

ਜਾਕਟ ਪਾਈ, ਬਾਹਵਾਂ ਟੁੰਗੀ, ਮਾਨ ਨਾਲ ਪਈ ਫ਼ਿਰਦੀ ਹੁੰਦੀ ਸੀ: ਇੰਝ ਦੀ ਉਹ ਉਦੋਂ ਹੁੰਦੀ ਸੀ ਜਦੋਂ ਉਹ ਟੈਕਨੀਕਲ ਸਕੂਲ ਵਿੱਚ ਪਿਛਲੀ ਵਾਰੀ ਮਿਲੇ ਸਨ।
ਆਪਣੀ ਮਾਂ ਬਾਰੇ ਬਿਲਕੁਲ ਭੁੱਲਦਿਆਂ ਹੋਇਆ, ਅਲੈਕਸੇਈ ਕੁੜੀ ਨੂੰ ਸਲਾਹੁੰਦਾ ਹੋਇਆ ਉੱਥੇ ਖੜ੍ਹਾ ਰਿਹਾ, ਤੇ ਉਸਨੂੰ ਲੱਗਾ ਜਿਵੇਂ ਉਹ ਇਹਨਾਂ ਸਾਰੇ ਸਾਲਾਂ ਦੇ ਦੌਰਾਨ ਉਸਨੂੰ ਕਦੀ ਨਹੀਂ ਸੀ ਭੁੱਲਿਆ, ਤੇ ਇਸ ਮਿਲਣੀ ਦੇ ਸੁਪਨੇ ਲੈਂਦਾ ਰਿਹਾ ਸੀ।
"ਸੋ, ਇੰਝ ਦੀ ਹੈਂ ਤੂੰ ਹੁਣ।” ਆਖ਼ਰ ਉਹ ਬੋਲਿਆ।
"ਕਿੰਝ ਦੀ ?" ਉਸਨੇ ਗੂੰਜਵੀਂ, ਗਲੇ 'ਚੋਂ ਨਿੱਕਲਦੀ ਅਵਾਜ਼ ਨਾਲ ਪੁੱਛਿਆ; ਇਹ ਅਵਾਜ਼ ਵੀ ਉਸ ਅਵਾਜ਼ ਨਾਲੋਂ ਬਿਲਕੁਲ ਵੱਖਰੀ ਸੀ ਜਿਹੜੀ ਉਸਨੇ ਸਕੂਲ ਦੇ ਸਮੇਂ ਸੁਣੀ ਹੋਈ ਸੀ।
ਮੋੜ ਵੱਲੋਂ ਵੀ ਹਵਾ ਦਾ ਇੱਕ ਬੁੱਲਾ ਆਇਆ ਤੇ ਪੋਪਲਰ ਦੇ ਦਰੱਖਤ ਦੀਆਂ ਖਾਲੀ ਟਾਹਣਾਂ ਦੇ ਵਿੱਚੋਂ ਦੀ ਸੀਟੀਆਂ ਮਾਰਦਾ ਲੰਘ ਗਿਆ। ਕੁੜੀ ਦੀ ਫ਼ਰਾਕ ਉਸਦੀਆਂ ਚੰਗੀਆਂ ਡੌਲੀਆਂ ਹੋਈਆਂ ਲੱਤਾਂ ਨਾਲ ਵੱਜ ਕੇ ਫੜਫੜਾਈ। ਉਸਨੇ ਸਾਦੀ ਜਿਹੀ, ਸੁਭਾਵਕ, ਮਟਕਦਾਰ ਹਰਕਤ ਨਾਲ ਫ਼ਰਾਕ ਨੂੰ ਦਬਾਇਆ ਤੇ ਮੁਸਕਾਉਂਦੀ ਹੋਈ ਬੈਠ ਗਈ।
"ਇੰਝ ਦੀ।" ਅਲੈਕਸੇਈ ਨੇ ਜਵਾਬ ਦਿੱਤਾ । ਹੁਣ ਉਹ ਆਪਣੀ ਪ੍ਰਸ਼ੰਸਾ ਨੂੰ ਲੁਕਾਉਣ ਦੀ ਹੋਰ ਕੋਸ਼ਿਸ਼ ਨਹੀਂ ਸੀ ਕਰ ਰਿਹਾ।
"ਹਾਂ, ਕਿੰਝ ਦੀ ? ਕਿੰਝ ਦੀ ?" ਉਹ ਹੱਸਦੀ ਹੋਈ ਬੋਲੀ ।
ਮਾਂ ਨੇ ਕੁਝ ਦੇਰ ਦੋ ਜਵਾਨ ਜੀਵਾਂ ਵੱਲ ਦੇਖਿਆ, ਤੇ ਉਦਾਸੀ ਜਿਹੀ ਮੁਸਕ੍ਰਾਹਟ ਨਾਲ, ਆਪਣੇ ਰਾਹ ਪੈ ਗਈ। ਪਰ ਉਹ ਇੱਕ ਦੂਜੇ ਦੀ ਪ੍ਰਸ਼ੰਸਾ ਕਰਦੇ ਉਥੇ ਖੜ੍ਹੇ ਰਹੇ, ਇੱਕ ਦੂਜੇ ਨਾਲ ਜ਼ੋਰ ਜ਼ੋਰ ਦੀ ਗੱਲਾਂ ਕਰਦੇ, ਇੱਕ ਦੂਜੇ ਨੂੰ ਟੋਕਦੇ ਤੇ ਆਪਣੀ ਗੱਲਬਾਤ ਵਿੱਚ ਇਹੋ ਜਿਹੇ ਵਾਕੰਸ਼ਾਂ ਨੂੰ ਫ਼ੈਲਾਉਂਦੇ ਹੋਏ, ਜਿਵੇਂ ਕਿ "ਯਾਦ ਈ?... "ਪਤਾ ਈ?...." 'ਤੇ ਹੁਣ ਕਿੱਥੇ ਹੈ... " " ਤੇ ਹੁਣ ਉਸ ਨਾਲ ਕੀ ਵਾਪਰੀ ਹੈ ?..."
ਉਹ ਕਿੰਨਾਂ ਚਿਰ ਖੜ੍ਹੇ ਇਸ ਤਰ੍ਹਾਂ ਨਾਲ ਗੱਲਾਂ ਕਰਦੇ ਖੜ੍ਹੇ ਰਹੇ, ਜਦੋਂ ਤੱਕ ਕਿ ਓਲਿਆ ਨੇ ਨੇੜੇ ਦੇ ਘਰਾਂ ਦੀਆਂ ਬਾਰੀਆਂ ਵੱਲ ਉਸਦਾ ਧਿਆਨ ਨਾ ਦੁਆਇਆ, ਜਿਨ੍ਹਾਂ ਵਿੱਚ ਜਿਰੇਨੀਅਮ ਦੇ ਗਮਲਿਆਂ ਤੇ ਫ਼ਰ ਦੀਆਂ ਟਾਹਣਾਂ ਦੇ ਵਿੱਚੋਂ ਦੀ ਘੋਖੀ ਚਿਹਰੇ ਦੇਖੇ ਜਾ ਸਕਦੇ ਸਨ।
"ਜੇ ਤੇਰੇ ਕੋਲ ਵਕਤ ਹੈ, ਤਾਂ ਆ ਦਰਿਆ ਵੱਲ ਚੱਲੀਏ," ਓਲਿਆ ਨੇ ਤਜਵੀਜ਼ ਦਿੱਤੀ। ਇੱਕ ਦੂਜੇ ਦੇ ਹੱਥ ਫੜ ਕੇ, ਜਿਸ ਤਰ੍ਹਾਂ ਕਿ ਉਹਨਾਂ ਨੇ ਕਦੀ ਬੱਚੇ ਹੁੰਦਿਆਂ ਵੀ ਨਹੀਂ ਸੀ ਕੀਤਾ, ਤੇ ਸਭ ਕਾਸੇ ਬਾਰੇ ਭੁੱਲਦੇ ਹੋਏ, ਉਹ ਉੱਚੀ ਪਹਾੜੀ ਵੱਲ ਚਲੇ ਗਏ ਜਿਹਦੀ ਡੂੰਘੀ ਢਲਾਣ ਦਰਿਆ ਵਿਚ ਉੱਤਰ ਜਾਂਦੀ ਸੀ, ਤੇ ਜਿੱਥੋਂ ਵੋਲਗਾ ਦੀ ਵਿਸ਼ਾਲ ਚੜਿੱਤਣ ਦਾ ਤੇ ਇਸਦੇ ਹੜ੍ਹ ਆਏ ਪਾਣੀਆਂ ਉੱਪਰ ਬਰਫ਼ ਦੇ ਟੋਟਿਆਂ ਦੇ ਜਸ਼ਨੀ ਜਲੂਸ ਦਾ ਸ਼ਾਨਦਾਰ ਨਜ਼ਾਰਾ ਦੇਖਿਆ ਜਾ ਸਕਦਾ ਸੀ।
ਉਸਤੋਂ ਮਗਰੋਂ ਮਾਂ ਨੂੰ ਘੱਟ-ਵੱਧ ਹੀ ਆਪਣਾ ਪਿਆਰਾ ਬੇਟਾ ਘਰ ਵਿੱਚ ਦਿੱਸਦਾ ਸੀ।