ਜੱਟੀ
ਰਿੜਕੇ ਚੋਵੇ ਪਸ਼ੂ ਸੰਭਾਲੇ ਕੱਤੇ ਫੇਰੇ ਅੱਟੀ
ਪੀਹੇ ਗੁੰਨ੍ਹ ਪਕਾ ਪੁਚਾਵੇ ਲੈ ਸਿਰ ਲਸੀ ਮੱਟੀ
ਖੇਤੀ ਜਾ ਖਲਾਵੇ ਮਰਦਾਂ ਨਾਲੇ ਚੁਣਦੀ ਫੁੱਟੀ
ਸੀਉਂ ਪ੍ਰੋਵੇ ਕੱਢ ਕਸੀਦੇ ਲਛਣ ਤ੍ਰੀਮਤ ਜੱਟੀ
ਤ੍ਰੀਮਤ ਇਕੋ ਜੱਟੀ ਲੋਕੋ ਹੋਰ ਖਾਣ ਦੀ ਚੱਟੀ।
ਪ੍ਯਾਸ
ਸਾਹਵੇ ਗੰਗਾ, ਖਬੇ ਗੰਗਾ
ਸਜੇ ਗੰਗਾ ਵਗਦੀ।
ਪਾਣੀ ਵਿਚ ਵਿਚਾਲੇ ਬੰਗਲੂ
ਪੌਣ ਮਿਲੇ ਆ ਅੱਗ ਦੀ।
ਜਫੀਆਂ ਪਾਵੇ, ਮਥਾ ਚੁੰਮੇ
ਲਗ ਲਗ ਗਲ ਲਡਿਆਵੇ ।
ਪਾਣੀ ਪਯਾਸ ਫੇਰ ਨਹੀਂ ਬੁਝਦੀ
ਅਲੋਕਾਰ ਗਲ ਲਗਦੀ।