

ਹੋਏ ਨੂੰ ਰੇਡੀਏਟਰਾਂ ਦੇ ਉੱਪਰੋਂ ਦੀ ਬਾਰੀ ਤੱਕ ਅੱਪੜਦਿਆ ਦੇਖਿਆ, ਤਾਂ ਉਹ ਉਸਨੂੰ ਬੇਦਿਲੀ ਜਿਹੀ ਨਾਲ, ਬਿਨਾਂ ਕਿਸੇ ਦਿਲਚਸਪੀ ਦੇ ਦੇਖਦਾ ਰਿਹਾ। ਪਰ ਅਗਲੇ ਦਿਨ, ਜਦੋਂ ਚਿੜੀਆਂ ਉਡ ਕੇ ਬਾਰੀ ਵਿੱਚ ਆ ਬੈਠੀਆਂ ਤਾਂ ਉਹ ਦਰਦ ਕਾਰਨ ਚੀਸਾਂ ਵੱਟਦਾ ਹੋਇਆ ਸਗੋਂ ਇਹਨਾਂ ਨਿੱਕੇ ਨਿੱਕੇ ਖਰੂਦੀ ਪੰਛੀਆਂ ਨੂੰ ਵਧੇਰੇ ਚੰਗੀ ਤਰ੍ਹਾਂ ਦੇਖਣ ਲਈ ਆਪਣੇ ਬਿਸਤਰੇ ਵਿੱਚ ਬੈਠ ਗਿਆ । ਉਸਤੋਂ ਅਗਲੇ ਦਿਨ ਉਸਨੇ ਆਪਣੇ ਖਾਣੇ ਵਿੱਚੋਂ ਸਮੋਸੇ ਦਾ ਇੱਕ ਚੰਗਾ ਟੋਟਾ ਬਚਾ ਰੱਖਿਆ, ਪ੍ਰਤੱਖ ਤੌਰ ਉਤੇ ਇਹ ਯਕੀਨ ਕਰਦਿਆਂ ਕਿ ਹਸਪਤਾਲ ਦੀ ਇਹ ਸਵਾਦਿਸ਼ਟ ਚੀਜ਼ ਗੁੱਸੈਲ ਭੌਂਦੂਆਂ ਨੂੰ ਖਾਸ ਕਰਕੇ ਪਸੰਦ ਆਏਗੀ। ਇਕ ਦਿਨ "ਮਸ਼ੀਨ-ਗੰਨਰ" ਨਾ ਆਇਆ ਤੇ ਕੁਕੂਸ਼ਕਿਨ ਨੇ ਅੰਦਾਜ਼ਾ ਲਾਇਆ ਕਿ ਉਸਨੂੰ ਜ਼ਰੂਰ ਕੋਈ ਬਿੱਲੀ ਹੜੱਪ ਗਈ ਹੋਵੇਗੀ, ਤੇ ਠੀਕ ਹੀ ਹੋਇਆ ਹੈ। ਇਸ ਉਤੇ ਸੋਗੀ ਟੈਂਕਮੈਨ ਨੂੰ ਗੁੱਸਾ ਆ ਗਿਆ ਤੇ ਉਹ ਕੁਕੂਸ਼ਕਿਨ ਨੂੰ ਗੁੱਸੇ ਹੋਣ ਲੱਗ ਪਿਆ ਤੇ"ਦੰਦ-ਪੀਹਣਾ ਤੱਕ ਕਹਿ ਦਿੱਤਾ, ਤੇ ਜਦੋਂ ਅਗਲੇ ਦਿਨ ਲੰਡਾ ਚਿੜਾ ਫਿਰ ਆ ਗਿਆ ਤੇ ਆਪਣੀ ਧੋਣ ਅਕੜਾਉਂਦਾ ਹੋਇਆ ਤੇ ਆਪਣੀਆਂ ਗੁਸਤਾਖ, ਮੋਤੀਆਂ ਵਰਗੀਆਂ ਅੱਖਾਂ ਨੂੰ ਜੇਤੂ ਅੰਦਾਜ਼ ਵਿੱਚ ਲਿਸ਼ਕਾਉਂਦਾ ਹੋਇਆ ਫਿਰ ਚੀਂ-ਚੀਂ ਕਰਨ ਤੇ ਲੜਨ ਲੱਗ ਪਿਆ, ਤਾਂ ਟੈਂਕਮੈਨ ਦਾ ਹਾਸਾ ਛੁੱਟ ਗਿਆ। ਕਈ ਮਹੀਨਿਆਂ ਵਿੱਚ ਉਹ ਪਹਿਲੀ ਵਾਰੀ ਹੱਸਿਆ ਸੀ।
ਕੁਝ ਸਮੇਂ ਮਗਰੋਂ ਗਵੋਜ਼ਦਿਓਵ ਵਿੱਚ ਪੂਰੀ ਤਰ੍ਹਾਂ ਜਾਨ ਪੈ ਗਈ । ਸਾਰੇ ਹੈਰਾਨ ਹੋ ਗਏ ਜਦੋਂ ਉਹ ਬੜਾ ਖੁਸ਼-ਰਹਿਣਾ, ਗਲਾਧੜੀ ਤੇ ਸੋਖੀ ਤਰ੍ਹਾਂ ਹੀ ਰਚ-ਮਿਚ ਜਾਣ ਵਾਲਾ ਬੰਦਾ ਹੋ ਨਿਬੜਿਆ। ਇਹ, ਬੇਸ਼ਕ, ਕੋਮੀਸਾਰ ਦਾ ਕੰਮ ਸੀ, ਕਿਉਂਕਿ ਉਹ ਹਰ ਇੱਕ ਦੇ ਦਿਲ ਦੀ ਕੁੰਜੀ ਲੱਭ ਲੈਣ ਵਿੱਚ ਨਿਪੁੰਨ ਸੀ, ਜਿਵੇਂ ਕਿ ਸਤੇਪਾਨ ਈਵਾਨੋਵਿਚ ਕਿਹਾ ਕਰਦਾ ਸੀ। ਤੇ ਉਸਨੇ ਇਹ ਕੰਮ ਇਸ ਤਰ੍ਹਾਂ ਨਾਲ ਕੀਤਾ।
ਵਾਰਡ ਨੰਬਰ ਬਤਾਲੀ ਵਿੱਚ ਸਭ ਤੋਂ ਖੁਸ਼ੀ ਦੀ ਘੜੀ ਉਹ ਹੁੰਦੀ ਸੀ ਜਦੋਂ ਕਲਾਵਦੀਆ ਮਿਖਇਲੋਵਨਾ ਆਪਣੇ ਚਿਹਰੇ ਉਤੇ ਰਹੱਸਮਈ ਹਾਵਭਾਵ ਲੈ ਕੇ ਤੇ ਆਪਣੇ ਹੱਥ ਪਿੱਠ ਪਿੱਛੇ ਰੱਖੀ ਦਰਵਾਜ਼ੇ ਵਿੱਚ ਦਿਖਾਈ ਦੇਂਦੀ ਸੀ ਤੇ ਕਮਰੇ ਵਿੱਚ ਬੈਠੇ ਸਾਰਿਆਂ ਉੱਪਰ ਨਜ਼ਰ ਫੇਰਦਿਆ ਕਹਿੰਦੀ ਹੁੰਦੀ ਸੀ:
“ਹੱਛਾ, ਤਾਂ ਫਿਰ ਅੱਜ ਕੌਣ ਨੱਚੇਗਾ ?"
ਇਸਦਾ ਮਤਲਬ ਹੁੰਦਾ ਸੀ ਕਿ ਡਾਕ ਆ ਗਈ ਹੈ । ਜਿਸਦੀ ਚਿੱਠੀ ਆਈ ਹੁੰਦੀ ਸੀ, ਉਸ ਲਈ ਆਪਣੀ ਮੰਜੀ ਉਪਰ ਨਾਚ ਨਾਲ ਰਲਦੇ ਮਿਲਦੇ ਪਾਸੇ ਮਾਰਨੇ ਜ਼ਰੂਰੀ ਹੁੰਦੇ ਸਨ, ਭਾਵੇਂ ਕੁਝ ਕੁ ਹੀ। ਬਹੁਤੀ ਵਾਰੀ ਕੋਮੀਸਾਰ ਨੂੰ ਇੰਝ ਕਰਨਾ ਪੈਂਦਾ ਸੀ, ਕਿਉਂਕਿ ਕਦੀ ਕਦੀ ਦਸ ਦਸ ਚਿੱਠੀਆਂ ਉਸਨੂੰ ਇੱਕ ਵੇਲੇ ਮਿਲਦੀਆਂ ਸਨ । ਉਸਨੂੰ ਆਪਣੇ ਡਿਵੀਜ਼ਨ ਤੋਂ, ਪਿਛਵਾੜੇ ਤੋਂ, ਆਪਣੇ ਸਾਥੀ ਅਫਸਰਾਂ ਤੋਂ, ਸਿਪਾਹੀਆਂ ਤੋਂ, ਸਾਥੀ ਅਫ਼ਸਰਾਂ ਦੀਆਂ ਪਤਨੀਆਂ ਤੋਂ ਚਿੱਠੀਆਂ ਆਉਂਦੀਆਂ ਸਨ, ਜਿਹੜੀਆਂ ਪੁਰਾਣੇ ਵੇਲਿਆ ਦੀ ਯਾਦ ਵਿੱਚ ਲਿਖਦੀਆਂ ਸਨ ਜਾਂ ਉਸਨੂੰ ਇਹ ਬੇਨਤੀ ਕਰਨ ਲਈ ਲਿਖਦੀਆਂ ਸਨ ਕਿ ਉਹ ਉਹਨਾਂ ਦੇ ਘਰ ਵਾਲਿਆਂ ਨੂੰ "ਸਿੱਧਾ ਕਰੇ," ਜਿਹੜੇ ਹੱਥੋਂ ਨਿਕਲ ਗਏ ਹਨ; ਉਸਨੂੰ ਜੰਗ ਵਿੱਚ ਮਾਰੇ ਗਏ ਸਾਥੀ ਅਫ਼ਸਰਾਂ ਦੀਆਂ