Back ArrowLogo
Info
Profile
ਅੱਖਾਂ ਵਿਚ ਚਕਾਚੂੰਧ ਛਾਉਂਦੀ ਹੈ। ਪਰ ਇਸ ਚਕਾਚੂੰਧ ਨਾਲ ਘਬਰਾ ਨਹੀਂ ਪੈਂਦਾ, ਸਰੂਰ ਆਉਂਦਾ ਹੈ। ਤਖ਼ਤ ਖਾਲੀ ਹੈ, ਪਰ ਇਸ ਦੇ ਪਿੱਛੇ ਕੁਛ ਅਤਿ ਦਮਕਦਾਰ, ਪਰ ਟਿਕਾਉਦਾਰ ਰੂਪ ਵਾਲੀਆਂ ਸੂਰਤਾ ਖੜੀਆਂ ਹਨ। ਜਦ ਕਮਰੇ ਵਿਚ ਅੱਗੇ ਪਿੱਛੇ ਤੱਕੋ ਤਾਂ ਸਾਰਾ ਭਰਪੂਰ ਹੈ, ਡਾਢੇ ਹੀ ਪਿਆਰੇ, ਪ੍ਰੇਮ ਵਾਲੇ, ਸਿੱਕਾਂ ਵਾਲੇ, ਸੱਧਰਾਂ ਵਾਲੇ, ਤਾਂਘਾਂ ਵਾਲੇ, ਲੋਚਾਂ ਵਾਲੇ ਸੱਜਣ ਜੁੜੇ ਬੈਠੇ ਹਨ ਸਾਰਿਆਂ ਦੇ ਸ਼ਰੀਰ ਅਤੀ ਸੂਖਮ ਪਰ ਦੋਧੀ ਝਾਲ ਵਾਲੇ ਚਾਨਣੇ ਦੇ ਬਣੇ ਹਨ। ਚਿਹਰੇ ਪ੍ਰੇਮ ਦਾ ਅਲਾਂਬਾ ਹਨ, ਪਰ ਅਲਾਂਬਾ ਸਰਦ ਚਾਂਦਨੀ ਦੇ ਚੰਦ ਵਾਗੂੰ ਅਡੋਲ ਤੇ ਸੀਤਲ ਹੈ। ਤਖ਼ਤ ਦੇ ਅੱਗੇ ਕੁਛ ਥਾਂ ਵਿਹਲੀ ਹੈ, ਜਿਥੇ ਇਕ ਨਿਰਮਲ ਨੀਲਗੂੰ ਝਾਲ ਦੀ ਚੌਂਕੀ ਉੱਤੇ ਆਰਤੀ ਦਾ ਸਮਿਆਨ ਧਰਿਆ ਹੈ। ਇਥੋਂ ਲੈਕੇ ਬਾਹਰਲੇ ਦਰਵਾਜ਼ੇ ਤਾਈਂ ਸਾਰੇ ਦਿੱਵ ਰੂਪੀਆਂ ਦੇ ਵਿਚਕਾਰ ਦੀ ਰਸਤਾ ਹੈ, ਹੁਣ ਸਾਰੇ ਪ੍ਰੇਮੀ ਅਦਬ ਨਾਲ ਖੜੇ ਦਿੱਸਣ ਲੱਗ ਪਏ। ਦਰਵਾਜ਼ੇ ਤੋਂ ਬਾਹਰ ਸੜਕ ਪਰ ਦੂਰ ਤੀਕ ਦੁਵੱਲੀ ਪ੍ਰਕਾਸ਼ ਸਰੂਪਾਂ, ਸੰਸਾਰ ਦੇ ਪ੍ਰਸਿੱਧ ਆਗੂਆਂ ਤੇ ਆਤਮ ਅਰੂੜ੍ਹਾਂ ਦੀ ਕਤਾਰ ਖੜੀ ਹੈ ਤੇ ਫੁੱਲਾਂ ਦੀ ਬਰਖਾ ਕਰਨੇ ਲਈ ਤਿਆਰ ਖੜੀ ਹੈ; ਮਾਲੂਮ ਹੁੰਦਾ ਹੈ ਕਿ ਕਿਸੇ ਦੀ ਉਡੀਕ ਲੱਗ ਰਹੀ ਹੈ।

ਹੁਣ ਇਕ ਤਿੱਖਾ ਲਿਸ਼ਕਾਰਾ ਵੱਜਾ, ਉੱਸੇ ਹੀਰੇ ਵਰਗੇ ਪਰ ਕੇਵਲ ਪ੍ਰਕਾਸ਼ ਦੇ ਬਣੇ ਤਖ਼ਤ ਪਰ ਇਕ ਮੋਹਨੀ ਮੂਰਤ ਬਿਰਾਜਮਾਨ ਹੈ। ਕਮਰੇ, ਤਖ਼ਤ ਦਿੱਵ ਸਰੂਪਾਂ ਸਭਨਾਂ ਦਾ ਰੂਪ ਪ੍ਰਕਾਸ਼ਦਾ ਸੀ, ਪਰੰਤੂ ਇਸ ‘ਮਨ ਹਰਨ ਮਨੋਹਰ' ਮੂਰਤੀ ਦੀ ਇਹ ਅਕਾਲ ਮੂਰਤੀ ਹੋਰ ਹੀ ਸੂਖਮ ਤੇ ਹੋਰ ਹੀ ਚਮਕੀਲੇ ਰੂਪ ਦੀ ਬਣੀ ਹੋਈ ਸੀ। ਆਪ ਤਖ਼ਤ ਪੁਰ ਬਿਰਾਜੇ ਧਿਆਨ ਮਗਨ ਹਨ, ਨੈਣ ਬੰਦ ਹਨ, ਪਦਮਾਸਨ ਬਿਰਾਜ ਰਹੇ ਹਨ, ਖੱਬੇ ਪਾਸੇ ਲੱਕ ਨਾਲ ਤਲਵਾਰ ਹੈ, ਜੋ ਮਿਆਨ ਵਿਚ ਬਿਰਾਜ ਰਹੀ ਹੈ, ਜਿਸ ਪੁਰ ਲਿਖਿਆ ਹੈ 'ਭਗਤ ਰੱਖਯਕ'। ਸੱਜੇ ਹੱਥ ਜ਼ਮੁੱਰਦਾਂ ਵਰਗੇ, ਪਰ ਅਤੀ ਉੱਚੀ ਆਬ ਤੇ ਡਾਢੇ ਨਿਰੋਲ ਪਾਣੀ ਵਾਲੇ ਕਿਸੇ ਡਾਢੇ ਸੁੱਚੇ ਰੰਗ ਵਾਲੇ ਰੇਸ਼ੇ ਤੋਂ ਸਾਫ ਪਾਰਦਰਸ਼ਕ ਪਦਾਰਥ ਦੀ ਸਿਮਰਨੀ ਹੈ, ਜਿਸ ਦੇ ਮਣਕੇ ਕਾਰੀਗਰ ਨੇ ਐਉਂ ਬਣਾਏ ਹਨ ਕਿ ਨਿੱਗਰ ਗੁਲਿਆਈ ਦੀਆਂ ਛੇਕਦਾਰ ਗੋਲੀਆਂ ਵਾਂਗੂੰ ਨਹੀਂ ਪਰ ‘ਵਾਹਿਗੁਰੂ' ਇਨ੍ਹਾਂ ਅੱਖਰਾਂ ਨੂੰ ਉੱਕਰ ਕੇ ਗੁਲਿਆਈ ਦੇ ਦਿੱਤੀ ਹੈ ਤੇ ਫੇਰ ਪ੍ਰੀਤ-ਤਾਰ ਵਿਚ ਪਰੋ ਦਿੱਤਾ ਹੈ। ਮੇਰੂ ਦੇ ਮਣਕੇ ਵਿਚ ਧਿਆਨ ਮੂਰਤੀ ਦਾ ਨਕਸ਼ਾ ਦਿੱਸਦਾ ਹੈ। ਇਹ ਸਿਮਰਨਾ ਸੱਜੇ ਹੱਥ ਵਿਚ ਦਮਕਦਾ ਰਸ ਭਰੀਆਂ ਕਿਰਨਾਂ ਛੱਡ ਰਿਹਾ ਹੈ ਪਿਛਲੇ ਪਾਸੇ ਖੜੇ ਕੁਈ ਡਾਢੇ ਪਿਆਰੇ ਚਵਰ ਕਰ ਰਹੇ ਹਨ ਤੇ ਬਾਕੀ ਦੇ ਖੜੇ ਸਾਰੇ ਗਰਦਨਾਂ ਨਿਵਾਈ ਹੱਥ ਜੋੜੇ, ‘ਜੀਉਰਵੀਂ ਖੁਸ਼ੀ', 'ਜਰਵੇਂ ਉਮਾਹ’, ਪੁੱਜ ਗਈ ਆਸ, ਪੁੱਜ ਗਈ ਸਿੱਕ, ਪੁੱਗ ਆਈ ਸੱਧਰ ਤੇ ਸਿਰੇ ਚੜ੍ਹੀ ਪ੍ਰੀਤ ਦੇ ਰਸ ਭਰੇ ਰੰਗ ਵਿਚ ਅਦਬ ਤੇ ਉੱਚੇ ਕਰਨ ਵਾਲੇ ਦਮਕਵੇਂ ਭੈ ਵਿਚ ਖੜੇ ਹਨ, ਕਿ ਇਸ ਤੋਂ ਉੱਚੇ ਮੰਡਲਾਂ ਥੀਂ ਇਕ ਸ਼ੁਅਲਾ ਆਇਆ ਅਰ ਪਈ ਪਈ ਆਰਤੀ ਆਪੇ ਜਗ ਉੱਠੀ, ਐਸੀ ਜਗੀ ਤੇ ਚਮਕੀ ਕਿ ਸੁਆਦ ਆ ਗਿਆ। ਹੁਣ ਇਕ ਹਵਾ ਦਾ ਫੱਰਾਟਾ ਆਇਆ ਮਲਿਆਗਰ ਤੋਂ ਮਿੱਠੀ, ਚੰਦਨ ਵਾਸ਼ਨਾ ਤੋਂ ਪਿਆਰੀ, ਚੰਬੇਲੀ ਵਾਸ਼ਨਾਂ ਤੋਂ ਸੁਹਾਵੀ ਵਾਸ਼ਨਾਂ ਭਰ ਗਈ ਅਰ ਇਲਾਹੀ ਨਾਦ ਸ਼ੁਰੂ ਹੋ ਗਿਆ। ਆਰਤੀ ਇਕ ਬਿਰਧ, ਪਰ ਨੂਰ ਦੇ ਬੁੱਕੇ ਸੱਜਣ ਦੇ ਹੱਥਾਂ ਵਿਚ ਹੈ, ਬੁੱਢਾ ਹੈ, ਹਾਂ, ਇਹ ਬਚਪਨ ਤੋਂ ਹੀ ਬੁੱਢਾ ਅਖਵਾਉਂਦਾ ਸੀ, ਪਰ ਪਿਆਰ ਦੇ ਰੰਗ ਜੁਆਨ ਹੈ, ਗੁਰਮੁਖ ਜੋ ਹੋਯਾ, ਨਾਉਂ ਦਾ ਬੁੱਢਾ ਹੈ ਉਂਞ ਬੁੱਢਾ ਕਦੇ ਨਹੀਂ, ਆਰਤੀ ਇਸਦੀ ਪ੍ਰੀਤ ਤਾਰ ਪ੍ਰੋਤੇ ਹੱਥਾਂ ਵਿਚ ਲਹਿਰੇ ਲੈ ਰਹੀ ਹੈ ਤੇ ਸਾਰੇ ਸੱਜਣਾਂ ਦੇ ਲੂੰਆਂ ਵਿਚੋਂ, ਰੋਮ ਰੋਮ ਵਿਚੋਂ, ਜੀ ਹਾਂ, ਗੁਰਮੁਖਾਂ ਦੇ ਲੂੰ ਲੂੰ ਵਿਚੋਂ ਨਾਦ ਉਠਿਆ, ਤੇ ਇਹ ਸੰਗੀਤ ਅਤੀ ਮਧੁਰ, ਅਤਿ ਪਿਆਰੀ, ਡਾਢੀ ਹੀ ਰਸ ਭਿੰਨੀ ਸੁਰ ਵਿਚ ਹੋਇਆ:-

ਤਤੁ ਤੇਲੁ ਨਾਮੁ ਕੀਆ ਬਾਤੀ ਦੀਪਕੁ ਦੇਹ ਉਜਾਰਾ ॥ ਜੋਤਿ ਲਾਇ ਜਗਦੀਸ ਜਗਾਇਆ ਬੂਝੈ ਬੂਝਨਹਾਰਾ ॥ ਪੰਚੇ ਸਬਦ ਅਨਾਹਦ ਬਾਜੇ ਸੰਗੇ ਸਾਰਿੰਗਪਾਨੀ ॥ ਕਬੀਰ ਦਾਸ ਤੇਰੀ ਆਰਤੀ ਕੀਨੀ ਨਿਰੰਕਾਰ ਨਿਰਬਾਨੀ ॥

14 / 25
Previous
Next