

ਬਣਾ ਰਿਹਾ ਸੀ, ਤੇ ਮਰੇਸੇਯੇਵ ਉਸਤੋਂ ਆਪਣੀਆਂ ਨਜ਼ਰਾਂ ਨਾ ਹਟਾ ਸਕਿਆ, ਭਾਵੇਂ ਉਹ ਚੇਤੰਨ ਸੀ ਕਿ ਇੰਝ ਕਰਨਾ ਠੀਕ ਨਹੀਂ।
"ਅਈ, ਅਈ ਨੰਨ੍ਹੀ ਸਿਸਟਰ ਦੇਖ, ਅੱਥਰੂ ਨਾ ਵਹਾਅ। ਸ਼ਇਦ ਤੈਨੂੰ ਕੁਝ ਬਰੋਮਾਈਡ ਦੇਣਾ ਚਾਹੀਦੈ ?" ਕੋਮੀਸਾਰ ਬੋਲਿਆ, ਜਿਸ ਤਰ੍ਹਾਂ ਕਿਸੇ ਛੋਟੀ ਕੁੜੀ ਨੂੰ ਕਹਿ ਰਿਹਾ ਹੁੰਦੇ।
"ਫਿਰ ਮਜ਼ਾਕ। ਕੈਸੇ ਆਦਮੀ ਹੋ ਤੁਸੀਂ? ਇਹ ਭਿਆਨਕ ਗੱਲ ਹੈ, ਸਮਝਦੇ ਹੋ, ਭਿਆਨਕ ਗੱਲ: ਹੱਸਣਾ, ਜਦ ਕਿ ਰੋਣਾ ਚਾਹੀਦੈ, ਦੂਜਿਆਂ ਨੂੰ ਤਸੱਲੀਆਂ ਦੇਣੀਆਂ, ਜਦ ਕਿ ਆਪਣੇ ਅੰਗ ਅੰਗ ਨੂੰ ਤਰਾਟਾਂ ਪੈ ਰਹੀਆਂ ਹੋਣ । ਤੁਸੀਂ, ਮੇਰੇ ਪਿਆਰੇ, ਪਿਆਰੇ ਭਲੇ ਆਦਮੀ! ਤੁਹਾਨੂੰ ਆਪਣੇ ਵੱਲ ਇਸ ਤਰ੍ਹਾਂ ਦਾ ਵਤੀਰਾ ਰੱਖਣ ਦੀ ਹਿੰਮਤ ਨਹੀਂ ਕਰਨੀ ਚਾਹੀਦੀ, ਸੁਣਦੇ ਹੋ ? ਹਿੰਮਤ ਨਹੀਂ ਕਰਨੀ ਚਾਹੀਦੀ!"
ਉਸਨੇ ਆਪਣਾ ਸਿਰ ਹੇਠਾਂ ਕਰ ਲਿਆ ਤੇ ਕਿੰਨਾਂ ਚਿਰ ਚੁੱਪ-ਚਾਪ ਰੋਂਦੀ ਰਹੀ। ਉਦਾਸ, ਮਿਹਰਬਾਨ ਅੱਖਾਂ ਨਾਲ ਕੋਮੀਸਾਰ ਉਸਦੇ ਪਤਲੇ, ਚਿੱਟਾ ਚੋਗਾ ਪਾਈ ਕੰਬਦੇ ਮੋਢਿਆਂ ਵੱਲ ਦੇਖ ਰਿਹਾ ਸੀ।
"ਹੁਣ ਦੇਰ ਹੋ ਚੁੱਕੀ ਏ, ਸਿਸਟਰ, ਦੇਰ ਹੋ ਚੁੱਕੀ ਏ । ਆਪਣੇ ਨਿੱਜੀ ਮਾਮਲਿਆਂ ਵਿਚ ਮੈਂ ਹਮੇਸ਼ਾ ਹੀ ਬੇਸ਼ਰਮੀ ਦੀ ਹੱਦ ਤੱਕ ਦੇਰ ਕਰਦਾ ਰਿਹਾ ਹਾਂ, ਦੂਜੀਆਂ ਚੀਜਾਂ ਨੇ ਹੀ ਕਦੀ ਵਿਹਲ ਨਹੀਂ ਦਿੱਤੀ। ਤੇ ਹੁਣ, ਮੈਨੂੰ ਲੱਗਦੈ, ਬਿਲਕੁਲ ਹੀ ਦੇਰ ਹੋ ਗਈ ਹੈ।"
ਕੋਮੀਸਾਰ ਨੇ ਹਉਂਕਾ ਭਰਿਆ। ਨਰਸ ਨੇ ਸਿਰ ਚੁੱਕਿਆ ਤੇ ਅੱਥਰੂ-ਭਰੀਆਂ ਅੱਖਾਂ ਨਾਲ, ਤਾਂਘ ਭਰੀ ਆਸਵੰਦੀ ਨਾਲ ਉਸ ਵੱਲ ਦੇਖਿਆ। ਉਹ ਮੁਸਕ੍ਰਾਇਆ, ਮੁੜ ਕੇ ਉਸਨੇ ਠੰਡਾ ਸਾਹ ਭਰਿਆ ਤੇ ਆਪਣੇ ਸੁਭਾਉਕੀ ਮਿਹਰਬਾਨ ਤੇ ਹਲਕੇ ਜਿਹੇ ਮਜ਼ਾਕੀਆ ਅੰਦਾਜ਼ ਵਿੱਚ ਕਹਿਣਾ ਜਾਰੀ ਰੱਖਿਆ:
"ਲੈ ਸੁਣ ਇਹ ਕਹਾਣੀ, ਤੂੰ ਸਿਆਣੀ ਕੁੜੀ ਏ। ਮੈਨੂੰ ਹੁਣੇ ਹੀ ਇਹ ਯਾਦ ਆਈ ਏਂ। ਬਹੁਤ ਹੀ ਦੇਰ ਦੀ ਇਹ ਗੱਲ ਏ। ਘਰੇਲੂ ਜੰਗ ਵੇਲੇ ਦੀ, ਤੁਰਕਿਸਤਾਨ ਵਿੱਚ ਵਾਪਰੀ ਸੀ। ਹਾਂ । ਰਸਾਲਾ ਫ਼ੌਜ ਦਾ ਇੱਕ ਸੁਕਾਡਰਨ ਬਸਮਾਚੀ ਦਾ ਪਿੱਛਾ ਕਰਦਾ ਹੋਇਆ ਐਸੇ ਮਾਰੂਥਲ ਵਿੱਚ ਜਾ ਪੁੱਜਾ ਕਿ ਘੋੜੇ ਇੱਕ ਇੱਕ ਕਰਕੇ ਮਰਨ ਲੱਗੇ। ਘੋੜੇ ਰੂਸੀ ਸਨ, ਰੇਤਲੀਆਂ ਥਾਵਾਂ ਦੇ ਆਦੀ ਨਹੀਂ ਸਨ। ਤੇ ਰਸਾਲਾ ਫ਼ੌਜ ਤੋਂ ਅਸੀਂ ਪਿਆਦਾ ਫ਼ੌਜ ਬਣ ਗਏ। ਹਾਂ। ਤੇ ਕਮਾਂਡਰ ਨੇ ਫ਼ੈਸਲਾ ਇਹ ਕੀਤਾ ਕਿ ਸਾਰਾ ਸਾਜ਼-ਸਾਮਾਨ ਸੁੱਟ ਕੇ, ਸਿਰਫ ਹਥਿਆਰ ਲੈ ਕੇ ਪੈਦਲ ਕਿਸੇ ਵੱਡੇ ਸ਼ਹਿਰ ਵੱਲ ਤੁਰ ਪਿਆ ਜਾਏ। ਇਹ ਇੱਕ ਸੌ ਸੱਠ ਕਿਲੋਮੀਟਰ ਦੂਰੀ ਉੱਤੇ ਸੀ, ਤੇ ਰਸਤਾ ਨਿਰੋਲ ਮਾਰੂਥਲੀ ਸੀ। ਮਹਿਸੂਸ ਕਰ ਸਕਦੀ ਹੈ; ਤੂੰ ਨਿੱਕੀ ਜਿਹੀ ਸਿਆਣੀ ਕੁੜੀ ਏਂ। ਇੱਕ ਦਿਨ ਅਸੀਂ ਤੁਰਦੇ ਗਏ, ਦੂਜਾ ਦਿਨ ਤੁਰਦੇ ਗਏ, ਤੀਜਾ ਦਿਨ ਤੁਰਦੇ ਗਏ। ਸੂਰਜ ਲੁਹ ਰਿਹਾ ਸੀ । ਪੀਣ ਨੂੰ ਪਾਣੀ ਨਹੀਂ ਸੀ । ਸਾਡੇ ਮੂੰਹ ਏਨੇ ਸੁੱਕੇ ਹੋਏ ਸਨ ਕਿ ਚਮੜੀ ਫੁੱਟ ਰਹੀ ਸੀ। ਤੇ ਹਵਾ ਵਿੱਚ ਗਰਮ ਰੇਤ ਸੀ, ਸਾਡੇ ਪੈਰਾਂ ਹੇਠਾਂ ਰੇਤ ਸਰ-ਸਰ ਕਰਦੀ ਸੀ, ਸਾਡੇ ਦੰਦਾਂ ਹੇਠ ਕਿਰਚ-ਕਿਰਚ ਕਰਦੀ ਸੀ, ਅੱਖਾਂ ਵਿੱਚ ਰੜਕਦੀ ਸੀ, ਸਾਡੇ ਗਲਿਆਂ ਤੋਂ