ਅਰਸ਼ੀ ਧੁਨ
ਵਿਚ ਹਿਮਾਲੇ ਚੁਪ ਬੈਠਿਆਂ ਸਾਂ ਸਾਂ ਕੰਨੀ ਆਵੇ
ਮੈਂ ਜਾਤਾ ਏ ਸੱਦ ਇਲਾਹੀ ਅਰਸ਼ਾਂ ਤੋਂ ਦਿਲ ਧਾਵੇ
ਤਦ ਅਸਮਾਨੋਂ ਬਾਣੀ ਆਈ, ਇਹ 'ਮਕਾਨ'' ਦੀ ਧੁੰਨ ਹੈ
ਅਜੇ ਨਹੀ ਤੂੰ ਸੁਣੀ ਅਨਾਹਤ ਧੁੰਨ 'ਮਕੀਨ'' ਜੋ ਗਾਵੇ
ਆਖੇ ਨਾਹੀ ਅਨਾਹਤ ਏਹੈ, ਭੁਲ ਨ ਏਥੇ ਜਾਈਂ
ਹਰ ਮੰਦਰ ਇਹ ਦੇਹ ਮਾਨੁਖੀ ਸਾਈਂ ਆਪ ਬਣਾਈ
ਅਪਨੇ ਵਸਨੋ ਖਾਤਰ ਕੁਟੀਆ
ਸੁਹਣੇ ਆਪ ਰਚਾਈ
ਜੋ ਤੂੰ ਧੁੰਨੀ ਸੁਣੀ ਹੈ ਪਯਾਰੇ ਮੰਦਰ ਦੀ ਧੁੰਨ ਜਾਣੀ
ਹਰ ਮੰਦਰ ਦਾ ਨਾਦ ਪਛਾਣੀ ਵਾਜ ਸਰੀਤ ਸਿਆਣੀ
ਮੰਦਰ ਏਸ ਜੁ ਵਸਦਾ ਸੁਹਣਾ ਧੁੰਨ ਉਸਦੀ ਹੈ ਨਿਆਰੀ
ਪਯਾਰੀ, ਮਿਠੀ, ਉਚੀ, ਸੁੱਚੀ ਰੂਪ ਰੇਖ ਤੋਂ ਪਾਰੀ
ਵਾਉ, ਅਕਾਸ਼ ਕੰਨ ਦੇ ਪੜਦੇ ਲੋੜ ਇਨ੍ਹਾਂ ਨਾ ਰੱਖੇ
ਰੂਹ ਤੋਂ ਉਪਜੇ ਰੂਹ ਉਸ ਬੁਝੇ ਰੂਹ ਵਿਚ ਰੂਹ ਪਰਖੇ
ਸੁਣੀ ਅਵਾਜ ਮਕਾਨੋਂ ਉਪਜੀ ਤੈਨੂੰ ਜਿਨ੍ਹੇ ਲੁਭਾਇਆ
ਉਹ ਤੂੰ ਨਾਦ ਨਾ ਸੁਣਿਆ ਹੁਣ ਤਕ, ਜੋ ਮਕੀਨ ਨੇ ਗਾਇਆ
ਧਯਾਨ ਮਕਾਨੋਂ ਚੁੱਕ ਪਯਾਰੇ ਵਿਚ ਮਕੀਨ ਹਿਤ ਲਾਈ
ਚੜ੍ਹ ਕੇ ਪ੍ਰੇਮ ਹੰਡੋਲੇ ਸੁਣਸੇਂ ਅਰਸ਼ਾਂ ਦੀ ਧੁੰਨ ਆਈ।