Back ArrowLogo
Info
Profile

ਹੱਥਾਂ ਹੇਠ ਮਹਿਸੂਸ ਹੋਇਆ ਕਰਦਾ ਸੀ, ਸਗੋਂ ਮਜ਼ਬੂਤ ਪੋਠੇ ਬਣ ਗਏ ਸਨ, ਜਿਸ ਤਰ੍ਹਾਂ ਦੇ ਪਹਿਲਾਂ ਉਸਦੇ ਹੁੰਦੇ ਸਨ।

ਮਰੇਸੇਯੇਵ ਦੀਆਂ ਸਾਰੀਆਂ ਸੋਚਾਂ ਉੱਤੇ ਲੱਤਾਂ ਛਾਈਆਂ ਹੋਈਆਂ ਸਨ। ਕਦੀ ਕਦੀ, ਸੋਚਾਂ ਵਿੱਚ ਡੁੱਬਿਆਂ, ਉਸਨੂੰ ਪੈਰਾਂ ਵਿੱਚ ਪੀੜ ਮਹਿਸੂਸ ਹੁੰਦੀ; ਉਹ ਆਪਣੀਆਂ ਲੱਤਾਂ ਦੀ ਪੁਜੀਸ਼ਨ ਬਦਲਦਾ ਤੇ ਫਿਰ ਕਿਤੇ ਜਾ ਕੇ ਉਸਨੂੰ ਯਾਦ ਆਉਂਦਾ ਕਿ ਪੈਰ ਤਾਂ ਉਸਦੇ ਹੈ ਹੀ ਨਹੀਂ ਸਨ। ਬਹੁਤ ਦੇਰ ਤੱਕ, ਕਿਸੇ ਤੱਤਵੀ ਬੇਜੋੜਤਾ ਕਾਰਨ, ਕੱਟੇ ਹੋਏ ਪੈਰ ਅਜੇ ਵੀ ਉਸਦੇ ਸਰੀਰ ਨਾਲ ਰਹਿਣਾ ਜਾਰੀ ਰੱਖਦੇ ਰਹੇ; ਇੱਕਦਮ ਉਹਨਾਂ ਨਾਲ ਖਿਝ ਆਉਣ ਲੱਗ ਪੈਂਦੀ, ਸਿਲ੍ਹੇ ਮੌਸਮ ਵਿਚ ਉਹਨਾਂ ਵਿਚ ਪੀੜ ਹੋਣ ਲੱਗ ਪੈਂਦੀ ਤੇ ਚੀਸਾਂ ਉੱਠਣ ਲੱਗ ਪੈਂਦੀਆਂ। ਆਪਣੇ ਪੈਰਾਂ ਬਾਰੇ ਉਹ ਏਨਾਂ ਜ਼ਿਆਦਾ ਸੋਚਦਾ ਸੀ ਕਿ ਅਕਸਰ ਹੀ ਉਹ ਸੁਪਨੇ ਵਿਚ ਆਪਣੇ ਆਪ ਨੂੰ ਰਿਸ਼ਟ-ਪੁਸ਼ਟ, ਚੁਸਤ-ਫੁਰਤ ਬੰਦੇ ਵਜੋਂ ਦੇਖਦਾ। ਉਸਨੂੰ ਸੁਪਨਾ ਆਉਂਦਾ ਕਿ ਖ਼ਤਰੇ ਦਾ ਅਲਾਰਮ ਹੋਣ ਉੱਤੇ ਉਹ ਪੂਰੀ ਤੇਜ਼ੀ ਨਾਲ ਆਪਣੇ ਜਹਾਜ਼ ਵੱਲ ਆਉਂਦਾ ਹੈ, ਜਹਾਜ਼ ਦੇ ਪਰ ਉੱਤੇ ਛਾਲ ਮਾਰ ਕੇ ਚੜ੍ਹ ਜਾਂਦਾ ਹੈ ਤੇ ਆਪਣੇ ਕੈਬਿਨ ਵਿੱਚ ਉੱਤਰ ਜਾਂਦਾ ਹੈ ਤੇ ਪੈਰਾਂ ਨਾਲ ਜਹਾਜ਼ ਦੇ ਪੈਡਲ ਨੱਪਣ ਦੀ ਕੋਸ਼ਿਸ਼ ਕਰਦਾ ਹੈ। ਜਦ ਕਿ ਯੂਰਾ ਇੰਜਣ ਤੋਂ ਉਛਾੜ ਲਾਹ ਰਿਹਾ ਹੁੰਦਾ ਹੈ। ਕਿਸੇ ਦੂਜੇ ਵੇਲੇ, ਉਹ ਤੇ ਓਲਿਆ, ਹੱਥ ਵਿਚ ਹੱਥ ਫ਼ੜੀ, ਨਿੱਘੀ ਤੇ ਸਿਲ੍ਹੀ ਧਰਤੀ ਦੀ ਸੁਖਾਵੀਂ ਛੋਹ ਮਾਣਦੇ, ਫੁੱਲਾਂ-ਲੱਦੀ ਸਤੇਪੀ ਵਿਚ ਨੰਗੇ ਪੈਰੀਂ ਦੌੜੇ ਜਾ ਰਹੇ ਹੁੰਦੇ। ਕਿੰਨਾਂ ਚੰਗਾ ਸੀ ਇਹ! ਪਰ ਕਿੰਨੀ ਮਾਯੂਸ ਕਰਨ ਵਾਲੀ ਗੱਲ ਹੁੰਦੀ ਸੀ- ਜਾਗਣਾ ਤੇ ਦੇਖਣਾ ਕਿ ਉਸਦੇ ਤਾਂ ਪੈਰ ਹੀ ਨਹੀਂ ਹਨ।

ਇਸ ਤਰਾਂ ਦੇ ਸੁਪਨਿਆਂ ਤੋਂ ਮਗਰੋਂ, ਅਲੈਕਸੇਈ ਕਦੀ ਕਦੀ ਮਾਯੂਸ ਹੋ ਜਾਂਦਾ। ਉਸਨੇ ਇਹ ਸੋਚਣਾ ਸ਼ੁਰੂ ਕਰ ਦਿੱਤਾ ਕਿ ਉਹ ਐਵੇਂ ਹੀ ਆਪਣੇ ਆਪ ਨੂੰ ਤਸੀਹੇ ਦੇ ਰਿਹਾ ਹੈ, ਕਿ ਉਹ ਮੁੜ ਕੇ ਕਦੀ ਵੀ ਉਡਾਣ ਲਾ ਸਕੇਗਾ, ਬਿਲਕੁਲ ਜਿਸ ਤਰ੍ਹਾਂ ਉਹ ਕਾਮੀਸ਼ਿਨ ਵਿਚਲੀ ਉਸ ਸੁੰਦਰ ਕੁੜੀ ਨਾਲ ਸਤੇਪੀ ਵਿੱਚ ਨੰਗੇ ਪੈਰੀਂ ਕਦੀ ਵੀ ਨਹੀਂ ਨੱਠ ਸਕੇਗਾ, ਜਿਹੜੀ ਕੁੜੀ ਉਸ ਲਈ ਹੋਰ ਵੀ ਪਿਆਰੀ ਤੇ ਹੋਰ ਵੀ ਇੱਛਾਯੋਗ ਹੁੰਦੀ ਜਾ ਰਹੀ ਸੀ, ਜਿੰਨਾਂ ਵਧੇਰੇ ਉਹਨਾਂ ਨੂੰ ਸਮਾਂ ਦੂਰ ਰੱਖ ਰਿਹਾ ਸੀ।

ਓਲਿਆ ਨਾਲ ਅਲੈਕਸੇਈ ਦੇ ਸੰਬੰਧ ਉਸਨੂੰ ਕੋਈ ਖੁਸ਼ੀ ਨਹੀਂ ਸਨ ਦੇਂਦੇ। ਲਗਭਗ ਹਰ ਹਫ਼ਤੇ ਕਲਾਵਦੀਆ ਮਿਖਾਇਲੋਵਨਾ ਉਸਤੋਂ ਨਾਚ ਕਰਾਉਂਦੀ ਸੀ, ਭਾਵ, ਤਾਲੀਆਂ ਮਾਰਦਿਆਂ ਆਪਣੇ ਸਰੀਰ ਨੂੰ ਭੁੜਕਾਉਣ ਲਈ ਕਹਿੰਦੀ ਸੀ, ਜਿਸ ਨਾਲ ਉਹ ਜਾਣੂ- ਪਛਾਣੂ ਗੋਲ, ਸਾਫ਼-ਸੁਥਰੀ ਸਕੂਲ ਦੀ ਕੁੜੀ ਵਰਗੀ ਲਿਖਤ ਵਿਚ ਕੀਤੇ ਸਿਰਨਾਵੇਂ ਵਾਲੀ ਚਿੱਠੀ ਲੈਣ ਦਾ ਹੱਕਦਾਰ ਹੁੰਦਾ ਸੀ । ਇਹ ਚਿੱਠੀਆਂ ਦਿਨੋਂ ਦਿਨ ਵਧੇਰੇ ਲੰਮੀਆਂ ਤੇ ਵਧੇਰੇ ਪਿਆਰ ਭਰੀਆਂ ਹੁੰਦੀਆਂ ਜਾ ਰਹੀਆਂ ਸਨ, ਜਿਵੇਂ ਕਿ ਕੁੜੀ ਦਾ ਜਵਾਨ ਪਿਆਰ, ਜਿਸ ਵਿੱਚ ਜੰਗ ਨੇ ਰੁਕਾਵਟ ਪਾ ਦਿੱਤੀ ਸੀ, ਦਿਨੋਂ ਦਿਨ ਵਧੇਰੇ ਪਰਪੱਕ ਹੋ ਰਿਹਾ ਸੀ। ਉਹ ਉਹਨਾਂ ਸਤਰਾਂ ਨੂੰ ਸਿੱਕ ਤੇ ਫ਼ਿਕਰਮੰਦੀ ਨਾਲ ਪੜ੍ਹਦਾ, ਇਹ ਜਾਣਦਿਆਂ ਹੋਇਆ ਕਿ ਉਸਨੂੰ ਉਸੇ ਹੀ ਤਰ੍ਹਾਂ ਨਾਲ ਹੁੰਗਾਰਾ ਭਰਨ ਦਾ ਉਸਨੂੰ ਕੋਈ ਹੱਕ ਨਹੀ।

162 / 372
Previous
Next