

ਰਿਹਾ, ਸਗੋਂ "ਜੀਣ" ਬੋਲ ਰਿਹਾ ਹੈ, ਤੇ ਇਹਨਾਂ ਲਫ਼ਜ਼ਾਂ ਨਾਲ ਬੇਹੋਸ਼ੀ ਵਿੱਚ ਵੀ ਇਸ ਸ਼ਕਤੀਸ਼ਾਲੀ ਮਨੁੱਖ ਦੀ ਸਾਰੀ ਹੋਂਦ ਮੌਤ ਦੇ ਖਿਲਾਫ਼ ਬਗਾਵਤ ਕਰ ਰਹੀ ਹੈ।
ਕੁਝ ਦੇਰ ਮਗਰੋਂ, ਕੋਮੀਸਾਰ ਸ਼ਾਂਤ ਹੋ ਗਿਆ ਤੇ ਉਸਨੇ ਆਪਣੀਆਂ ਅੱਖਾਂ ਖੋਹਲ ਲਈਆਂ।
"ਸ਼ੁਕਰ ਹੈ ਰੱਬ ਦਾ ।" ਕਲਾਵਦੀਆ ਮਿਖਾਇਲੋਵਨਾ ਨੇ ਬੁੱਲ੍ਹਾਂ ਵਿੱਚ ਕਿਹਾ ਤੇ ਹੌਲੀ ਹੌਲੀ ਪਰਦਾ ਇਕੱਠਾ ਕਰਨ ਲੱਗ ਪਈ।
"ਨਹੀਂ, ਰਹਿਣ ਦਿਓ!" ਕੋਮੀਸਾਰ ਦੀ ਅਵਾਜ਼ ਸੁਣ ਕੇ ਉਹ ਰੁਕ ਗਈ। “ਰਹਿਣ ਦਿਓ, ਸਿਸਟਰ। ਇਸ ਤਰ੍ਹਾਂ ਵਧੇਰੇ ਸੁਖਦਾਈ ਹੈ। ਤੁਹਾਡੇ ਅੱਥਰੂਆਂ ਤੋਂ ਬਿਨਾਂ ਵੀ ਇਸ ਦੁਨੀਆਂ ਵਿੱਚ ਬਥੇਰਾਂ ਸਲ੍ਹਾਬਾ ਹੈ।... ਲੈ, ਛੱਡ, ਨਾ ਰੋਵੋ, ਮੇਰੇ ਸੋਵੀਅਤ ਫਰਿਸ਼ਤੇ। ਕਿੰਨੇਂ ਅਫ਼ਸੋਸ ਦੀ ਗੱਲ ਹੈ ਕਿ ਫਰਿਸ਼ਤੇ, ਤੁਹਾਡੇ ਵਰਗੇ ਵੀ, ਸਾਨੂੰ ਸਿਰਫ਼ ਬਰੂਹਾਂ ਉੱਤੇ ਹੀ ਮਿਲਦੇ ਹਨ... ਦੂਜੀ ਦੁਨੀਆਂ ਦੀਆਂ ਬਰੂਹਾਂ ਉੱਤੇ।"
10
ਅਲੈਕਸੇਈ ਅਜੀਬ ਜਿਹੀ ਮਨੋਵਸਥਾ ਵਿੱਚੋਂ ਲੰਘ ਰਿਹਾ ਸੀ।
ਜਿਸ ਘੜੀ ਤੋਂ ਉਸਨੂੰ ਇਹ ਵਿਸ਼ਵਾਸ ਹੋਇਆ ਸੀ ਕਿ ਸਿਖਲਾਈ ਨਾਲ ਪੈਰਾਂ ਤੋਂ ਬਿਨਾਂ ਵੀ ਹਵਾਈ ਜਹਾਜ਼ ਉਡਾਉਣਾ ਸਿੱਖਣਾ ਸੰਭਵ ਹੈ, ਤੇ ਉਹ ਮੁੜ ਕੇ ਪਾਇਲਟ ਬਣ ਸਕਦਾ ਹੈ, ਤਾਂ ਜੀਵਨ ਤੇ ਸਰਗਰਮੀ ਲਈ ਤੀਖਣ ਇੱਛਾ ਉਸ ਉੱਤੇ ਛਾਅ ਗਈ।
ਹੁਣ ਜ਼ਿੰਦਗੀ ਵਿੱਚ ਉਸ ਸਾਮ੍ਹਣੇ ਇੱਕ ਨਿਸ਼ਾਨਾ ਸੀ: ਲੜਾਕਾ ਹਵਾਈ ਜਹਾਜ਼ ਮੁੜ ਉਡਾਉਣਾ; ਤੇ ਉਸਨੇ ਉਸੇ ਹੀ ਜਨੂੰਨੀ ਸਿਰੜ ਨਾਲ ਇਸ ਨਿਸ਼ਾਨੇ ਦੀ ਪ੍ਰਾਪਤੀ ਲਈ ਯਤਨ ਸ਼ੁਰੂ ਕਰ ਦਿੱਤੇ, ਜਿਹੜਾ ਸਿਰੜ ਉਸਨੇ ਉਦੋਂ ਦਿਖਾਇਆ ਸੀ ਜਦੋਂ ਉਹ ਰਿੜ੍ਹਦਾ ਹੋਇਆ ਗੁਰੀਲਿਆਂ ਤੱਕ ਪੁੱਜਾ ਸੀ । ਆਪਣੀ ਚੜ੍ਹਦੀ ਜਵਾਨੀ ਤੋਂ ਹੀ ਉਹ ਜ਼ਿੰਦਗੀ ਨੂੰ ਸਿਆਣਪ ਨਾਲ ਲੈਣ ਦਾ ਆਦੀ ਸੀ, ਸੋ ਸਭ ਤੋਂ ਪਹਿਲਾਂ ਉਸਨੇ ਠੀਕ ਠੀਕ ਨਿਸ਼ਚਿਤ ਕੀਤਾ ਕਿ ਕੀ ਕਰਨਾ ਜ਼ਰੂਰੀ ਹੈ, ਤਾਂ ਕਿ ਬਿਨਾਂ ਕੀਮਤੀ ਸਮਾਂ ਜ਼ਾਇਆ ਕਰਨ ਦੇ ਆਪਣਾ ਨਿਸ਼ਾਨਾ ਪ੍ਰਾਪਤ ਕੀਤਾ ਜਾ ਸਕੇ ਤੇ ਫ਼ੈਸਲਾ ਕੀਤਾ ਕਿ ਸਭ ਤੋਂ ਪਹਿਲਾਂ ਉਸਨੂੰ ਜਲਦੀ ਜਲਦੀ ਰਾਜ਼ੀ ਹੋਣਾ ਚਾਹੀਦਾ ਹੈ, ਉਹ ਸਿਹਤ ਤੇ ਤਾਕਤ ਮੁੜ ਪ੍ਰਾਪਤ ਕਰਨੀ ਚਾਹੀਦੀ ਹੈ, ਜਿਹੜੀ ਉਹ ਭੁੱਖੇ ਰਹਿਣ ਦੇ ਸਮੇਂ ਗੁਆ ਚੁੱਕਾ ਸੀ, ਤੇ ਇਸ ਲਈ ਉਸਨੂੰ ਵਧੇਰੇ
ਖਾਣਾ ਤੇ ਵਧੇਰੇ ਸੌਣਾ ਚਾਹੀਦਾ ਹੈ। ਦੂਜੀ ਗੱਲ, ਉਸਨੂੰ ਇੱਕ ਪਾਇਲਟ ਵਾਲੇ ਲੜਾਕਾ ਗੁਣ ਮੁੜ ਪ੍ਰਾਪਤ ਕਰਨੇ ਚਾਹੀਦੇ ਹਨ ਤੇ ਇਸ ਵਾਸਤੇ ਜਿਮਨਾਸਟਿਕ ਦੀਆਂ ਐਸੀਆਂ ਵਰਜਸ਼ਾਂ ਨਾਲ, ਜਿਹੜੀਆਂ ਬਿਸਤਰੇ ਵਿੱਚ ਪਿਆ ਬੰਦਾ ਕਰ ਸਕਦਾ ਹੈ, ਆਪਣੇ ਆਪ ਦਾ ਸਰੀਰਕ ਤੌਰ ਉੱਤੇ ਵਿਕਾਸ ਕਰਨਾ ਚਾਹੀਦਾ ਹੈ। ਤੀਜੀ ਗੱਲ, ਤੇ ਇਹ ਸਭ ਤੋਂ ਮਹੱਤਵਪੂਰਨ ਤੇ ਮੁਸ਼ਕਲ ਹਿੱਸਾ ਸੀ, ਉਸਨੂੰ ਚਾਹੀਦਾ ਹੈ ਕਿ ਉਸਦੀਆਂ ਲੱਤਾਂ ਦਾ ਜੋ ਕੁਝ ਬਚਿਆ ਰਿਹਾ ਸੀ, ਉਸਨੂੰ ਸਿਧਾਏ ਤਾਂ ਕਿ ਉਹਨਾਂ ਦੀ ਤਾਕਤ ਤੇ ਫੁਰਤੀ ਕਾਇਮ ਰੱਖ ਸਕੇ ਤੇ ਮਗਰੋਂ ਜਦੋਂ