ਇਥੋਂ ਏਕਤਾ ਦਾ ਦੇਸ਼ ਅਰੰਭ ਹੁੰਦਾ ਹੈ ਤੇ ਜੋ ਕੁਛ ਏਥੇ ਦੀਹਦਾ ਹੈ ਇਕ ਇਸੇ ਪਰਮਤੱਤ ਦਾ ਬਣਿਆ ਹੋਇਆ ਹੈ, ਰੂਪਧਾਰੀ ਨਾਨੱਤਵ ਕਰਕੇ ਨਹੀਂ ਬਣਿਆ ਕੇਵਲ ਇਕ ਥਰਾਟ' ਇਸ ਇਕੋ ਤੱਤ ਵਿਚੋਂ ਨਾਨਾ ਤਰ੍ਹਾਂ ਦੇ ਰੂਪ ਦਰਸਾ ਰਹੀ ਹੈ ਤੇ ਜੋ ਕੁਛ ਦਰਸਾ ਰਹੀ ਹੈ, ਉਹ ਸਥੂਲ ਨਹੀਂ, ਕਿਉਂਕਿ ਜੇ ਕੰਧਾਂ ਨੂੰ ਹੱਥ ਲਾਓ ਤਾਂ ਹੱਥ ਵਿਚ ਕੁਛ ਨਹੀਂ ਆਉਂਦਾ, ਜੀਕੂੰ ਚਾਨਣਾ ਦੀਹਦਾ ਹੈ, ਪਰ ਹੱਥ ਨਾਲ ਛੁਹਿਆਂ ਸਪਰਸ਼ ਕੁਛ ਨਹੀਂ ਹੁੰਦਾ। ਫੇਰ ਇਹ ਜੋ ਕੁਛ ਦਿੱਸ ਰਿਹਾ ਹੈ ਸੋ ਨਜ਼ਰ ਪਰ ਸੁਹਾਉਣਾ, ਅਤਿ ਪਿਆਰਾ, ਅਤਿ ਚੰਗਾ ਲੱਗਣ ਵਾਲਾ ਅਸਰ ਪਾਉਂਦਾ ਹੈ। ਅਕੇਵਾਂ, ਥਕੇਵਾਂ, ਰਜੇਵਾਂ ਇਸਦੇ ਕਿਸੇ ਪਦਾਰਥ ਵਿਚ ਨਹੀਂ। ਠੰਢ, ਸੁਹਾਉ, ਮਗਨਤਾ, ਸੁਆਦ, ਰਸ ਆਪ ਤੋਂ ਆਪ ਸ਼ਰੀਰਾਂ ਦੇ ਅੰਦਰ ਬਾਹਰ ਫਿਰ ਰਿਹਾ ਹੈ। ਮਲੂਮ ਹੁੰਦਾ ਹੈ ਕਿ ਅਸ਼ਰੀਰੀ ਛਬੀ ਤੇ ਰੂਪ ਰਹਿਤ ਰਸ ਇਥੋਂ ਦਾ ਅਸਲੀ ਭੋਜਨ ਹੈ, ਜੋ ਬਿਨ ਤਰੱਦਦ ਬਿਨ ਚਿੰਤ, ਬਿਨ ਮਿਹਨਤ ਆਪ ਤੋਂ ਆਪ ਸੁਭਾਵ ਵਾਂਗੂੰ ਇਥੇ ਮੌਜੂਦ ਹੈ ਅਰ ਵਾਸੀਆਂ ਦੇ ਅੰਦਰ ਬਾਹਰ ਆਪੇ ਫਿਰਦਾ ਹੈ, ਜੀਕੂੰ ਸਾਡੇ ਲੋਕ ਵਿਚ ਪੌਣ ਆਪੇ ਸੁਆਸ ਨਾਲ ਅੰਦਰ ਬਾਹਰ ਆਉਂਦੀ ਜਾਂਦੀ ਰਹਿਦੀਂ ਹੈ। ਐਉਂ ਇਹ ਅਰੂਪ ਤੇ ਅਸ਼ਰੀਰੀ ਛਬੀ ਇਨ੍ਹਾਂ ਨੂਰੀ ਰੂਪਾਂ ਵਿਚ ਫਿਰਦੀ ਟੁਰਦੀ ਤੇ ਇਹਨਾਂ ਦੀਆਂ ਅਕਾਲ ਮੂਰਤੀਆਂ ਦੀ ਪਾਲਨਾ ਕਰਦੀ ਹੈ। ਇਸ ਕਰਕੇ ਇਥੇ ਸਾਡੇ ਵਰਗੀ ਕਰੁੱਝਵੀਂ ‘ਮੇਰੀ’ ਹੈ ਨਹੀਂ। ਸਾਰੇ ਸੁਤੰਤ੍ਰ ਆਪਣੇ ਆਪ ਵਿਚ ਪੂਰਨ ਤੇ ਬੇਮੁਹਤਾਜ ਹਨ। ਇਥੇ ਲੋੜ ਨਹੀਂ ਇਥੇ ‘ਮੇਰੀ' ਦਾ ਵਿਖੇਵੇਂ ਵਾਲਾ ਸੰਕਲਪ ਹੋ ਹੀ ਨਹੀਂ ਸਕਦਾ। ਸਾਰੇ ਅਨੰਦ ਰਸ ਵਿਚ ਮਗਨ, ਪਿਆਰਾਂ ਦੀ ਲਪਟ ਵਿਚ, ਸਦਾ ਚੌਂਪ ਭਰੀ ਬੇਪਰਵਾਹੀ ਵਿਚ, ਪਰ ਸ਼ਾਂਤ, ਭਗਤੀ, ਪ੍ਰੇਮ ਦੇ ਰੰਗ ਵਿਚ ਕਿਸੇ ਉਚੇ ਦੇ ਇਸ਼ਕ ਵਿਚ ਉਸ ਦੇ 'ਧਿਆਨ ਤਾਰ ਪ੍ਰੋਤੇ' ਵਿਚਰ ਰਹੇ ਹਨ।
ਐਸੇ ਪਿਆਰੇ ਸੁੰਦਰ ਦੇਸ਼ ਦੇ ਉਸ ਨੂਰੀ ਸਥਾਨ ਵਿਚ ਤੱਕਿਆਂ, ਹਾਂ ਜੀ, ਨੀਝ ਲਾਕੇ ਤੱਕਿਆਂ, ਕਲੇਜੇ ਹੱਥ ਧਰਕੇ ਤੱਕਿਆਂ, ਪਿਆਰ ਭਰੇ ਭੈ ਨਾਲ, ਸ਼ਧਾ ਭਰੇ ਅਦਬ ਨਾਲ, ਪ੍ਰੇਮ ਭਰੇ ਸਤਿਕਾਰ ਨਾਲ ਤੱਕਿਆਂ, ਇਕ ਬਿਜਲੀ ਦੀ ਚਮਕ ਵਾਂਗ ਜਦੋਂ ਉਹ ਧੁੱਪ ਵਿਚ ਚਮਕਾਰਾ ਮਾਰੇ ਤਿਵੇਂ ਦਾ ਉਸ ਚਮਕਾਰ ਵਿਚ ਇਕ ਚਮਕਾਰਾ ਵੱਜਾ, ਅੱਖਾਂ ਚਕਾਚੂੰਧ ਹੋ ਗਈਆਂ। ਦੂਸਰੀ ਖਿਨ ਕੀ ਦੇਖਦੇ ਹਾਂਕਿ ਤਖਤ ਦੀ ਛਬੀ ਹੋਰ ਵਧ ਗਈ ਹੈ, ਉਸ ਉਪਰ ਓਹ ਬਿਰਾਜਮਾਨ ਹਨ, ਜੋ ਸਾਡੇ ਦੇਸ਼ ਵਿਚ ਕਲਗ਼ੀਆਂ ਵਾਲੇ ਕਹਿਲਾਉਂਦੇ ਸਨ। ਓਹ ਗ੍ਰੀਬਾਂ ਦੇ ਬੇਲੀ, ਅਨਾਥਾਂ ਦੇ ਮੇਲੀ, ਦੁਖੀਆਂ ਦੇ ਦਰਦੀ, ਮਨੁਖਾਂ ਦੇ ਮਨੁਖ, ਗ੍ਰੀਬੀ ਫਕੀਰੀ, ਉਪਕਾਰ, ਅਮੀਰੀ ਵਿਚ ਆਪਾ ਵਾਰਦੇ ਮਨੁੱਖ ਨਾਟ ਕਰੀ ਫਿਰਦੇ ਸੇ, ਹੁਣ ਆਕੇ ਬਿਰਾਜਮਾਨ ਹੋ ਗਏ ਹਨ। ਤੱਕੋ ਉਹ ਸ਼ਰੀਰ ਜਿਸਨੂੰ ਤੀਰਾਂ ਦੀਆਂ ਨੋਕਾਂ ਕਈ ਵੇਰ ਚੁਭ ਗਈਆਂ, ਅਜ ਨਿਰੇ ਨੂਰ ਦਾ ਨਜ਼ਰ ਆ ਰਿਹਾ ਹੈ, ਜਿਸ ਨੂੰ ਸ਼ਸਤ੍ਰ ਘਾ ਨਹੀਂ ਕਰ ਸਕਦੇ। ਉਹ ਜਾਮਾ ਜੋ ਗ੍ਰੀਬ ਮੇਢਿਆਂ ਦੀ ਉੱਨ ਤੇ ਨਿਮਾਣੀਆਂ ਸਿੱਕ ਭਰੀਆਂ ਦੇਵੀਆਂ ਤਿਆਰ ਕਰਕੇ ਆਪ ਨੂੰ ਪਹਿਨਾਇਆ ਕਰਦੀਆਂ ਸਨ, ਅੱਜ ਨਿਰੇ ਚਾਨਣੇ ਦਾ ਹੈ। ਉਹ ਕਲਗ਼ੀ ਜੋ ਸਾਨੂੰ ਸੋਨੇ ਦੀ ਹੀਰਿਆਂ ਜੜੇ ਤੇ ਨਗੀਨਿਆਂ ਸਜੇ ਗਹਿਣੇ ਉੱਪਰ ਖੰਭਾਂ ਦੀ ਹੋ ਦਿੱਸਿਆ ਕਰਦੀ ਸੀ, ਅੱਜ ਅਣਗਿਣਤ ਤਾਰਾਂ ਦੀ ਹੈ * (* ਸੋਲਹ ਕਲਾ ਸੰਪੂਰਨ ਫਲਿਆ॥ ਅਨਤ ਕਲਾ ਹੋਇ ਠਾਕੁਰੁ ਚੜਿਆ//), ਤੇ ਹਰ ਤਾਰ ਇਕ ਚਮਕਾਰਾ ਹੈ, ਤੇ ਹਰ ਚਮਕਾਰੇ ਵਿਚ ਉਹ ਰੰਗ ਹੈ, ਜਿਸਨੂੰ ਅਸੀਂ ਗੁਣ ਜਾਂ ਸ਼ਕਤੀ ਆਖਦੇ ਹਾਂ। ਸਾਰੀਆਂ