

ਗਿਆ, ਤੇ ਮੱਥੇ ਨੂੰ ਮਲਣ ਲੱਗਾ, ਜਿਵੇਂ ਕੁਝ ਯਾਦ ਕਰਨ ਦੀ ਕੋਸ਼ਿਸ਼ ਕਰ ਰਿਹਾ ਹੋਵੇ। ਉਸ ਕੋਲੋਂ ਸ਼ਰਾਬ ਦੀ ਬੋਅ ਆ ਰਹੀ ਸੀ।
"ਆਓ ਜ਼ਰਾ ਬੈਠ ਜਾਓ, ਵਾਸਿਲੀ ਵਾਸਿਲੀਏਵਿਚ, ਜ਼ਰਾ ਸੰਧਿਆ ਦੀ ਗੱਪਸ਼ੱਪ ਹੋ ਜਾਏ," ਕੋਮੀਸਾਰ ਬੋਲਿਆ।
ਪ੍ਰੋਫੈਸਰ ਆਪਣੇ ਪੈਰ ਘਸੀਟਦਾ ਹੋਇਆ ਮੰਜੇ ਤੱਕ ਗਿਆ, ਇੰਝ ਜ਼ੋਰ ਨਾਲ ਇਸਦੀ ਬਾਹੀ ਉੱਤੇ ਜਾ ਕੇ ਬੈਠਾ ਕਿ ਸਪਰਿੰਗ ਚੀਂ-ਚੀਂ ਕਰ ਉੱਠੇ, ਤੇ ਆਪਣੀਆਂ ਪੁੜਪੜੀਆਂ ਮਲਣ ਲੱਗਾ। ਇਸਤੋਂ ਪਹਿਲਾਂ, ਰਾਊਂਡ ਲਾਉਂਦਿਆਂ, ਉਹ ਜੰਗ ਦੇ ਵਹਿਣ ਬਾਰੇ ਸੰਖੇਪ ਜਿਹੀ ਗੱਲਬਾਤ ਕਰਨ ਲਈ ਕੋਮੀਸਾਰ ਦੇ ਮੰਜੇ ਕੋਲ ਰੁਕ ਜਾਂਦਾ ਹੁੰਦਾ ਸੀ । ਸਾਫ਼ ਸੀ ਕਿ ਉਸਨੇ ਆਪਣੇ ਦੂਜੇ ਮਰੀਜ਼ਾਂ ਵਿੱਚੋਂ ਕੋਮੀਸਾਰ ਨੂੰ ਚੁਣਿਆ ਸੀ, ਸੋ ਉਸਦੇ ਇਸ ਸ਼ਾਮ ਦੇ ਦੌਰੇ ਬਾਰੇ ਕੋਈ ਅਜੀਬ ਲੱਗਣ ਵਾਲੀ ਗੱਲ ਨਹੀਂ ਸੀ । ਪਰ ਮਰੇਸੇਯੇਵ ਨੂੰ ਐਸਾ ਅਹਿਸਾਸ ਹੋਇਆ ਕਿ ਇਹ ਦੋ ਆਦਮੀ ਕੋਈ ਨਿੱਜੀ ਗੱਲਾਂ ਕਰਨੀਆਂ ਚਾਹੁੰਦੇ ਹਨ, ਜਿਹੜੀਆਂ ਤੀਜੇ ਦੇ ਕੰਨੀਂ ਨਹੀਂ ਪੈਣੀਆਂ ਚਾਹੀਦੀਆਂ। ਸੋ ਉਸਨੇ ਅੱਖਾਂ ਬੰਦ ਕਰ ਲਈਆਂ ਤੇ ਸੁੱਤੇ ਹੋਣ ਦਾ ਦਿਖਾਵਾ ਕਰਨ ਲੱਗਾ।
"ਅੱਜ ਉਨੱਤੀ ਅਪਰੈਲ ਹੈ — ਉਸਦਾ ਜਨਮ ਦਿਨ। ਉਹ ਅੱਜ ਛੱਤੀਆਂ ਦਾ ਹੋਇਐ... ਨਹੀਂ, ਹੋਣਾ ਸੀ," ਪ੍ਰੋਫ਼ੈਸਰ ਨੇ ਮੱਧਮ ਜਿਹੀ ਅਵਾਜ਼ ਵਿੱਚ ਕਿਹਾ।
ਬੜੀ ਮੁਸ਼ਕਲ ਨਾਲ ਕੋਮੀਸਾਰ ਨੇ ਆਪਣਾ ਵੱਡਾ ਸਾਰਾ, ਫੁੱਲਿਆ ਹੋਇਆ ਹੱਥ ਆਪਣੇ ਕੰਬਲ ਦੇ ਹੇਠੋਂ ਕੱਢਿਆ ਤੇ ਇਸਨੂੰ ਵਾਸਿਲੀ ਵਾਸਿਲੀਏਵਿਚ ਦੇ ਹੱਥ ਉੱਤੇ ਰੱਖ ਦਿੱਤਾ। ਤੇ ਐਸੀ ਗੱਲ ਵਾਪਰੀ ਜਿਸ ਉੱਤੇ ਯਕੀਨ ਨਹੀਂ ਸੀ ਆਉਂਦਾ: ਪ੍ਰੋਫੈਸਰ ਨੇ ਰੋਣਾ ਸ਼ੁਰੂ ਕਰ ਦਿੱਤਾ। ਇਸ ਵੱਡੇ ਸਾਰੇ, ਤਗੜੇ ਆਦਮੀ ਨੂੰ ਰੋਂਦਿਆਂ ਦੇਖਣਾ ਬੜਾ ਦੁਖਦਾਈ ਸੀ। ਅਲੈਕਸੇਈ ਨੇ ਅਚੇਤ ਹੀ ਮੋਢੇ ਸੁੰਗੜੇ ਤੇ ਆਪਣੇ ਸਿਰ ਨੂੰ ਕੰਬਲ ਹੇਠ ਢੱਕ ਲਿਆ।
"ਮਹਾਜ਼ ਉੱਤੇ ਜਾਣ ਤੋਂ ਪਹਿਲਾਂ, ਉਹ ਮੈਨੂੰ ਮਿਲਣ ਆਇਆ," ਪ੍ਰੋਫੈਸਰ ਨੇ ਗੱਲ ਜਾਰੀ ਰੱਖੀ। "ਉਸਨੇ ਮੈਨੂੰ ਦੱਸਿਆ ਕਿ ਉਹ ਲੋਕ-ਵਲੰਟੀਅਰਾਂ ਵਿੱਚ ਸ਼ਾਮਲ ਹੋ ਗਿਆ ਹੈ ਤੇ ਮੈਨੂੰ ਕਹਿਣ ਲੱਗਾ ਕਿ ਮੈਂ ਉਸਦੀ ਥਾਂ ਉਸਦੇ ਕੰਮ ਉੱਤੇ ਕਿਸੇ ਹੋਰ ਨੂੰ ਲਾ ਦੇਵਾਂ । ਉਹ ਏਥੇ ਮੇਰੇ ਨਾਲ ਕੰਮ ਕਰਦਾ ਸੀ । ਮੈਂ ਏਨਾਂ ਹੈਰਾਨ ਹੋਇਆ ਕਿ ਮੈਂ ਸਗੋਂ ਉਸ ਉੱਤੇ ਚੀਖਿਆ ਵੀ। ਮੈਨੂੰ ਇਹ ਸਮਝ ਨਹੀਂ ਸੀ ਆ ਰਹੀ ਕਿ ਚਿਤਿਕਸਾ ਵਿੱਚ ਡਾਕਟਰੀ ਕਰ ਚੁੱਕਾ ਬੰਦਾ ਤੇ ਏਨਾਂ ਗੁਣੀ ਵਿਗਿਆਨੀ ਬੰਦੂਕ ਕਿਉਂ ਚੁੱਕੇ! ਪਰ ਉਹ ਕਹਿਣ ਲੱਗਾ- ਮੈਨੂੰ ਉਹਦਾ ਇੱਕ ਇੱਕ ਲਫ਼ਜ਼ ਯਾਦ ਹੈ— ਉਹ ਕਹਿਣ ਲੱਗਾ: 'ਐਸੇ ਵੀ ਸਮੇਂ ਹੁੰਦੇ ਹਨ, ਪਾਪਾ, ਜਦੋਂ ਚਿਕਿਤਸਾ ਦੇ ਡਾਕਟਰ ਨੂੰ ਵੀ ਬੰਦੂਕ ਚੁੱਕਣੀ ਪੈਂਦੀ ਹੈ। ਉਸਨੇ ਬਿਲਕੁਲ ਇਹੀ ਗੱਲ ਕਹੀ ਤੇ ਮੈਨੂੰ ਮੁੜ ਕੇ ਪੁੱਛਣ ਲੱਗਾ: 'ਮੇਰੇ ਕੋਲ ਕੌਣ ਚਾਰਜ ਲਵੇਗਾ ?' ਮੇਰੇ ਲਈ ਸਿਰਫ਼ ਟੈਲੀਫੂਨ ਚੁੱਕਣ ਦੀ ਲੋੜ ਸੀ ਤੇ ਕੁਝ ਨਹੀਂ ਸੀ ਵਾਪਰਨਾ, ਕੁਝ ਨਹੀਂ, ਸਮਝਦੇ ਹੋ! ਉਹ ਮੇਰੇ ਇੱਥੇ ਇੱਕ ਵਿਭਾਗ ਦਾ ਮੁਖੀ ਸੀ, ਉਹ ਫ਼ੌਜੀ ਹਸਪਤਾਲ ਵਿੱਚ ਕੰਮ ਕਰ ਰਿਹਾ ਸੀ। ਕਿਉਂ, ਇਸੇ ਤਰ੍ਹਾਂ ਨਹੀਂ ?