੋ ਚਰਨਾਂ ਤੇ ਢਹਿਂਦਾ ਹੈ ਤੇ ਉਸਦੇ ਸ਼ਰੀਰ ਤੋਂ ਮਾਨੋਂ ਅਵਾਜ਼ ਆਉਂਦੀ ਹੈ:-
'ਗਈ ਬਹੋੜੁ ਬੰਦੀ ਛੋੜੁ ਨਿਰੰਕਾਰੁ ਦੁਖਦਾਰੀ ॥'
ਪਰ ਉਸ ਕਦੀ ਨਾ ਛਾਣਨ ਵਾਲੇ ਬਖਸ਼ਿੰਦ ਬਿਰਦ ਨੇ, ਉਸ ਸੰਜੋਗੀ ਜੋੜਨ ਹਾਰ ਗੁਰੂ ਨੇ ਮਹਾਂ ਸਿੰਘ ਨੂੰ ਸੀਨੇ ਲਾਇਆ, ਛਾਤੀ ਲਾਇਆ, ਛਾਤੀ ਲਾਇਆ ਤੇ ਆਖਿਆ: ਓਇ ਆਪਾ ਵਾਰਨ ਵਾਲੇ