

ਅਲੈਕਸੇਈ ਨੇ ਆਪਣਾ ਨਾਂ ਲੱਭਣ ਲਈ ਸਾਰੇ ਸਫ਼ੇ ਉੱਤੇ ਨਜਰ ਦੁੜਾਈ, ਪਰ ਉਸਨੂੰ ਨਾ ਲੱਭਾ । ਇਹ ਪਹਿਲੀ ਸੰਸਾਰ ਜੰਗ ਵੇਲੇ ਦਾ ਕਿਸੇ ਰੂਸੀ ਪਾਇਲਟ ਬਾਰੇ ਲੇਖ ਸੀ । ਰਸਾਲੇ ਦੇ ਸਫੇ ਤੋਂ ਕਿਸੇ ਅਣਜਾਣੇ ਨੌਜਵਾਨ ਦਾ ਚਿਹਰਾ ਉਸ ਵੱਲ ਝਾਕ ਰਿਹਾ ਸੀ, ਜਿਸਨੇ ਛੋਟੀਆਂ ਛੋਟੀਆਂ ਮੁੱਛਾਂ ਦੇ ਸਿਰਿਆਂ ਨੂੰ ਮਰੋੜਾ ਚਾੜ੍ਹ ਕੇ ਸੂਈਆਂ ਵਾਂਗ ਬਣਾਇਆ ਹੋਇਆ ਸੀ, ਟੋਪੀ ਉੱਤੇ ਚਿੱਟਾ ਬੈਜ ਲੱਗਾ ਸੀ, ਟੋਪੀ ਟੇਢੀ ਕੀਤੀ ਹੋਈ ਸੀ ਤੇ ਕੰਨ ਨੂੰ ਲੱਗ ਰਹੀ ਸੀ।
“ਪੜ੍ਹ, ਪੜ੍ਹ, ਇਹ ਤੇਰੇ ਲਈ ਹੀ ਹੈ," ਕੋਮੀਸਾਰ ਨੇ ਜ਼ੋਰ ਦਿੱਤਾ।
ਮਰੇਸੇਯੇਵ ਨੇ ਲੇਖ ਪੜ੍ਹਿਆ । ਇਹ ਰੂਸੀ ਫ਼ੌਜੀ ਪਾਇਲਟ, ਲੈਫ਼ਟੀਨੈਂਟ ਵਾਲੇਰੀਆਨ ਕਾਰਪੋਵਿਚ, ਬਾਰੇ ਸੀ; ਦੁਸ਼ਮਣ ਦੇ ਮੋਰਚਿਆਂ ਉੱਪਰ ਉਡਾਣ ਕਰਦਿਆਂ ਜਰਮਨਾਂ ਦੀ ਡਮ-ਡਮ ਗੋਲੀ ਉਸਦੇ ਪੈਰ ਵਿੱਚ ਆ ਵੱਜੀ ਸੀ। ਆਪਣੇ ਗੋਲੀ ਨਾਲ ਉਡੇ ਪੈਰ ਦੇ ਬਾਵਜੂਦ ਉਹ ਆਪਣੇ "ਫਾਰਮਨ" ਨੂੰ ਮੋਰਚਿਆਂ ਤੋਂ ਪਾਰ ਲਿਜਾ ਕੇ ਹਵਾਈ ਅੱਡੇ ਉੱਤੇ ਉਤਾਰਨ ਵਿੱਚ ਸਫ਼ਲ ਹੋ ਗਿਆ। ਪੈਰ ਕੱਟ ਦਿੱਤਾ ਗਿਆ, ਪਰ ਨੌਜਵਾਨ ਅਫ਼ਸਰ ਫ਼ੌਜ ਵਿੱਚ ਰਹਿਣਾ ਚਾਹੁੰਦਾ ਸੀ । ਉਸਨੇ ਬਣਾਵਟੀ ਪੈਰ ਦੀ ਕਾਢ ਕੱਢੀ ਤੇ ਆਪਣੇ ਹੀ ਡੀਜਾਈਨ ਦੇ ਹਿਸਾਬ ਨਾਲ ਇਸਨੂੰ ਬਣਵਾਇਆ। ਉਸਨੇ ਬੜੇ ਸਿਰੜ੍ਹ ਨਾਲ ਲੰਮੇ ਸਮੇਂ ਤੱਕ ਇਸਨੂੰ ਸਾਧਿਆ ਤੇ ਸਿੱਟੇ ਵਜੋਂ, ਜੰਗ ਖਤਮ ਹੋਣ ਤੋਂ ਪਹਿਲਾਂ ਫਿਰ ਫ਼ੌਜ ਵਿੱਚ ਮੁੜ ਆਇਆ। ਉਸਨੂੰ ਇਕ ਫ਼ੌਜੀ ਹਵਾਬਾਜੀ ਦੇ ਸਕੂਲ ਵਿੱਚ ਇੰਸਪੈਕਟਰ ਲਾ ਦਿਤਾ ਗਿਆ ਤੇ, ਜਿਵੇਂ ਕਿ ਲੇਖ ਵਿਚ ਲਿਖਿਆ ਗਿਆ ਸੀ, "ਕਦੀ ਕਦੀ ਆਪਣੇ ਹਵਾਈ ਜਹਾਜ਼ ਵਿੱਚ ਉਡਾਣ ਕਰਨ ਦਾ ਖ਼ਤਰਾ ਵੀ ਮੁੱਲ ਲੈਂਦਾ ਸੀ।” ਉਸਨੂੰ ਅਫ਼ਸਰਾਂ ਦਾ ਸੇਂਟ ਜਾਰਜ ਕਰਾਸ ਦਿੱਤਾ ਗਿਆ ਤੇ ਉਹ ਵਾਯੂ ਸੈਨਾ ਵਿੱਚ ਸੇਵਾ ਕਰਦਾ ਰਿਹਾ ਜਦੋਂ ਤੱਕ ਕਿ ਉਹ ਇੱਕ ਹਾਦਸੇ ਵਿੱਚ ਮਾਰਿਆ ਨਾ ਗਿਆ।
ਮਰੇਸੇਯੇਵ ਨੇ ਲੇਖ ਨੂੰ ਇੱਕ ਵਾਰੀ, ਦੋ ਵਾਰੀ, ਤਿੰਨ ਵਾਰੀ ਪੜ੍ਹਿਆ । ਥੱਕੇ ਪਰ ਸਿਰੜ੍ਹੀ ਚਿਹਰੇ ਵਾਲਾ ਪਤਲਾ ਜਿਹਾ, ਨੌਜਵਾਨ ਲੈਫ਼ਟੀਨੈਂਟ ਕੁਝ ਖਿੱਚੀ ਖਿੱਚੀ, ਪਰ ਸਮੁੱਚੇ ਤੋਰ ਉਤੇ ਦਲੇਰ ਮੁਸਕ੍ਰਾਹਟ ਨਾਲ ਉਸ ਵੱਲ ਦੇਖ ਰਿਹਾ ਸੀ। ਉਸਨੇ ਆਪਣੀਆਂ ਉਂਗਲਾਂ ਨਾਲ ਵਾਲਾਂ ਦੀ ਕੰਘੀ ਕੀਤੀ ਆਪਣੀਆਂ ਨਜ਼ਰਾਂ ਰਸਾਲੇ ਉਤੇ ਹੀ ਟਿਕਾਈ ਉਹ ਮੰਜੇ ਨਾਲ ਦੇ ਕੱਪਬੋਰਡ ਉੱਪਰੋਂ ਪੈਨਸਿਲ ਟੋਲਣ ਲੱਗ ਪਿਆ, ਤੇ ਧਿਆਨ ਨਾਲ ਉਸਦੇ ਦੁਆਲੇ ਲੀਕਾਂ ਲਾ ਦਿਤੀਆਂ।
"ਪੜ੍ਹ ਲਿਐ ?" ਕੋਮੀਸਾਰ ਨੇ ਖਚਰੀ ਤੱਕਣੀ ਨਾਲ ਉਸਨੂੰ ਪੁੱਛਿਆ। ਅਲੈਕਸੇਈ ਚੁੱਪ ਰਿਹਾ। ਉਸਦੀਆਂ ਨਜ਼ਰਾਂ ਅਜੇ ਵੀ ਲੇਖ ਉਤੇ ਟਿਕੀਆਂ ਹੋਈਆਂ ਸਨ । "ਤਾਂ ਫਿਰ, ਕੀ ਖਿਆਲ ਹੈ ?"
"ਪਰ ਉਸਦਾ ਤਾਂ ਸਿਰਫ ਇੱਕ ਪੈਰ ਨਹੀਂ ਸੀ।"
"ਪਰ ਤੂੰ ਤਾਂ ਸੋਵੀਅਤ ਇਨਸਾਨ ਹੈ।"
"ਉਹ ਫਰਮਾਨ' ਉਡਾਉਂਦਾ ਸੀ । ਇਹ ਕੋਈ ਹਵਾਈ ਜਹਾਜ਼ ਹੁੰਦੈ ? ਇਹ ਤਾਂ ਨਿਕਸੁਕ ਰੱਖਣ ਦੀ ਅਲਮਾਰੀ ਹੁੰਦੀ ਹੈ। ਉਸ ਵਿੱਚ ਉਡਾਉਣ ਵਾਲੀ ਕਿਹੜੀ ਗੱਲ ਹੁੰਦੀ ਹੈ ? ਉਸ