ਇਸ ਵੇਲੇ ਇਕ ਹੋਰ ਅਚਰਜ ਗੱਲ ਨਜ਼ਰੇ ਪਈ ਕਿ ਸਤਿਗੁਰ ਦੇ ਕੰਨਾਂ ਦੇ ਲਾਗ ਤੇ ਅੱਖਾਂ ਦੇ ਅਗੇ ਇਕ ਨਿਕੇ ਹੀਰੇ ਵਰਗੇ ਗੋਲ ਗੋਲ ਮਣਕੇ ਆਪੂੰ ਲਟਕ ਰਹੇ ਸੇ, ਕੰਨਾਂ ਹੇਠ ਲਟਕ ਰਹੇ ਗੋਲਿਆਂ ਦੇ ਹੇਠਾਂ ਇਕ ਤੇਜ ਦੀ ਤਾਰ ਸੀ ਜੋ ਥੱਲੇ ਜਾ ਕੇ ਸੰਸਾਰ ਦੇ ਜਾਨਦਾਰ ਦਿਲਾਂ ਨਾਲ ਲੱਗੀ ਸੀ, ਇਸੇ ਤਰ੍ਹਾਂ ਅੱਖਾਂ ਅਗੇ ਗੋਲਿਆਂ ਦੇ ਹੇਠਾਂ ਤੇਜ ਦੀ ਤਾਰ ਸੀ ਜੋ ਥੱਲੇ ਬ੍ਰਹਮੰਡ ਵਿਚ ਜਾ ਕੇ ਹਰ ਜਾਨਦਾਰ ਦਿਲ ਨਾਲ ਲੱਗੀ ਸੀ। ਪਹਿਲੇ ਨਾਲ ਹਰ ਪ੍ਰਾਣੀ ਦੇ ਦਿਲ ਦੀ ਅਰਜ਼ੋਈ ਤੇ ਹਰ ਪ੍ਰਾਣੀ ਦੀ ਇੱਛਾ ਭਾਵ ਸਤਿਗੁਰ ਦੇ ਸ੍ਰਵਣੀ ਪਹੁੰਚਦੀ ਸੀ ਅਤੇ ਦੂਜੇ ਨਾਲ ਸਤਿਗੁਰ ਦੇ ਨੈਣੀਂ ਹਰ ਪਰਮੇਸ਼ਰ ਦਾ ਪਿਆਰਾ ਜਦ ਆਪਣੇ ਆਪਣੇ ਲੋਕ ਵਿਚ ਟਿਕਦਾ ਸੀ, ਤਾਂ ਇਸੇ ਗੋਲੇ ਵਿਚ ਉਸ ਦੀ ਸੁਰਤਿ ਆ ਪਹੁੰਚਦੀ ਸੀ ਤੇ ਦਿੱਸਦੀ ਸੀ, ਸਤਿਗੁਰ ਦੇ ਦਰਸ਼ਨ ਪਾਉਂਦੀ ਸੀ ਅਰ ਸਤਿਗੁਰ ਉਸ ਨੂੰ ਦੇਖ ਲੈਂਦਾ ਸੀ, ਇਥੋਂ ਤਾਈਂ ਕਿ ਜਿਹੜੇ ਲੋਕ ਆਪਣੇ ਆਪਣੇ ਨਵੀਨ ਪੁਰਾਤਨ ਮਤਾਂ ਅਨੁਸਾਰ ਯਾ ਆਪਣੇ ਆਪਣੇ ਪੀਰਾਂ, ਪੈਗ਼ੰਬਰਾਂ, ਅਵਤਾਰਾਂ ਯਾ ਉੱਚਿਆਂ ਦਾ ਧਿਆਨ ਧਰਦੇ ਅਰੂਪ ਸਰੂਪ ਸਰੂਪੀ ਦਾਤਾਂ ਦੇ ਦਰਸ਼ਨ ਦੇ ਦਰਜੇ ਤੇ ਆਉਂਦੇ ਸੇ, ਤਾਂ ਸਭ ਨੂੰ ਏਥੇ ਆ ਕੇ ਇਹੋ ਕਲਗ਼ੀਆਂ ਵਾਲੇ ਦਾ ਦਰਸ਼ਨ ਹੁੰਦਾ ਸੀ, ਜੋ ਗੁਰੂ ਨਾਨਕ ਤੋਂ ਦਸ ਰੂਪ ਧਾਰ ਫੇਰ ਇੱਕੋ ਜੋਤਿ, ਇੱਕੋ ਰੂਪ ਸੀ, ਜਿਨ੍ਹਾਂ ਦਾ ਉਹ ਧਿਆਨ ਧਰਦੇ ਸੇ। ਪਰ ਹੁਣ ਓਹ ਸਾਰੇ ਅਵਤਾਰ ਆਦਿ ਇਸਦੇ ਹੁਕਮ ਵਿਚ ਇਸ ਨਾਲ ਅਭੇਦ ਸੰਸਾਰ ਦੇ ਪ੍ਰਬੰਧ ਵਿਚ ਉਨ੍ਹਾਂ ਕੰਮਾਂ ਲਈ ਤਿਆਰ ਸੇ ਜੋ ਇਸ 'ਸਤਿਗੁਰ-ਜਯੋਤੀ' ਨੇ ਸਪੁਰਦ ਕਰਨੇ ਹਨ।
ਫੇਰ ਕੀ ਨਜ਼ਰੀ ਪਿਆ ਕਿ 'ਅਰਸ਼ੀ ਪ੍ਰੀਤਮ ਜੀ’ ਹੁਕਮ ਦੇ ਰਹੇ ਹਨ ਅਰ ਸਭ ਪ੍ਰੀਤਾਂ ਦੇ ਪੁਤਲੇ ਤੇ ਅਦਬਾਂ ਦੇ ਨੂਰੀ ਬੰਦੇ ਸਤਿ ਬਚਨ ਕਹਿਕੇ ਟੁਰ ਰਹੇ ਹਨ। ਸਾਰੇ ਬ੍ਰਹਿਮੰਡ ਦੇ ਹਰ ਜਾਨਦਾਰ ਤਬਕੇ ਵਿਚ ਖੰਡਾਂ, ਮੰਡਲਾਂ, ਵਰਭੰਡਾਂ, ਅਨੰਤ ਲੋਕਾਂ, ਗ੍ਰਹਿ, ਧਰਤੀਆਂ ਵੱਲ ਨੂੰ ਅੱਡ ਅੱਡ ਲੋਕ ਮੁਕੱਰਰ ਕੀਤੇ ਜਾਕੇ ਘੱਲੇ ਜਾ ਰਹੇ ਹਨ। ਉਹ ਅਨੰਦ ਪੁਰ ਦੇ ਕਿਲ੍ਹੇ ਵਿਚ ਬੈਠ ਕੇ ਹਮਾਤੜ ਖ਼ਾਕੀ ਬੰਦਿਆਂ ਅਗੇ ਸਮਝੌਤੀਆਂ ਸੱਟਣ ਵਾਲੇ ਚੋਜੀ - ਜੋ ਤ੍ਰੈ ਦਿਨ ਸਮਝਾਉਂਦੇ ਰਹੇ ਕਿ ਇਕ ਅੱਠ ਦਿਨ ਹੋਰ ਦੁਖ ਭੁੱਖ ਝੱਲੋ, ਅੱਠ ਦਿਨ ਕਿਹਾ ਮੰਨੋ; ਤੁਹਾਡੀ ਫਤਹ ਹੋਵੇਗੀ, ਅੱਠ ਦਿਨ ਹੋਰ ਕਸ਼ਟ ਪਾਓ - ਸਾਨੂੰ ਕੀ ਪਤਾ ਸੀ ਕਿ ਆਪ ਮਾਲਕ ਹਨ? ਹਾਂ, ਸਾਨੂੰ ਕੀ ਪਤਾ ਸੀ ਕਿ ਇਹ ਅਰਸ਼ਾਂ ਦਾ ਮਾਲਕ, ਦੇਵ ਅਦੇਵ ਗੁਪਤ ਪ੍ਰਗਟ ਲੋਕਾਂ ਦਾ ਹਾਕਮ ਹੈ, ਇਸਦੇ ਨੇਤਰ ਫੋਰੇ ਵਿਚ ਹਰਨ ਭਰਨ ਹੈ, ਇਹ ਅੱਖ ਚਮਕਾਰੇ ਵਿਚ ਫਨਾਹ ਭੀ ਕਰ ਸਕਦਾ ਹੈ, ਇਹ ਸਾਨੂੰ ਕੋਈ ਸਬਕ ਪੜ੍ਹਾ ਰਿਹਾ ਹੈ ਜੋ ਅਤਿ ਕਸ਼ਟਣੀ ਵਿਚ ਹੀ ਬੰਦੇ (ਖ਼ਾਕੀ ਬੰਦੇ) ਸਿੱਖ ਸਕਦੇ ਹਨ। ਅਸੀਂ ਜਾਤਾ ਸੀ ਇਹ ਮਨੁੱਖ ਹੈ, ਬੇਵਸ ਹੈ, ਬਿਪਤ ਅਧੀਨ ਹੈ, ਅਰ ਸਾਨੂੰ ਭੁੱਲ ਨਾਲ ਮਰਵਾਉਂਦਾ ਹੈ। ਅੱਜ ਵੇਖੋ ਉਸ ਵੇਲੇ ਦੇ ਦਾਨਿਓ, ਅਕਲਾਂ ਵਾਲਿਓ, ਤਦਬੀਰਾਂ, ਵਿਉਂਤਾਂ, ਜੁਗਤਾਂ ਦੂਰ ਅੰਦੇਸ਼ੀਆਂ ਤੇ ਟੇਕਾਂ ਧਰਨ ਵਾਲਿਓ! ਅੱਜ ਤੱਕੋ ਕਿ ਜਿਸ ਨੂੰ ਤੁਸੀਂ ਭੁੱਲ ਤੇ ਮੰਨਕੇ ਆਪਣੇ ਵਰਗਾ ਮਨੁੱਖ ਸਮਝਦੇ ਸਾਓ, ਉਹ ਓਦੋਂ ਖ਼ਾਕੀ ਗੋਦੜੀ ਵਿਚ ਬੈਠਾ ਕਿਸ ਉੱਚੀ ਖਾਣ ਦਾ ਲਾਲ ਸੀ।