ਮੋਹੀ ਦੇਖਿ ਦਰਸੁ ਨਾਨਕ ਬਲਿਹਾਰੀਆ।
ਉਥੇ ਵਰਤੇ ਕੌਤਕ ਜੇ ਆਪਣੀ ਬੋਲੀ ਵਿਚ ਵਰਣਨ ਕਰੀਏ ਤਾਂ ਕੁਛ ਇਉਂ ਦਾ ਵਰਣਨ ਹੋ ਸਕਦਾ ਹੈ:- ਆਪ ਸਾਹਿਬ ਅਪਣੇ ਤੇਜ ਵਿਚ ਲਸ ਰਹੇ ਸਨ ਕਿ ਮਾਤਾ ਗੁਜਰੀ ਜੀ ਆਏ। ਸਾਹਿਬਾਂ ਉਠਕੇ ਸੀਸ ਝੁਕਾਇਆ ਜੋ ਮਾਤਾ ਨੇ ਗਲੇ ਲਾਕੇ ਐਸਾ ਘੁੱਟਿਆ ਕਿ ਜਿਵੇਂ ਏਥੇ ਕੋਈ ਮਾਤਾ ਆਪਣੇ ਵਿਛੁੜੇ ਪੁਤ੍ਰ ਨੂੰ ਗਲੇ ਲਾਕੇ ਪੁੱਤ੍ਰ ਪ੍ਰੇਮ ਵਿਚ ਮਗਨ ਹੀ ਹੋ ਜਾਏ। ਫਿਰ ਨੈਣ ਖੁੱਲ੍ਹੇ। ਸਾਹਿਬ ਬੋਲੇ: ਮਾਤਾ ਜੀ, ਬੜੇ ਕਸ਼ਟ ਝੱਲੇ, ਬੜੇ ਖੇਦ ਸਹੇ, ਪਰ ਦੇਖੋ ਜਗਤ ਸੁਖੀ ਹੋਇਆ ਹੈ। ਤੁਸਾਡੀਆਂ ‘ਦੁਖ-ਝੱਲਣੀਆਂ' ਨੇ ਜਗਤ ਸੁਖੀ ਕੀਤਾ ਹੈ। ਹੁਣ ਤੱਕ ਲਓ ਓਹ ਸਭ ਕੁਛ ਕਾਲ ਵਿਚ ਸੀ, ਕਾਲ- ਦੁਖ ਦਾ ਕਾਲ - ਲੰਘ ਗਿਆ। ਹੁਣ ਆਪਾਂ ਸਾਰੇ ਮਿਲੇ ਹਾਂ, ਸੁਖੀ ਹਾਂ। ਲਾਡਲੇ ਪੋਤੇ ਦੇਖ ਲਓ ਕਿਞ ਸਹੀ ਸਲਾਮਤ ਜਗਮਗ ਕਰ ਰਹੇ ਹਨ। ਮਾਤਾ ਜੀ ਠੰਢਾ ਸਾਹ, ਹਾਂ ਸਹੂਲਤ ਵਾਲਾ ਸਾਹ ਲੈਕੇ ਮੁਸਕ੍ਰਾਏ ਤੇ ਬੋਲੇ:- ਅਰਸ਼ੀ ਪੁੱਤ੍ਰਾ ਤੇਰੀ ਗਤਿ ਮਿਤਿ ਤੂੰਹੋਂ ਜਾਣਦਾ ਹੈਂ।
ਮਾਤਾ ਜੀ ਨੂੰ ਪ੍ਰਸੰਨ ਕਰਕੇ ਅਰਸ਼ੀ ਪ੍ਰੀਤਮ ਜੀ ਆਪੇ ਵਿਚ ਆਪ ਮਾਏ ਚਮਕਾਂ ਦਮਕਾਂ ਵਿਚ ਲਸ ਰਹੇ ਹਨ, ਚਰਨਾਂ ਪਰ ਸ੍ਰੀ ਜੀਤੋ ਜੀ ਦਾ ਸੀਸ ਹੈ, ਚਾਰੇ ਸਾਹਿਬਜ਼ਾਦੇ ਕਿਸ ਤਰ੍ਹਾਂ ਦੰਡੌਤ ਕਰ ਰਹੇ ਹਨ, ਕਿਸ ਤਰ੍ਹਾਂ ਪੰਜਾਂ ਨੂਰੀ ਸਰੀਰਾਂ ਵਿਚੋਂ ਨਿੰਮ੍ਰਤਾ, ਪਿਆਰ, ਸ਼ਰਧਾ ਆਪਾਵਾਰਨ ਦੀਆਂ ਅਤਿ ਸੂਖਮ ਕਿਰਨਾਂ ਜੇਹੀਆਂ ਲਾਸਾਂ ਨਿਕਲ ਕੇ ਸਤਿਗੁਰ ਦੇ ਚਰਨਾਂ ਉੱਤੇ ਪੈ ਰਹੀਆਂ ਹਨ, ਅਰ ਸਤਿਗੁਰ ਦੇ ਚਿਹਰੇ, ਅੱਖਾਂ, ਹੱਥਾਂ ਵਿਚੋਂ ਕਿਕੂੰ 'ਨਿਹਾਲ ਨਿਹਾਲ' ਦੀਆਂ ਤੇਜਮਯ ਕਿਰਨਾਂ ਆ ਮੁਹਾਰੀਆਂ ਨਿਕਲ ਨਿਕਲ ਕੇ ਪੰਜਾਂ ਦੇ ਸਰੀਰ ਤੇ ਪੈ ਰਹੀਆਂ ਹਨ? ਕਿਕੂੰ ਪੰਜੇ 'ਮਿਟਿ ਗਏ ਗਵਨ ਪਾਏ ਬਿਸਰਾਮ' ਦੇ ਰੰਗ ਵਿਚ ਹਨ?
ਖਬਰੇ ਇਸ ਸਫਲ ਧਿਆਨ, ਇਸ ਅਮਲ ਦਰਸ਼ਨ, ਇਸ ਅਲੌਕਿਕ ਦੀਦਾਰ ਵਿਚ ਕਿੰਨਾ ਚਿਰ ਲੰਘਿਆ, ਮਗਨਤਾ ਨੇ ਸਮੇਂ ਦਾ ਕੋਈ ਮਾਪ ਨਹੀਂ ਰਹਿਣ ਦਿੱਤਾ, ਤਦੋਂ ਪਤਾ ਲਗਾ ਜਦੋਂ ਤੇਜਮਯ ਮੂਰਤੀ ਹਿੱਲੀ ਤੇ ਪੰਜੇ ਮੂਰਤਾਂ ਗੋਡਿਆਂ ਭਾਰ ਹੋ ਤਖ਼ਤ ਵਲ ਝੁਕ ਕੇ ਨੂਰੀ ਦਾਤੇ ਦੇ ਹਸਤ-ਕਮਲਾਂ ਦੇ ਸਪਸ਼ਟ ਹੇਠ