ਰਖ ਯਕੀਨ ਮਿਹਰਾਂ ਤੇ
ਰਹੇ ਉਡੀਕ ਬਿਨਾ ਉਹ ਸੁਹਾਗਵੰਤੀ ਨਾ
ਉਡੀਕ- ਵੰਤ ਸੁਹਾਗਨ ਪਤੀ ਸਹਾਰੇ ਤੇ ।
ਉਡੀਕ ਜੀਵਨ ਹੈ ਮਸ਼ਕ-ਪ੍ਰੇਮ-ਤਖਤਾ ਏ
ਬਿਰੋ ਸੁਆਦ ਰਸੇ ਦਿਲ ਖਿਚੇ ਦਿਦਾਰੇ ਤੇ ।
ਉਡੀਕਵੰਤ ਰਹਾਂ ਰਖ ਯਕੀਨ ਮਿਹਰਾਂ ਤੇ
ਵਿਛਾ ਕਿ ਨੈਣ ਰਸਤੇ ਨਦਰ ਪਾਵਣਹਾਰੇ ਦੇ।
ਬੁਲਬੁਲ ਅਤਾਰ ਨੂੰ
ਮੇਰਾ ਰੂਪ ਤੇ ਰੰਗ ਖੁਸ਼ਬੋ ਵਾਲਾ,
ਪ੍ਰੀਤਮ ਜੀਵਨੋ ਤੋੜ ਗੁਵਾਇਆ ਈ।
ਆਖੇਂ : 'ਤਤ ਮੈਂ ਤੱਤ ਨਿਕਾਲ ਲੈਸਾਂ '
ਦੇਗਾਂ ਉਬਲਦੀਆਂ ਦੇ ਵਿਚ ਪਾਇਆ ਈ।
ਅਰਕ ਕਢ ਕੇ ਫੇਰ ਨਿਤਾਰਨੋਂ ਵੇ!
ਅਤਰ ਕਢ ਬੀ ਸਬਰ ਨ ਆਇਆ ਈ ।
ਫੇਰ ਲਾਇ ਰਸਾਇਨਾਂ ਲਏਂ ਤਰਲੇ
ਲੇਸ ਮਾਤ੍ਰ ਜੋ 'ਹੋਰ' ਕਢਾਇਆ ਈ।
ਐਪਰ ਦੇਖ ਤੂੰ ਕੁਦਰਤਾਂ ਅਤਾਰ ਸੁਹਣੇ!
ਤੇਰੇ ਹੱਥ ਗੁਲਾਬ ਨ ਆਇਆ ਈ ।
ਜੋ ਕੁਛ ਤੱਤ ਹੁਣ ਤੇਰੀਆਂ ਸ਼ੀਸ਼ੀਆਂ ਵਿਚ
ਓਹ ਨਹੀ ਗੁਲਾਬ ਬੁਹਾਇਆ ਈ।
ਓਹ ਜੀਰੋਨਾਇਲ ਰਹਿ ਗਿਆ, ਦਾਨਿਆ ਵੇ!
ਕਾਹਨੂੰ ਤੋੜ ਗੁਲਾਬ ਗੁਆਇਆ ਈ ।