

ਵਾਸਿਲੀ ਵਾਸਿਲੀਏਵਿਚ ਚੁੱਪ ਹੋ ਗਿਆ। ਉਸਦਾ ਭਾਰਾ ਤੇ ਘਰਰ-ਘਰਰ ਕਰਦਾ ਸਾਹ ਸੁਣਿਆ ਜਾ ਸਕਦਾ ਸੀ।
“ਰਹਿਣ ਦਿਓ, ਰਹਿਣ ਦਿਓ, ਕੀ ਕਰ ਰਹੇ ਹੋ; ਹੱਥ ਹਟਾ ਲਓ। ਮੈਨੂੰ ਪਤੈ ਤੁਹਾਡੇ ਲਈ ਹਿੱਲਣਾ ਕਿੰਨਾਂ ਤਕਲੀਫਦੇਹ ਹੈ।... ਹਾਂ, ਤੇ ਮੈਂ ਸਾਰੀ ਰਾਤ ਬੈਠਾ ਸੋਚਦਾ ਰਿਹਾ, ਕੀ ਕੀਤਾ ਜਾਏ। ਸਮਝਦੇ ਹੋ, ਮੈਂ ਇੱਕ ਹੋਰ ਆਦਮੀ ਨੂੰ ਜਾਣਦਾ ਸਾਂ— ਤੁਹਾਨੂੰ ਪਤਾ ਹੈ, ਮੇਰਾ ਮਤਲਬ ਕਿਸ ਤੋਂ ਹੈ - ਜਿਸਦਾ ਇੱਕ ਬੇਟਾ ਸੀ, ਅਫ਼ਸਰ, ਤੇ ਉਹ ਜੰਗ ਦੇ ਬਿਲਕੁਲ ਪਹਿਲੇ ਹੀ ਦਿਨੀਂ ਮਾਰਿਆ ਗਿਆ ਸੀ । ਪਤਾ ਜੇ, ਉਸ ਪਿਤਾ ਨੇ ਕੀ ਕੀਤਾ ਸੀ ? ਉਸਨੇ ਆਪਣਾ ਦੂਜਾ ਬੇਟਾ ਜੰਗ ਵਿੱਚ ਭੇਜ ਦਿੱਤਾ, ਲੜਾਕੇ ਜਹਾਜ਼ ਦਾ ਪਾਇਲਟ ਬਣਾ ਕੇ, ਜੋ ਸਭ ਤੋਂ ਵੱਧ ਖ਼ਤਰਨਾਕ ਫ਼ੌਜੀ ਕਿੱਤਾ ਹੈ।... ਮੈਨੂੰ ਉਦੋਂ ਉਹ ਆਦਮੀ ਯਾਦ ਆਇਆ ਤੇ ਮੈਨੂੰ ਆਪਣੀਆਂ ਸੋਚਾਂ ਉੱਤੇ ਸ਼ਰਮ ਆਉਣ ਲੱਗ ਪਈ, ਜਿਸ ਕਰਕੇ ਮੈਂ ਟੈਲੀਫੂਨ ਨਾ ਕੀਤਾ..."