

ਕਹਾਣੀ ਦੱਸਣ ਲੱਗ ਪਿਆ ਜਿਸ ਦੀਆਂ ਲੱਤਾਂ ਮਰੀਆਂ ਹੋਈਆ ਸਨ, ਤੇ ਜਿਹੜਾ ਇਸਦੇ ਬਾਵਜੂਦ ਵੀ ਕਿਸੇ ਵੱਡੇ ਸਮਾਜਕ ਕੰਮ ਨੂੰ ਨੇਪਰੇ ਚੜਾ ਰਿਹਾ ਸੀ । ਸਤੇਪਾਨ ਈਵਾਨੋਵਿਚ, ਜਿਹੜਾ ਦੁਨੀਆਂ ਵਿੱਚ ਵਾਪਰਦੀ ਹਰ ਗੱਲ ਵਿੱਚ ਦਿਲਚਸਪੀ ਰੱਖਦਾ ਸੀ, ਹੈਰਾਨ ਹੋਇਆ ਹੋਇਆ ਸਾਹ ਖਿੱਚਦਾ। ਉਸਨੂੰ ਯਾਦ ਆ ਗਿਆ ਕਿ ਉਹਨਾਂ ਦੇ ਪਾਸੇ ਵੱਲ ਇਕ ਡਾਕਟਰ ਰਹਿੰਦਾ ਸੀ, ਜਿਸਦੀ ਇੱਕੋ ਹੀ ਬਾਂਹ ਹੁੰਦੀ ਸੀ, ਪਰ ਤਾਂ ਵੀ ਉਹ ਜ਼ਿਲ੍ਹੇ ਵਿੱਚ ਸਭ ਤੋਂ ਚੰਗਾ ਡਾਕਟਰ ਮੰਨਿਆ ਜਾਂਦਾ ਸੀ, ਘੋੜੇ ਦੀ ਸਵਾਰੀ ਕਰਦਾ ਸੀ, ਸ਼ਿਕਾਰ ਖੇਡਣ ਦਾ ਸ਼ੁਕੀਨ ਸੀ ਤੇ ਏਨੀਂ ਮਹਾਰਤ ਨਾਲ ਬੰਦੂਕ ਚਲਾਉਂਦਾ ਸੀ ਕਿ ਗਾਲੜ੍ਹ ਦੀ ਅੱਖ ਤੱਕ ਦਾ ਨਿਸ਼ਾਨਾ ਬਣਾ ਸਕਦਾ ਸੀ। ਇਥੇ ਕੋਮੀਸਾਰ ਨੂੰ ਸਵਰਗੀ ਅਕਾਦਮੀਸ਼ਨ ਵਿਲੀਅਮਜ਼ ਯਾਦ ਆਇਆ, ਜਿਸਨੂੰ ਉਹ ਜਾਤੀ ਤੌਰ ਉੱਤੇ ਜਾਣਦਾ ਸੀ। ਉਹ ਬੰਦਾ ਅੱਧਾ ਅਧਰੰਗ ਦਾ ਮਾਰਿਆ ਹੋਇਆ ਸੀ ਤੇ ਆਪਣੀ ਸਿਰਫ ਇਕ ਬਾਂਹ ਵਰਤ ਸਕਦਾ ਸੀ, ਪਰ ਤਾਂ ਵੀ ਉਹ ਜ਼ਰਾਇਤੀ ਇੰਸਟੀਚਿਊਟ ਦੇ ਮੁਖੀ ਵਜੋਂ ਕੰਮ ਕਰਦਾ ਰਿਹਾ ਤੇ ਵਿਸ਼ਾਲ ਪੈਮਾਨੇ ਉੱਤੇ ਕੰਮ ਚਲਾਉਂਦਾ ਰਿਹਾ।
ਮਰੇਸੇਯੇਵ ਸੁਣਦਾ ਤੇ ਮੁਸਕਰਾ ਛੱਡਦਾ: ਲੱਤਾ ਤੋਂ ਬਿਨ੍ਹਾਂ ਸੋਚਿਆ ਜਾ ਸਕਦਾ ਹੈ, ਗੱਲਾਂ ਕੀਤੀਆਂ ਜਾ ਸਕਦੀਆਂ ਹਨ, ਲਿਖਿਆ ਜਾ ਸਕਦਾ ਹੈ, ਹੁਕਮ ਜਾਰੀ ਕੀਤੇ ਜਾ ਸਕਦੇ ਹਨ, ਲੋਕਾਂ ਦਾ ਇਲਾਜ ਕੀਤਾ ਜਾ ਸਕਦਾ ਹੈ, ਸ਼ਿਕਾਰ ਵੀ ਖੇਡਿਆ ਜਾ ਸਕਦਾ ਹੈ, ਪਰ ਉਹ ਤਾਂ ਪਾਇਲਟ ਸੀ, ਜਮਾਂਦਰੂ ਪਾਇਲਟ, ਬਚਪਨ ਤੋਂ ਹੀ ਪਾਇਲਟ, ਉਸੇ ਦਿਨ ਤੋਂ ਹੀ, ਜਿਸ ਦਿਨ ਉਸਨੇ ਹਦਵਾਣਿਆ ਦੇ ਖੇਤ ਦੀ ਰਾਖੀ ਕਰਦਿਆਂ, ਜਿਥੇ ਸੁੱਕੀ, ਤਿੜਕੀ ਜ਼ਮੀਨ ਉਤੇ ਮੁਰਝਾਏ ਪੱਤਿਆਂ ਉਪਰ ਧਾਰੀਦਾਰ ਵੱਡੇ ਵੱਡੇ ਹਦਵਾਣੇ ਪਏ ਸਨ, ਜਿਹੜੇ ਸਾਰੇ ਵੋਲਗਾ ਦੇ ਇਲਾਕੇ ਵਿੱਚ ਮਸ਼ਹੂਰ ਸਨ, ਇਸਨੇ ਚਾਂਦੀ ਵਾਂਗ ਚਮਕਦੀ ਛੋਟੀ ਜਿਹੀ ਭੰਬੀਰੀ ਵਰਗੀ ਚੀਜ਼ ਦੀ ਪਹਿਲਾਂ ਅਵਾਜ਼ ਸੁਣੀ ਤੇ ਫਿਰ ਇਸਨੂੰ ਦੇਖਿਆ, ਇਸਦੇ ਦੋ ਪੜ੍ਹ ਧੁੱਪ ਵਿੱਚ ਲਿਸ਼ਕ ਰਹੇ ਸਨ ਤੇ ਇਹ ਧੂੜ ਵਾਲੀ ਸਤੇਪੀ ਦੇ ਉਪਰੋਂ ਦੀ ਹੌਲ਼ੀ ਹੌਲੀ ਉੱਡਦੀ ਹੋਈ ਕਿਤੇ ਸਤਾਲਿਨਗਰਾਦ ਦੇ ਪਾਸੇ ਵੱਲ ਜਾ ਰਹੀ ਸੀ।
ਉਸੇ ਘੜੀ ਤੋਂ ਹੀ ਪਾਇਲਟ ਬਨਣ ਦੇ ਸੁਪਨੇ ਨੇ ਉਸਨੂੰ ਮੱਲ ਲਿਆ ਸੀ । ਸਕੂਲੇ ਪੜ੍ਹਦਿਆਂ ਤੇ ਮਗਰੋਂ, ਜਦੋਂ ਉਹ ਫੈਕਟਰੀ ਵਿੱਚ ਲੇਥ ਚਲਾਉਂਦਾ ਸੀ, ਇਸਨੇ ਉਸਨੂੰ ਮੱਲੀ ਰੱਖਿਆ। ਰਾਤ ਨੂੰ ਜਦੋਂ ਹਰ ਕੋਈ ਸੁੱਤਾ ਹੁੰਦਾ ਸੀ, ਤਾਂ ਉਹ ਪ੍ਰਸਿੱਧ ਪਾਇਲਟ ਲੀਆਪੀਦੇਵਸਕੀ ਨਾਲ ਮਿਲ ਕੇ ਚੇਲੀਊਸਕਿਨ ਮੁਹਿੰਮ ਨੂੰ ਲੱਭ ਰਿਹਾ ਤੇ ਬਚਾ ਰਿਹਾ ਹੁੰਦਾ ਸੀ, ਤੇ ਵੋਦੋਪੀਆਨੋਵ ਨਾਲ ਮਿਲਕੇ ਉੱਤਰੀ ਧਰੂ ਉਪਰਲੇ ਇੱਕ ਬਰਫ਼ ਦੇ ਤੋਂਦੇ ਉੱਪਰ ਭਾਰੀ ਹਵਾਈ ਜਹਾਜ਼ ਨੂੰ ਉਤਾਰ ਰਿਹਾ ਹੁੰਦਾ ਸੀ, ਤੇ ਚਕਾਲੋਵ ਨਾਲ ਮਿਲ ਕੇ ਧਰੂ ਦੇ ਆਰ-ਪਾਰ ਅਮਰੀਕਾ ਨੂੰ ਜਾਂਦਾ ਅਣਢੂੰਡਿਆ ਹਵਾਈ ਰਸਤਾ ਖੋਹਲ ਰਿਹਾ ਹੁੰਦਾ ਸੀ।
ਯੁਵਕ ਕਮਿਊਨਿਸਟ ਲੀਗ ਵੱਲੋਂ ਉਸਨੂੰ ਦੂਰ ਪੂਰਬ ਵੱਲ ਭੇਜਿਆ ਗਿਆ, ਜਿਥੇ ਉਸਨੇ ਤਾਇਗਾ ਵਿੱਚ ਨੌਜਵਾਨਾਂ ਦਾ ਸ਼ਹਿਰ - ਕੋਮਸੋਮੋਲਸਕ-ਨਾ-ਅਮੂਰ - ਉਸਾਰਨ ਵਿੱਚ ਸਹਾਇਤਾ ਕੀਤੀ, ਪਰ ਉਡਾਣ ਭਰਨ ਦਾ ਆਪਣਾ ਸੁਪਨਾ ਉਹ ਉਸ ਦੂਰ-ਦੁਰਾਡੇ