

ਉਹ ਦੇਰ ਨਾਲ ਉੱਠਿਆ, ਜਦੋਂ ਸੂਰਜ ਦੀਆਂ ਕਿਰਨਾਂ ਵਾਰਡ ਦੇ ਅੱਧ ਤੱਕ ਪੁੱਜ ਚੁੱਕੀਆਂ ਸਨ, ਜਿਸਦਾ ਮਤਲਬ ਹੁੰਦਾ ਸੀ ਕਿ ਦੁਪਹਿਰ ਹੋ ਗਈ ਹੈ; ਤੇ ਜਦੋਂ ਉਹ ਉਠਿਆ ਤਾਂ ਉਸਦੇ ਦਿਲ ਵਿੱਚ ਕੋਈ ਖੁਸ਼ੀ ਦੀ ਭਾਵਨਾ ਸੀ । ਕਿਸੇ ਸੁਪਨੇ ਕਾਰਨ ? ਕਿਹੜੇ ਸੁਪਨੇ ਕਾਰਨ ?... ਉਸਦੀ ਨਜ਼ਰ ਰਸਾਲੇ ਉੱਤੇ ਪਈ, ਜਿਸਨੂੰ ਉਸਨੇ ਸੁੱਤੇ ਨੇ ਘੁੱਟ ਕੇ ਫੜ ਰਖਿਆ ਸੀ; ਮਰੋੜੇ ਪਏ ਕਾਗਜ਼ ਉੱਪਰੋਂ ਲੈਫ਼ਟੀਨੈਂਟ ਕਾਰਪੋਵਿਚ ਅਜੇ ਵੀ ਉਹ ਖਿੱਚੀ ਖਿੱਚੀ, ਦਲੇਰ ਮੁਸਕਾਣ ਸੁੱਟ ਰਿਹਾ ਸੀ । ਮਰੇਸੇਯੇਵ ਨੇ ਧਿਆਨ ਨਾਲ ਰਸਾਲੇ ਨੂੰ ਸਿੱਧਿਆਂ ਕੀਤਾ ਤੇ ਲੈਫ਼ਟੀਨੈਂਟ ਨੂੰ ਅੱਖ ਮਾਰੀ।
ਕੋਮੀਸਾਰ ਪਹਿਲਾਂ ਹੀ ਮੂੰਹ-ਹੱਥ ਧੋ ਕੇ ਤੇ ਵਾਲ-ਸਵਾਰ ਕੇ ਬੈਠਾ ਉਸ ਵੱਲ ਮੁਸਕਾਉਂਦਾ ਹੋਇਆ ਦੇਖ ਰਿਹਾ ਸੀ।
"ਤੂੰ ਇਹਨੂੰ ਕੀ ਅੱਖਾਂ ਮਾਰਨ ਡਿਹੈਂ।" ਉਸਨੇ ਖੁਸ਼ੀ ਮਹਿਸੂਸ ਕਰਦਿਆਂ ਪੁੱਛਿਆ।
"ਉਡਾਂਗੇ," ਅਲੈਕਸੇਈ ਨੇ ਜਵਾਬ ਦਿੱਤਾ।
"ਤੇ ਕਿੱਦਾਂ ? ਉਸਦਾ ਸਿਰਫ ਇੱਕ ਪੈਰ ਨਹੀਂ ਸੀ, ਪਰ ਤੇਰੇ ਦੋਵੇਂ ਹੀ ਨਹੀਂ।"
"ਪਰ ਮੈਂ ਸੋਵੀਅਤ ਇਨਸਾਨ ਹਾਂ, ਰੂਸੀ ।" ਮਰੇਸੇਯੇਵ ਜਵਾਬ ਵਿੱਚ ਬੋਲਿਆ।
ਉਸਨੇ ਇਹ ਲਫ਼ਜ਼ ਐਸੇ ਅੰਦਾਜ਼ ਵਿੱਚ ਕਹੇ, ਜਿਵੇਂ ਕਿ ਇਹ ਇਸ ਗੱਲ ਦੀ ਜਮਾਨਤ ਹੋਣ ਕਿ ਉਹ ਲੈਫ਼ਟੀਨੈਂਟ ਕਾਰਪੋਵਿਚ ਨੂੰ ਜ਼ਰੂਰ ਪਿੱਛੇ ਛੱਡ ਜਾਇਗਾ ਤੇ ਜ਼ਰੂਰ ਉਡਾਣ ਕਰੇਗਾ।
ਨਾਸ਼ਤੇ ਵੇਲੇ ਵਾਰਡ ਦੀ ਨੌਕਰਾਣੀ ਨੇ ਜੋ ਕੁਝ ਵੀ ਲਿਆਂਦਾ, ਉਹ ਸਭ ਖਾ ਗਿਆ, ਬੜਾ ਹੈਰਾਨ ਹੋ ਕੇ ਆਪਣੀ ਖਾਲੀ ਪਲੇਟ ਵੱਲ ਦੇਖਣ ਲੱਗ ਪਿਆ ਤੇ ਹੋਰ ਮੰਗ ਕੀਤੀ ਉਹ ਬੈਚੈਨ ਉਤੇਜਨਾ ਵਾਲੀ ਅਵਸਥਾ ਵਿੱਚ ਸੀ; ਉਹ ਗਾਉਣ ਲੱਗ ਪੈਂਦਾ, ਸੀਟੀ ਮਾਰਨ ਲੱਗ ਪੈਂਦਾ ਤੇ ਆਪਣੇ ਆਪ ਨਾਲ ਹੀ ਉੱਚੀ ਉੱਚੀ ਦਲੀਲਾਂ ਕਰਨ ਲੱਗ ਪੈਂਦਾ। ਜਦੋਂ ਪ੍ਰੋਫੈਸਰ ਆਪਣੇ ਰਾਊਂਡ ਉੱਤੇ ਆਇਆ, ਤਾਂ ਉਸਦੇ ਰੌਅ ਤੋਂ ਲਾਭ ਉਠਾਉਂਦਿਆਂ, ਉਸਨੇ ਉਸਨੂੰ ਸਵਾਲਾਂ ਨਾਲ ਜਿੱਚ ਕਰਨਾ ਸ਼ੁਰੂ ਕਰ ਦਿੱਤਾ ਕਿ ਜਲਦੀ ਹੀ ਰਾਜ਼ੀ ਹੋਣ ਲਈ ਕੀ ਕਰਨਾ ਜ਼ਰੂਰੀ ਹੈ। ਪ੍ਰੋਫੈਸਰ ਨੇ ਜਵਾਬ ਦਿੱਤਾ ਕਿ ਉਸਨੂੰ ਵਧੇਰੇ ਖਾਣਾ ਤੇ ਵਧੇਰੇ ਸੌਣਾ ਚਾਹੀਦਾ ਹੈ। ਉਸਤੋਂ ਮਗਰੋਂ, ਦੁਪਹਿਰ ਦੇ ਖਾਣੇ ਵੇਲੇ ਅਲੈਕਸੇਈ ਨੇ ਦੂਜਾ ਕੋਰਸ ਦੋ ਵਾਰੀ ਮੰਗਿਆ ਤੇ ਚਾਰ ਕਤਲੇਤਾਂ ਕੋਸ਼ਿਸ਼ ਕਰਕੇ ਖਾ ਗਿਆ । ਦੁਪਹਿਰੇ ਉਹ ਸੌਂ ਤਾਂ ਨਾ ਸਕਿਆ, ਪਰ ਅੱਖਾਂ ਬੰਦ ਕਰੀ ਡੇਢ ਘੰਟਾ ਉਹ ਲੰਮਾ ਪਿਆ ਰਿਹਾ।
ਖੁਸ਼ੀ ਬੰਦੇ ਨੂੰ ਖੁਦ-ਪਸੰਦ ਬਣਾ ਦੇਂਦੀ ਹੈ। ਜਦੋਂ ਅਲੈਕਸੇਈ ਪ੍ਰੋਫ਼ੈਸਰ ਨੂੰ ਸਵਾਲਾਂ ਨਾਲ ਜਿੱਚ ਕਰ ਰਿਹਾ ਸੀ, ਤਾਂ ਉਸਨੇ ਉਸ ਗੱਲ ਵੱਲ ਧਿਆਨ ਨਾ ਦਿੱਤਾ, ਜਿਸ ਵੱਲ ਸਾਰੇ ਵਾਰਡ ਦਾ ਧਿਆਨ ਖਿੱਚਿਆ ਗਿਆ ਸੀ । ਵਾਸਿਲੀ ਵਾਸਿਲੀਏਵਿਚ ਹਮੇਸ਼ਾ ਵਾਂਗ ਪੂਰੇ ਵਕਤ ਸਿਰ ਆਪਣੇ ਰਾਊਂਡ ਉੱਤੇ ਆਇਆ, ਜਦੋਂ ਸੂਰਜ ਦੀਆਂ ਕਿਰਨਾਂ, ਹੌਲੀ ਹੌਲੀ ਵਾਰਡ ਦੇ ਸਾਰੇ ਫਰਸ਼ ਦੇ ਉੱਪਰੋਂ ਦੀ ਹੁੰਦੀਆਂ ਹੋਈਆਂ ਉਸ ਥਾਂ ਪੁੱਜ ਗਈਆਂ ਸਨ, ਜਿੱਥੋਂ ਫਰਸ਼ ਦੀ ਲਕੜੀ ਦਾ ਇੱਕ ਟੋਟਾ ਲੱਥਾ ਹੋਇਆ ਸੀ । ਪ੍ਰੋਫ਼ੈਸਰ ਹਮੇਸ਼ਾ ਵਾਂਗ ਦੇਖਣ ਵਿੱਚ