ਹੇ ਸ੍ਰਿਸ਼ਟੀ! ਅੱਜ ਤੱਕ, ਅੱਜ ਪ੍ਰੇਮੀਆਂ, ਵੈਰਿਆਂ ਸਭ ਨੂੰ ਸੱਦੋ ਜੋ ਪਿਆਰੇ ਦਾ ਅਸਲ ਭੇਦ ਵੇਖਣ ਤੇ ਪਛਾਣਨ। ਓ ਮੂਰਖ ਭੀਮ ਚੰਦ ! ਦੇਖ ਤੂੰ ਕਿਸਨੂੰ ਮਾਰਨ ਦੇ ਫਿਕਰ ਵਿਚ ਸੈਂ? ਓ ਵਜ਼ੀਰ ਖਾਂ! ਆ ਵੇਖ ਜਿਸ ਦੇ ਲਾਲ ਕੋਂਹਦਾ ਸੈਂ, ਉਹ ਕੌਣ ਹੈ? ਹਾਂ ਆ ਔਰੰਗਜ਼ੇਬ ! ਦੇਖ ਜਿਸਦੇ ਦਲਨ ਨੂੰ ਤੂੰ ਦਲਾਂ ਦੇ ਦਲ ਘੱਲਦਾ ਸੈਂ, ਅਜ ਆਪਣੇ ਨੀਵੇਂ ਟਿਕਾਣੇ ਥੀਂ ਤੱਕ ਕਿ ਜਿਸ ਨਾਲ ਤੂੰ ਜੰਗ ਮਚਾਉਂਦਾ ਸੈਂ ਅਸਲ ਵਿਚ ਕੌਣ ਸੀ? ਬਲਿਹਾਰ ਇਸ ਉੱਚੇ ਦਰਸ਼ਨ ਦੇ ! ਦੇਖੋ, ਇਸ ਵੇਲੇ ਸਤਿਗੁਰ ਦੇ ਕਲੇਜੇ ਨੁੰ ਤੱਕੋ ਜੋ ਨੂਰੀ ਚੋਲੇ ਵਿਚੋਂ ਮਿੱਠੀ ਧਾਪ ਨਾਲ ਧੜਕ ਰਿਹਾ ਹੈ, ਉਥੇ ਕਿਸੇ ਨਾਲ ਵੈਰ ਨਹੀਂ ਵੱਸਦਾ, ਸਭ ਨਾਲ ਇਕ ਨਜ਼ਰ ਪਿਆਰ ਹੈ। ਬਲਿਹਾਰ ਇਸ ਪ੍ਰੇਮ ਮੂਰਤੀ ਦੇ, ਤਦੇ ਕੂਕ ਕੂਕ ਕੇ ਸਾਡੇ ਵਿਚ ਵਸਦਾ ਸਾਨੂੰ ਆਖਦਾ ਹੁੰਦਾ ਸੀ:-
ਸਾਚ ਕਹੋਂ ਸੁਨ ਲੇਹੁ ਸਭੈ ਜਿਨ ਪ੍ਰੇਮ ਕੀਓ ਤਿਨਹੀ ਪ੍ਰਭ ਪਾਇਓ॥
ਹੁਣ ਤਕ ਸਾਰੇ ਬ੍ਰਹਮੰਡ ਦੀ ਸੰਭਾਲ ਹੋ ਚੁਕੀ ਸੀ, ਹਰ ਥਾਂ ਦੇਹਾਂ ਧਾਰਕੇ ਕੰਮ ਕਰਨ ਲਈ ਬੰਦੇ ਟੁਰ ਚੁਕੇ ਸੇ। ਸਾਡੀ ਧਰਤੀ ਤੋਂ ਜੋ ਬੰਦੇ ਬੁਲਾਏ ਗਏ ਸੇ ਓਹਨਾਂ ਨੂੰ ਹੁਕਮ ਹੋਇਆ ਕਿ ਤੁਸਾਂ ਸ਼ਹੀਦੀਆਂ ਪਾਉਣੀਆਂ ਹਨ, ਮੈਨੂੰ ਅੰਗ ਸੰਗ ਜਾਣਕੇ ਮੇਰੇ ਟੋਰੇ ਕੰਮ ਕਰਨੇ ਹਨ, ਸੰਸਾਰ ਦੀਆਂ ਪੀੜਾਂ ਹਰਨ ਲਈ ਢਾਲ ਰੂਪੀ ਧਰਮ ਦੇ ਜੁੱਧ ਮਚਾਉਣੇ ਹਨ। ਮੇਰੇ ਸੱਚ, ਨੇਕੀ, ਪਿਆਰ, ਦਮਬਦਮ ਸਿਮਰਨ ਵਾਲੇ ਅਸੂਲਾਂ ਨੂੰ ਧਾਰਨ ਕਰਕੇ ਧਰਾ ਦਾ ਭਾਰ ਹਰਨਾ ਹੈ ਤੇ ਹਰ ਕੰਮ, ਹਰ ਸੇਵਾ, ਹਰ ਕੁਰਬਾਨੀ, ਹਰ ਉਪਕਾਰ, ਹਰ ਆਪਾਵਾਰਨ ਦੇ ਕੰਮ ਮੈਨੂੰ ਤੱਕ ਕੇ ਮੈਨੂੰ ਰਿਝਾਵਣ ਲਈ ਮੈਨੂੰ ਸਮਰਪਣ ਕਰਨੇ ਹਨ। ਜਦ ਤੱਕ ਮੈਨੂੰ ਆਦਰਸ਼ ਰੱਖੋਗੇ, ਗੁਰਮੁਖ ਰਹੋਗੇ, ਮੈਂ ਤੁਹਾਡੇ ਵਿੱਚ ਹਾਂ, ਵਿੱਚ ਹੋਵਾਂਗਾ।
ਇਹ ਹੁਕਮ ਦੇਕੇ ਏਹ ਲੋਕ ਹੁਣ ਮੋੜੇ ਗਏ, ਆਪ ਏਹ ਲੋਕ ਇਸ ਦੇਸ਼ ਆਉਣੋਂ ਜਾਣੇਂ ਪੂਰੇ ਵਾਕਫ ਨਹੀਂ ਸੇ, ਇਸ ਕਰਕੇ ਦੇਵਗਣਾਂ ਨੇ ਜਾ ਕੇ ਇਨ੍ਹਾਂ ਨੂੰ ਸਰੀਰਾਂ ਵਿੱਚ ਪੁਚਾ ਦਿਤਾ।
ਹੁਣ ਕਈ ਸ਼ਹੀਦ ਬੁਲਾਏ ਗਏ ਜੋ ਕਾਮਨਾ ਕਰ ਸ਼ਹੀਦ ਹੋਏ ਸੇ, ਓਹਨਾਂ ਨੂੰ ਹੁਕਮ ਹੋਇਆ ਕਿ ਘਾਲ ਪਰਵਾਨ ਹੈ, ਪਰ ਫੇਰ ਜਾਓ, ਐਤਕੀਂ ਨਿਸ਼ਕਾਮ ਸੇਵਾ ਕਰੋ ਤੇ ਵਾਹਿਗੁਰੂ ਪਿਆਰ ਵਿਚ ਸਰੀਰ ਲਾਓ, ਫੇਰ ਨਿਸ਼ਕਾਮ ਹੋ ਕੇ ਆਓ ਤਾਂ ਅਕਾਲੀ ਬੇੜੇ ਵਿਚ ਵਾਸਾ ਦਿਆਂਗਾ। ਏਹਨਾਂ ਨੂੰ ਤ੍ਰੀਕਾਂ ਵਾਰ ਬੀ ਦੱਸੇ ਗਏ ਕਿ ਅਮੁਕੇ ਵੇਲੇ ਤੁਸਾਂ ਅਮੁਕੇ ਗ੍ਰਿਹ ਜਨਮ ਪਾ ਕੇ ਮੇਰੇ ਸ਼ੁਰੂ ਕੀਤੇ ਕੰਮ ਨੂੰ ਜਾਕੇ ਕਰਨਾ ਹੈ, ਤਦ ਤਕ ਇਨ੍ਹਾ ਦੇ ਵੱਸਣ ਲਈ ਸੁਹਣੇ ਟਿਕਾਣੇ ਤੇ ਉੱਚੇ ਸੁਖ ਦਿੱਤੇ ਗਏ।
ਜਦ ਇਹ ਸੰਭਾਲ ਹੋ ਚੁੱਕੀ ਤਾਂ ਹੁਣ ਆਪਣੇ ਨਾਲ ਰਹਿਣ ਵਾਲੇ ਅਕਾਲੀ ਬੇੜੇ ਦਾ ਹਿੱਸਾ ਭਰਤੀ ਕੀਤਾ। ਇਸ ਦੀ ਵਿਉਂਤ ਇਹ ਸੀ:- ਸੱਚੇ ਪਾਤਸ਼ਾਹ ਸਤਿਗੁਰ ਦੀ ਜੋਤ ਸਭ ਪੁਰ ਉੱਚੀ ਸੀ, ਏਹਨਾਂ ਦੇ ਤਾਬੇ ਚਾਰ ਕੁੰਟ ਦੇ ਚਾਰ ਮਹਾਂ ਬਲੀ ਥਾਪੇ ਗਏ। ਓਹਨਾਂ ਦੇ ਹੇਠਾਂ ਹਰ ਲੋਕ ਦਾ ਇਕ ਇਕ ਜ਼ਿੰਮੇਵਾਰ ਅਧਿਪਤੀ ਥਾਪਿਆ ਗਿਆ। ਓਹਨਾਂ ਦੇ ਹੇਠਾਂ ਹਰ ਹਰ ਲੋਕ ਦੇਸ਼ ਦਾ ਜ਼ਿੰਮੇਵਾਰ ਥਾਪਿਆ ਗਿਆ। ਇਸ ਦੇਸ਼ ਦੇ ਜ਼ਿੰਮੇਵਾਰ ਦੇ ਹੇਠਾਂ ਹੋਰ ਨਿੱਕੀ ਵੰਡ ਕੀਤੀ ਗਈ, ਕਈ ਲੋਕਾਂ ਲਈ ਦਸ ਦਸ ਪੰਜ ਪੰਜ ਪਿਆਰਿਆਂ ਦਾ ਟੋਲਾ ਇਸ ਦੇ ਹੇਠਾਂ ਸਥਾਪਨ ਹੋਇਆ। ਇਹ ਟੋਲਾ ਧਰਤੀਆਂ ਪਰ ਸਰੀਰਾਂ ਵਿਚ ਵਸਦੇ ਲੋਕਾਂ ਦਾ ਧਿਆਨ