Back ArrowLogo
Info
Profile

ਮਸਾਂ ਸੁਣੀਂਦੀ ਅਵਾਜ਼ ਵਿੱਚ ਬੋਲਦਿਆਂ ਸਤੇਪਾਨ ਈਵਾਨੋਵਿਚ ਨੇ ਕਿਹਾ। "ਗਹਾਈ ਤੱਕ ਖ਼ਤਮ ਨਹੀਂ ਹੋ ਜਾਏਗੀ ?"

"ਤੈਨੂੰ ਕੀ ?” ਤੇਰੀ ਉਮਰ ਦਿਆਂ ਨੂੰ ਲੜਾਈ ਲਈ ਨਹੀਂ ਭਰਤੀ ਕੀਤਾ ਗਿਆ; ਤੂੰ ਵਲੰਟੀਅਰ ਏਂ, ਆਪਣੇ ਵੰਡੇ ਦਾ ਲੜ ਚੁਕੈਂ। ਤੂੰ ਅਰਜ਼ੀ ਦੇ, ਤੈਨੂੰ ਛੁੱਟੀ ਮਿਲ ਜਾਏਗੀ, ਤੇ ਫਿਰ ਔਰਤਾਂ ਦੀ ਕਮਾਨ ਸੰਭਾਲ ਲਵੀਂ। ਪਿੱਛੇ ਵੀ ਕਾਰੋਬਾਰ ਚਲਾਉਣ ਵਾਲੇ ਬੰਦਿਆਂ ਦੀ ਲੋੜ ਹੈ, ਹੈ ਨਾ ? ਕੀ ਖਿਆਲ ਹੈ, ਦਾਹੜੀ ਵਾਲੇ ?"

ਕੋਮੀਸਾਰ ਇਹ ਕਹਿੰਦਾ ਹੋਇਆ ਬੁੱਢੇ ਸਿਪਾਹੀ ਵੱਲ ਇੰਝ ਦਿਆਲਤਾ ਨਾਲ ਦੇਖ ਰਿਹਾ ਸੀ ਕਿ ਉਹ ਛਾਲ ਮਾਰ ਕੇ ਬਾਰੀ ਤੋਂ ਹੇਠਾਂ ਉਤਰਿਆ, ਤੇ ਉਤੇਜਿਤ ਤੇ ਭਾਵਕ ਹੋਇਆ ਹੋਇਆ ਬੋਲਿਆ:

"ਛੁੱਟੀ ਮਿਲ ਜਾਏਗੀ ? ਹੈਂ ? ਮੈਂ ਵੀ ਇਸੇ ਬਾਰੇ ਹੀ ਸੋਚ ਰਿਹਾ ਸਾਂ, ਜ਼ਰੂਰ ਛੁੱਟੀ ਦੇ ਦੇਣਗੇ। ਮੈਂ ਆਪਣੇ ਮਨ ਵਿੱਚ ਸੋਚ ਰਿਹਾ ਸਾਂ: ਜੇ ਮੈਂ ਕਮਿਸ਼ਨ ਨੂੰ ਅਰਜ਼ੀ ਦੇ ਦੇਵਾਂ ਤਾਂ ? ਆਖ਼ਰ ਮੈਂ ਤਿੰਨ ਜੰਗਾਂ ਲੜ ਚੁੱਕਾ ਹਾਂ: ਸਾਮਰਾਜੀ ਜੰਗ, ਘਰੇਲੂ ਜੰਗ, ਤੇ ਜ਼ਰਾ ਕੁ ਇਹ ਜੰਗ ਵੀ। ਇਹ ਕਾਫ਼ੀ ਨਹੀਂ, ਹੈਂ ? ਤੁਸੀਂ ਕੀ ਸਲਾਹ ਦੇਂਦੇ ਹੋ, ਸਾਥੀ ਰੈਜਮੈਂਟਲ ਕੋਮੀਸਾਰ ?"

"ਆਪਣੀ ਅਰਜ਼ੀ ਵਿੱਚ ਲਿਖੀ: ਕਿਰਪਾ ਕਰਕੇ ਮੈਨੂੰ ਪਿੱਛੇ ਔਰਤਾਂ ਕੋਲ ਜਾਣ ਦਿਓ, ਤੇ ਜਰਮਨਾਂ ਤੋਂ ਮੇਰੀ ਰਾਖੀ ਕਰਨ ਲਈ ਦੂਜੇ ਹੈਗੇ ਨੇ" ਆਪਣੇ ਆਪ ਨੂੰ ਕਾਬੂ ਵਿੱਚ ਰੱਖਣ ਤੋਂ ਅਸਮਰਥ, ਮਰੇਸੇਯੇਵ ਆਪਣੇ ਮੰਜੇ ਤੋਂ ਬੋਲਿਆ। ਸਤੇਪਾਨ ਈਵਾਨੋਵਿਚ ਦੋਸ਼ੀਆਂ ਵਾਂਗ ਉਸ ਵੱਲ ਦੇਖਣ ਲੱਗਾ। ਕੋਮੀਸਾਰ ਨੇ ਗੁੱਸੇ ਵਿੱਚ ਭਵਾਂ ਸੁੰਗੇੜੀਆਂ ਤੇ ਬੋਲਿਆ:

"ਮੈਨੂੰ ਨਹੀਂ ਪਤਾ ਤੈਨੂੰ ਕੀ ਸਲਾਹ ਦੇਵਾਂ, ਸਤੇਪਾਨ ਈਵਾਨੋਵਿਚ, ਆਪਣੇ ਦਿਲ ਤੋਂ ਪੁੱਛ ਦੇਖ। ਇਹ ਰੂਸੀ ਦਿਲ ਹੈ, ਇਹ ਤੈਨੂੰ ਦੱਸ ਦੇਵੇਗਾ।"

ਅਗਲੇ ਦਿਨ, ਸਤੇਪਾਨ ਈਵਾਨੋਵਿਚ ਨੂੰ ਹਸਪਤਾਲ ਤੋਂ ਛੁੱਟੀ ਮਿਲ ਗਈ। ਉਹ ਫ਼ੌਜੀ ਵਰਦੀ ਪਾਈ, ਅਲਵਿਦਾ ਕਹਿਣ ਵਾਰਡ ਵਿੱਚ ਆਇਆ। ਛੋਟੇ ਕੱਦ ਦਾ ਬੰਦਾ, ਆਪਣੀ ਪੁਰਾਣੀ, ਉੱਡੇ ਰੰਗ ਵਾਲੀ ਕਮੀਜ਼ ਵਿੱਚ, ਜਿਹੜੀ ਧੋ ਧੋ ਕੇ ਚਿੱਟੀ ਹੋ ਗਈ ਸੀ, ਘੁੱਟ ਕੇ ਪੇਟੀ ਬੰਨ੍ਹੀ ਤੇ ਪਿੱਛੋਂ ਏਨੀ ਚੰਗੀ ਤਰ੍ਹਾਂ ਖਿੱਚ ਕੇ ਰੱਖੀ ਹੋਈ ਕਿ ਅਗਲੇ ਪਾਸੇ ਇੱਕ ਵੀ ਵੱਟ ਨਹੀਂ ਸੀ ਦਿਖਾਈ ਦੇਂਦਾ, ਉਹ ਆਪਣੀ ਉਮਰ ਨਾਲੋਂ ਘੱਟੋ-ਘੱਟ ਪੰਦਰਾਂ ਸਾਲ ਛੋਟਾ ਲੱਗ ਰਿਹਾ ਸੀ। ਉਸਦੀ ਛਾਤੀ ਉੱਤੇ ਚੁੰਧਿਆਉਣ ਦੀ ਹੱਦ ਤੱਕ ਲਿਸ਼ਕਾਇਆ ਗਿਆ ਸੋਵੀਅਤ ਯੂਨੀਅਨ ਦੇ ਯੋਧੇ ਦਾ ਸੁਨਹਿਰੀ ਸਿਤਾਰਾ, ਆਰਡਰ ਆਫ਼ ਲੈਨਿਨ ਤੇ "ਸੂਰਮਗਤੀ ਲਈ" ਤਮਗਾ ਲਟਕ ਰਿਹਾ ਸੀ । ਉਸਨੇ ਹਸਪਤਾਲ ਦਾ ਗਾਉਨ ਚੋਗੇ ਵਾਂਗ ਆਪਣੇ ਮੋਢਿਆਂ ਉੱਤੇ ਸੁੱਟਿਆ ਹੋਇਆ ਸੀ । ਉਸਦੇ ਪੁਰਾਣੇ, ਫ਼ੌਜੀ ਫੁੱਲ-ਬੂਟਾਂ ਦੇ ਪੱਬਾਂ ਤੋਂ ਲੈ ਕੇ ਮਰੋੜ ਕੇ ਸੂਇਆਂ ਵਾਂਗ ਬਣਾਈਆਂ ਉਸਦੀਆਂ ਮੁੱਛਾਂ ਦੇ ਸਿਰਿਆਂ ਤੱਕ, ਸਾਰਾ ਕੁਝ ਉਸ ਤਰ੍ਹਾਂ ਦੇ ਨਿਧੜਕ ਰੂਸੀ ਸਿਪਾਹੀ ਵਾਂਗ ਲੱਗ ਰਿਹਾ ਸੀ, ਜਿਸਦੀ ਤਸਵੀਰ ਪਹਿਲੀ ਸੰਸਾਰ ਜੰਗ ਸਮੇਂ ਕ੍ਰਿਸਮਿਸ ਕਾਰਡਾਂ ਉੱਪਰ ਦਿੱਤੀ ਹੁੰਦੀ ਸੀ।

151 / 372
Previous
Next