ਸੇਵਾ
१.
ਮਾਲੀ ਨੇ ਦਿਲ ਲਾ ਕੇ ਕੀਤੀ ਬੂਟਿਆਂ ਸੰਦੀ ਸੇਵਾ
ਰੁਤ ਪੁਗੀ ਉਹ ਮਾਲੀ ਲਿਆਵੇ ਭਰ ਭਰ ਝੋਲੀ ਮੇਵਾ।
ਗੁਜਰੀ ਕਰੇ ਗਊ ਦੀ ਸੇਵਾ ਪਾਲੇ ਪਿਆਰ ਕਰਾਵੇ
ਮਿੱਠੇ ਦੁਧ ਦੇ ਮਘੇ ਮਟਕੇ ਰੋਜ਼ ਰੋਜ਼ ਭਰ ਲਿਆਵੇ ।
२.
ਜੜ੍ਹ ਬ੍ਰਿਛਾਂ ਤੇ ਪਸੂਆਂ ਦੀ ਜੋ ਕਰਦਾ ਸੇਵਾ ਪਿਆਰੀ
ਚਹਿਲ ਪਹਿਲ ਉਸਦੇ ਘਰ ਹੁੰਦੀ ਮੌਜ ਮਾਣਦਾ ਸਾਰੀ
ਮਾਨੁਖਾਂ ਦੀ ਜੇਕਰ ਸੇਵਾ ਕੋਈ ਲਗ ਕਮਾਵੇ
ਕਿਉਂ ਨਾ ਮਿਲਨ ਮੁਰਾਦਾਂ ਉਸਨੂੰ ਜੋ ਚਾਹਵੇ ਸੋ ਪਾਵੇ ।
३.
'ਟਹਲੋਂ ਮਹਲ ਮਿਲੇ' ਜਗ ਆਖੇ 'ਸੇਵਾ ਮੇਵਾ' ਪਾਵੇ
ਸੇਵਕ ਹੀ ਸਾਹਿਬ ਜਾ ਬਣਦੇ ਸੇਵਾ ਜਾਚ ਜਿ ਆਵੇ
ਪਰ ਇਕ ਸੇਵਾ ਹੋਰ ਸੁਣੀਦੀ ਖ਼ੁਸ਼ੀ ਨਾਲ ਜੋ ਕਰੀਏ,
ਬਧੇ ਚੱਟੀ ਭਰੀਏ ਨਾਹੀ ਨਾਲ ਖ਼ੁਸ਼ੀ ਹਿੱਤ ਧਰੀਏ
४.
ਚਿਤੋਂ ਗ਼ਰਜ਼ ਚੁਕਾਈਏ ਸਾਰੀ ਲੋੜ ਨ ਕੋਈ ਰਖਾਈਏ
ਦੂਜੇ ਨੂੰ ਸੁਖ ਦੇਣੇ ਖਾਤਰ ਜੇਕਰ ਸੇਵ ਕਮਾਈਏ
ਏਹ ਸੇਵਾ ਉੱਚੀ ਸਭ ਕੋਲੋਂ ਸੇਵਾ ਅਸਲ ਕਹਾਵੇ
ਕਰੀਏ ਤਾਂ ਦੂਜੇ ਦੀ ਸੇਵਾ ਸਾਨੂੰ ਸੁਖ ਪੁਚਾਵੇ ।