ਕੁੰਜੀਆਂ
ਬੰਦੀ ਅਜਾਣ, ਨ ਜਾਣ ਸਕੇਂਦੀ
ਰਜ਼ਾਈ ਤੁਸਾਂ ਜੀ ਦੀਆਂ ਸਾਈਆਂ।
ਬੰਦੀ ਦੀ ਮਰਜ਼ੀ ਬੇਸੁਰ ਹੋ ਬੋਲੇ,
ਜਦੋਂ ਵਰਤਣ ਕਹਿਰ ਰਜ਼ਾਈਆਂ।
ਮਰਜ਼ੀ ਬੰਦੀ ਦੀ ਸੁਰ ਕਰੀ ਰਖੋ,
ਅਪਨੀ ਰਜ਼ਾ ਨਾਲ ਪਯਾਰਨ ।
ਇਸ ਦੀ ਬੀ ਜਾਚ ਤੁਸਾਨੂੰ ਹੀ ਹੈਵੇ,
ਸਭ ਕੁੰਜੀਆਂ ਤੁਸਾਂ ਹੱਥ ਸਾਈਆਂ।
ਬਿਜਲੀ ਛੁਹ
ਖਲੜੀ ਧੋਦਿਆਂ ਉਮਰਾ ਸਾਰੀ
ਬੀਤ ਚਲੀ ਮੇਰੇ ਸਾਈਆਂ
ਮਸਾਂ ਮਸਾਂ ਇਕ ਲਾਹੀਏ ਮਗਰੋਂ
ਹੋਰ ਆ ਲਗਨ ਬਲਾਈਆਂ
ਥੱਕ ਗਈ ਹਾਂ ਦਿਲ ਨੂੰ ਧੋ ਧੋ
ਤੇਰੇ ਲੈਕ ਬਨਾਂਦਿਆਂ !
ਹੁਣ ਤਾਂ ਲਾ ਕੋਈ ਬਿਜਲੀ ਛੁਹ ਤੂੰ
ਕਰ ਨਿਜ ਯੋਗ ਗੁਸਾਈਆਂ।