

ਵਿੱਚ ਰਾਜਧਾਨੀ ਦੀ ਪਤਲੀ ਪੈ ਚੁੱਕੀ ਮੋਟਰ ਸਰਵਿਸ ਨੂੰ ਪੂਰਦੀਆਂ ਸਨ। ਕੁਕੁਸ਼ਕਿਨ ਦੀ ਸੋਗੀ ਪੇਸ਼ਗੋਈ ਦੇ ਬਾਵਜੂਦ, ਵਾਰਡ ਨੰਬਰ ਬਤਾਲੀ ਵਿੱਚੋਂ ਕੋਈ ਵੀ ਬਸੰਤ ਦੇ ਹੜ੍ਹ ਨਾਲ ਨਹੀਂ ਸੀ ਧੋਤਾ ਗਿਆ। ਕੋਮੀਸਾਰ ਤੋਂ ਛੁੱਟ ਸਾਰੇ ਹੀ ਚੰਗੇ ਹੋ ਰਹੇ ਸਨ ਤੇ ਵਾਰਡ ਵਿੱਚ ਬਹੁਤੀ ਗੱਲਬਾਤ ਹੁਣ ਹਸਪਤਾਲ ਤੋਂ ਡਿਸਚਾਰਜ ਕੀਤੇ ਜਾਣ ਬਾਰੇ ਹੁੰਦੀ ਸੀ।
ਸਭ ਤੋਂ ਪਹਿਲਾਂ ਸਤੇਪਾਨ ਈਵਾਨੋਵਿਚ ਨੂੰ ਵਾਰਡ ਤੋਂ ਛੁੱਟੀ ਮਿਲੀ । ਇਸਤੋਂ ਇੱਕ ਦਿਨ ਪਹਿਲਾਂ ਉਹ ਫ਼ਿਕਰ, ਖੁਸ਼ੀ ਤੇ ਉਤਸ਼ਾਹ ਦੀਆਂ ਮਿਲੀਆਂ ਜੁਲੀਆਂ ਭਾਵਨਾਵਾਂ ਨਾਲ ਹਸਪਤਾਲ ਵਿੱਚ ਘੁੰਮਦਾ ਰਿਹਾ। ਉਹ ਘੜੀ ਪਲ ਲਈ ਵੀ ਚੈਨ ਨਾਲ ਨਹੀਂ ਸੀ ਬੈਠ ਸਕਦਾ। ਬਰਾਮਦੇ ਵਿੱਚ ਕੁਝ ਮਰੀਜ਼ਾਂ ਨਾਲ ਗੱਲਾਂ ਮਾਰਨ ਪਿੱਛੋਂ ਉਹ ਵਾਰਡ ਵਿੱਚ ਵਾਪਸ ਆ ਜਾਂਦਾ, ਬਾਰੀ ਕੋਲ ਆ ਬੈਠਦਾ, ਡਬਲਰੋਟੀ ਵਿੱਚੋਂ ਕੁਝ ਬਣਾਉਣਾ ਸ਼ੁਰੂ ਕਰ ਦੇਂਦਾ, ਪਰ ਫਿਰ ਭੁੜਕ ਕੇ ਉੱਠ ਖਲੋਂਦਾ ਤੇ ਵਾਰਡ ਵਿੱਚੋਂ ਨਿੱਕਲ ਜਾਂਦਾ । ਸਿਰਫ਼ ਸ਼ਾਮ ਨੂੰ ਕਿਤੇ ਜਾ ਕੇ, ਜਦੋਂ ਸੰਧਿਆ ਹੋ ਚੁੱਕੀ ਸੀ, ਉਹ ਬਾਰੀ ਉੱਤੇ ਜਾ ਚੜ੍ਹਿਆ ਤੇ ਡੂੰਘੀ ਸੋਚ ਵਿੱਚ ਡੁੱਬਾ, ਠੰਡੇ ਸਾਹ ਤੇ ਹਉਂਕੇ ਭਰਦਾ ਬੈਠਾ ਰਿਹਾ । ਇਹ ਉਹ ਸਮਾਂ ਹੁੰਦਾ ਸੀ ਜਦੋਂ ਮਰੀਜ਼ਾਂ ਦਾ ਵੱਖੋਂ ਵੱਖਰਾ ਇਲਾਜ ਹੋ ਰਿਹਾ ਹੁੰਦਾ ਸੀ, ਤੇ ਵਾਰਡ ਵਿੱਚ ਹੋਰ ਸਿਰਫ਼ ਦੋ ਹੀ ਮਰੀਜ਼ ਸਨ: ਕੋਮੀਸਾਰ, ਜਿਹੜਾ ਚੁੱਪ-ਚਾਪ ਸਤੇਪਾਨ ਈਵਾਨੋਵਿਚ ਨੂੰ ਦੇਖ ਰਿਹਾ ਸੀ, ਤੇ ਮਰੇਸੇਯੇਵ, ਜਿਹੜਾ ਸੌਣ ਦੀ ਪੂਰੀ ਕੋਸ਼ਿਸ਼ ਕਰ ਰਿਹਾ ਸੀ।
ਚੁੱਪ-ਚਾਂ ਸੀ। ਇੱਕਦਮ ਕੋਮੀਸਾਰ ਨੇ ਸਤੇਪਾਨ ਈਵਾਨੋਵਿਚ ਵੱਲ ਮੂੰਹ ਮੋੜਿਆ, ਜਿਸਦੀ ਪ੍ਰੋਫ਼ਾਈਲ ਡੁੱਬਦੇ ਸੂਰਜ ਦੀਆਂ ਆਖ਼ਰੀ ਕਿਰਨਾਂ ਦੇ ਚਾਨਣ ਵਿੱਚ ਸਪਸ਼ਟ ਉੱਘੜ ਰਹੀ ਸੀ, ਤੇ ਮਸਾਂ ਸੁਣੀਂਦੀ ਅਵਾਜ਼ ਵਿੱਚ ਬੋਲਿਆ:
"ਪਿੰਡ ਵਿੱਚ ਇਸ ਵੇਲੇ ਸੰਧਿਆ ਹੈ ਤੇ ਚੁੱਪ-ਚਾਂ। ਗਰਮ ਹੋ ਰਹੀ ਧਰਤੀ ਦੀ, ਸਿਲ੍ਹੀ ਖਾਦ, ਤੇ ਲਕੜੀ ਦੇ ਧੂੰਏਂ ਦੀ ਵਾਸ਼ਨਾ। ਗਾਂ ਆਪਣੇ ਕੋਠੇ ਵਿੱਚ ਘਾਹ ਦੇ ਵਿਛਾਉਣੇ ਉੱਤੇ ਖ਼ੁਰ ਮਾਰ ਰਹੀ ਹੈ; ਬੇਚੈਨ ਹੈ, ਸੂਣ ਦਾ ਸਮਾਂ ਆ ਗਿਐ। ਬਸੰਤ ਹੈ।... ਪਤਾ ਨਹੀਂ ਔਰਤਾਂ ਖੇਤਾਂ ਵਿੱਚ ਖਾਦ ਵਿਛਾ ਵੀ ਸਕੀਆਂ ਹੋਣਗੀਆਂ ਕਿ ਨਹੀਂ ? ਤੇ ਬੀਜ, ਤੇ ਜੋਤਰਾ -ਸਭ ਕੁਝ ਠੀਕ-ਠਾਕ ਹੋਵੇਗਾ?"
ਮਰੇਸੇਯੇਵ ਨੂੰ ਲੱਗਾ ਕਿ ਸਤੇਪਾਨ ਈਵਾਨੋਵਿਚ ਮੁਸਕਰਾ ਰਹੇ ਕੋਮੀਸਾਰ ਵੱਲ ਏਨਾਂ ਹੈਰਾਨੀ ਨਾਲ ਨਹੀਂ ਜਿੰਨਾਂ ਡਰ ਨਾਲ ਦੇਖ ਰਿਹਾ ਸੀ, ਜਦੋਂ ਉਹ ਬੋਲਿਆ:
"ਤੁਸੀਂ ਜ਼ਰੂਰ ਕੋਈ ਜਾਣੀ-ਜਾਣ ਹੋ, ਸਾਥੀ ਰੈਜਮੈਂਟਲ ਕੋਮੀਸਾਰ, ਜਿਹੜੇ ਲੋਕਾਂ ਦੇ ਵਿਚਾਰਾਂ ਨੂੰ ਇੰਝ ਪੜ੍ਹ ਲੈਂਦੇ ਹੋ।... ਹਾਂ, ਔਰਤਾਂ ਸੱਚਮੁੱਚ ਬੜੀਆਂ ਕਾਮੀਆਂ ਹਨ, ਠੀਕ ਹੈ, ਪਰ ਰੱਬ ਜਾਣੇ ਸਾਡੇ ਤੋਂ ਬਿਨਾਂ ਉਹ ਕਿਵੇਂ ਚਲਾ ਰਹੀਆਂ ਨੇ। ਸੱਚਮੁੱਚ!"
ਫਿਰ ਚੁੱਪ ਛਾ ਗਈ। ਦਰਿਆ ਉੱਪਰ ਇੱਕ ਜਹਾਜ਼ ਦਾ ਘੁੱਗੂ ਵੱਜਾ ਤੇ ਇਸਦੀ ਅਵਾਜ਼ ਪਾਣੀ ਉੱਪਰ ਖੁਸ਼ੀ ਨਾਲ ਰਿੜ੍ਹਣ ਲੱਗੀ ਗਰੇਨਾਈਟ ਦੇ ਕੰਢਿਆਂ ਵਿਚਕਾਰ ਗੂੰਜਣ ਲੱਗੀ।
"ਤੁਹਾਡਾ ਕੀ ਖਿਆਲ ਹੈ ਕਿ ਜੰਗ ਜਲਦੀ ਖ਼ਤਮ ਹੋ ਜਾਏਗੀ ?" ਪਤਾ ਨਹੀਂ ਕਿਉਂ,