

ਉਹ ਬੁੜ-ਬੁੜ ਤੇ ਸੜੂੰ-ਸੜੂੰ ਕਰਦਾ ਹੋਇਆ ਬਰਾਮਦੇ ਵਿੱਚ ਦੌੜ ਜਾਂਦਾ।
ਜਦੋਂ ਅਲੈਕਸੇਈ ਦੀਆਂ ਲੱਤਾਂ ਤੋਂ ਪੱਟੀਆਂ ਖੋਹਲੀਆਂ ਗਈਆਂ ਤੇ ਉਹ ਆਪਣੇ ਮੰਜੇ ਉੱਤੇ ਵਧੇਰੇ ਖੁੱਲ੍ਹੀ ਤਰ੍ਹਾਂ ਹਿੱਲਣ-ਜੁੱਲਣ ਦੇ ਯੋਗ ਹੋ ਗਿਆ, ਤਾਂ ਉਸਨੇ ਇੱਕ ਹੋਰ ਵਰਜਸ਼ ਨਾਲ ਮਿਲਾ ਲਈ । ਉਹ ਆਪਣੀਆਂ ਲੱਤਾਂ ਦੀਆਂ ਮੁੱਢੀਆਂ ਨੂੰ ਆਪਣੀ ਮੰਜੀ ਦੇ ਪੈਰਾਂ ਵੱਲ ਦੇ ਡੰਡਿਆਂ ਵਿੱਚ ਅੜਾ ਲੈਂਦਾ, ਆਪਣੇ ਹੱਥਾਂ ਨੂੰ ਲੱਕ ਉੱਤੇ ਰੱਖਦਾ ਤੇ ਹੌਲੀ ਹੌਲੀ ਆਪਣੇ ਸਰੀਰ ਨੂੰ ਜਿੱਥੋਂ ਤੱਕ ਹੋ ਸਕਦਾ ਪਹਿਲਾਂ ਅੱਗੇ ਨੂੰ ਝਕਾਉਂਦਾ ਤੇ ਫਿਰ ਪਿੱਛੇ ਨੂੰ ਲਿਜਾਂਦਾ । ਹਰ ਲੰਘਦੇ ਦਿਨ ਨਾਲ ਉਹ ਇੰਝ ਝੁਕਣ ਦੀ ਰਫ਼ਤਾਰ ਨੂੰ ਘਟਾਉਂਦਾ ਤੇ ਗਿਣਤੀ ਨੂੰ ਵਧਾਉਂਦਾ ਗਿਆ। ਫਿਰ ਉਸਨੇ ਆਪਣੀਆਂ ਲੱਤਾਂ ਲਈ ਕੁਝ ਵਰਜਸ਼ਾਂ ਘੜੀਆਂ। ਉਹ ਸਿੱਧਾ ਲੰਮਾਂ ਪੈ ਜਾਂਦਾ ਤੇ ਵਾਰੀ ਵਾਰੀ ਆਪਣੀ ਲੱਤ ਨੂੰ ਮੋੜ ਕੇ ਗੋਡਿਆਂ ਨੂੰ ਆਪਣੀ ਛਾਤੀ ਵੱਲ ਲਿਆਉਂਦਾ, ਤੇ ਫਿਰ ਲੱਤ ਨੂੰ ਸਿੱਧਾ ਕਰ ਦੇਂਦਾ। ਜਦੋਂ ਉਸਨੇ ਇਹ ਵਰਜਸ਼ ਪਹਿਲੀ ਵਾਰੀ ਕੀਤੀ, ਤਾਂ ਉਸਨੂੰ ਸਮਝ ਆਈ ਕਿ ਕਿੰਨੀਆਂ ਜ਼ਿਆਦਾ, ਤੇ ਸ਼ਾਇਦ ਨਾ ਸਰ ਹੋਣ ਵਾਲੀਆਂ ਮੁਸ਼ਕਲਾਂ ਉਸਦੇ ਸਾਮ੍ਹਣੇ ਪਈਆਂ ਹਨ। ਲੱਤਾਂ ਨੂੰ, ਜਿਨ੍ਹਾਂ ਨਾਲੋਂ ਪਿੰਨੀ ਦੀ ਹੱਡੀ ਤੱਕ ਪੈਰਾਂ ਨੂੰ ਕੱਟ ਦਿੱਤਾ ਗਿਆ ਹੋਇਆ ਸੀ, ਫ਼ੈਲਾਉਣ ਨਾਲ ਬੇਹੱਦ ਪੀੜ ਹੁੰਦੀ ਸੀ। ਹਰਕਤਾਂ ਬੇਕਾਇਦਾ ਤੇ ਗੈਰ-ਭਰੋਸੇਯੋਗ ਸਨ। ਉਹਨਾਂ ਦਾ ਹਿਸਾਬ ਲਾਉਣਾ ਓਨਾਂ ਹੀ ਮੁਸ਼ਕਲ ਸੀ, ਜਿੰਨਾਂ ਟੁੱਟੇ ਪਰ ਜਾਂ ਟੁੱਟੀ ਪੂਛ ਵਾਲੇ ਹਵਾਈ ਜਹਾਜ਼ ਨੂੰ ਉਡਾਉਣਾ। ਆਪਣੇ ਮਨ ਵਿੱਚ ਆਪਣੇ ਆਪ ਦੀ ਤੁਲਨਾ ਇੱਕ ਹਵਾਈ ਜਹਾਜ਼ ਨਾਲ ਕਰਦਿਆਂ, ਅਲੈਕਸੇਈ ਨੇ ਮਹਿਸੂਸ ਕੀਤਾ ਕਿ, ਉਸਦੀ ਸੂਰਤ ਵਿੱਚ, ਮਨੁੱਖਾ ਸਰੀਰ ਦੀ ਆਦਰਸ਼ਕ ਹੱਦ ਤੱਕ ਗਿਣਮਿਥ ਕੇ ਬਣਾਈ ਗਈ ਬਣਤਰ ਵਿੱਚ ਵਿਘਨ ਪੈ ਗਿਆ ਸੀ, ਤੇ ਭਾਵੇਂ ਉਸਦਾ ਸਰੀਰ ਅਜੇ ਵੀ ਤਕੜਾ ਤੇ ਸਵਸਥ ਸੀ, ਇਹ ਆਪਣੇ ਵੱਖੋ ਵੱਖਰੇ ਅੰਗਾਂ ਦੇ ਕਾਰਜਾਂ ਦੀ ਉਹ ਇਕਸੁਰਤਾ ਮੁੜ ਕਦੀਂ ਨਹੀਂ ਪ੍ਰਾਪਤ ਕਰ ਸਕੇਗਾ, ਜਿਸਦੀ ਇਸਨੂੰ ਬਚਪਨ ਤੋਂ ਸਿਖਲਾਈ ਦਿੱਤੀ ਗਈ ਸੀ।
ਲੱਤਾਂ ਦੀਆਂ ਵਰਜਸ਼ਾਂ ਨਾਲ ਮਰੇਸੇਯੇਵ ਨੂੰ ਬਹੁਤ ਪੀੜ ਹੁੰਦੀ, ਪਰ ਤਾਂ ਵੀ ਉਹ ਹਰ ਰੋਜ਼ ਪਿਛਲੇ ਦਿਨ ਨਾਲੋਂ ਇੱਕ ਮਿੰਟ ਵਧੇਰੇ ਵਰਜਸ਼ ਕਰਦਾ। ਐਸੀਆਂ ਭਿਆਨਕ ਘੜੀਆਂ ਵੀ ਆਉਂਦੀਆਂ, ਜਦੋਂ ਆਪਣੇ ਆਪ ਹੀ ਅੱਥਰੂ ਉਸਦੀਆਂ ਅੱਖਾਂ ਵਿੱਚ ਭਰ ਆਉਂਦੇ, ਤੇ ਉਹ ਅਣਇੱਛਤ ਕੱਰਾਹਟ ਨੂੰ ਦਬਾਉਣ ਲਈ ਆਪਣੇ ਬੁੱਲ੍ਹਾਂ ਨੂੰ ਇੰਝ ਦੰਦਾਂ ਵਿੱਚ ਲੈ ਲੈਂਦਾ ਕਿ ਉਹਨਾਂ ਵਿੱਚੋਂ ਲਹੂ ਨਿੱਕਲਣ ਲੱਗ ਪੈਂਦਾ। ਪਰ ਉਸਨੇ ਇਹ ਵਰਜਸ਼ਾਂ ਕਰਨ ਲਈ ਆਪਣੇ ਆਪ ਨੂੰ ਮਜ਼ਬੂਰ ਕਰ ਲਿਆ, ਪਹਿਲਾਂ ਦਿਹਾੜੀ ਵਿੱਚ ਇੱਕ ਵਾਰੀ ਤੇ ਫਿਰ ਦੋ ਵਾਰੀ। ਹਰ ਵਾਰੀ ਵਰਜਸ਼ ਕਰਨ ਤੋਂ ਮਗਰੋਂ ਉਹ ਬੇਵੱਸੀ ਦੀ ਹਾਲਤ ਵਿੱਚ ਪਿੱਛੇ ਆਪਣੇ ਸਿਰਹਾਣੇ ਉੱਤੇ ਢਹਿ ਜਾਂਦਾ, ਤੇ ਸੋਚਣ ਲੱਗ ਪੈਂਦਾ: ਕੀ ਮੁੜ ਕੇ ਉਹਨਾਂ ਨੂੰ ਕਰਨ ਦੀ ਉਸ ਵਿੱਚ ਹਿੰਮਤ ਸੀ ? ਪਰ ਜਦੋਂ ਸਮਾਂ ਆਉਂਦਾ, ਉਹ ਮੁੜ ਜੁੱਟ ਜਾਂਦਾ । ਸ਼ਾਮ ਨੂੰ, ਉਹ ਆਪਣੇ ਪੱਟਾਂ ਤੇ ਪਿੰਨੀਆਂ ਦੇ ਪੱਠਿਆਂ ਨੂੰ ਟੋਂਹਦਾ ਤੇ ਤਸੱਲੀ ਨਾਲ ਦੇਖਦਾ ਕਿ ਉਹ ਹੁਣ ਢਿਲਕਵਾਂ ਜਿਹਾ ਮਾਸ ਤੇ ਚਰਬੀ ਨਹੀਂ ਸਨ ਰਹੇ, ਜੋ ਕਿ ਉਹਨੂੰ ਵਰਜਸ਼ਾਂ ਕਰਨ ਤੋਂ ਪਹਿਲਾਂ ਆਪਣੇ