

ਉਹ ਆਮ ਕਰਕੇ ਆਪਣੇ ਕੱਪੜਿਆਂ ਦਾ ਖਿਆਲ ਨਹੀਂ ਸੀ ਰੱਖਦਾ ਹੁੰਦਾ, ਪਰ ਹੁਣ ਉਹ ਹਰ ਰੋਜ਼ ਆਪਣੀ ਪੈਂਟ ਇਸਤਰੀ ਕਰਦਾ ਸੀ, ਆਪਣੀ ਵਰਦੀ ਦੇ ਬਟਨਾਂ ਨੂੰ ਚਾਕ ਨਾਲ ਲਿਸਕਾਉਂਦਾ ਸੀ, ਹਵਾਈ-ਸੈਨਾ ਦੇ ਬੈਜ ਵਾਲੀ, ਉੱਪਰੋਂ ਚਿੱਟੀ, ਆਪਣੀ ਪੀ-ਕੈਪ ਉਸਨੇ ਕੱਢ ਲਈ, ਆਪਣੀ ਕੰਡਿਆਲੀ ਠੋਡੀ ਦੀ ਰੋਜ਼ ਹਜ਼ਾਮਤ ਕਰਦਾ, ਤੇ ਸ਼ਾਮ ਨੂੰ ਸ਼ੀਸ਼ੇ ਸਾਮ੍ਹਣੇ ਕੁਝ ਦੇਰ ਆਪਣੇ ਆਪ ਨੂੰ ਮੁੜ ਮੁੜ ਕੇ ਦੇਖਣ ਤੋਂ ਪਿੱਛੋਂ ਉਹ ਆਰਾ ਮਿੱਲ ਦੇ ਦਰਵਾਜ਼ੇ ਉੱਤੇ ਓਲਿਆ ਨੂੰ ਮਿਲਣ ਚਲਾ ਜਾਂਦਾ। ਦਿਨ ਵੇਲੇ ਵੀ ਕਦੀ ਕਦੀ ਲੋਪ ਹੋ ਜਾਂਦਾ । ਗੁੰਮਿਆ ਗੁੰਮਿਆ ਰਹਿੰਦਾ, ਤੇ ਪੁੱਛੇ ਗਏ ਸਵਾਲਾਂ ਦੇ ਊਲ-ਜਲੂਲ ਜਵਾਬ ਦੇਂਦਾ। ਆਪਣੀ ਮਾਂ ਵਾਲੀ ਅੰਤਰ ਸੂਝ ਨਾਲ, ਉਸਦੀ ਬੁੱਢੀ ਮਾਂ ਸਭ ਕੁਝ ਸਮਝ ਗਈ। ਸਮਝ ਗਈ ਤੇ ਕੋਈ ਬੁਰਾ ਨਾ ਮਨਾਇਆ: ਬੁੱਢਿਆਂ ਨੇ ਤਾਂ ਬੁੱਢਿਆਂ ਹੀ ਹੋਣੇਂ, ਜਵਾਨਾਂ ਨੂੰ ਵਧਣ ਫੁਲਣ ਦਿਓ।
ਇੱਕ ਵਾਰੀ ਵੀ ਉਹਨਾਂ ਦੋਹਾਂ ਨੇ ਆਪਣੀ ਮੁਹੱਬਤ ਦੀ ਗੱਲ ਨਾ ਕੀਤੀ। ਸ਼ਾਮ ਦੀ ਧੁੱਪ ਵਿੱਚ ਚਮਕ ਰਹੇ ਹੌਲੀ ਹੌਲੀ ਵਹਿੰਦੇ ਵੋਲਗਾ ਦੇ ਉੱਚੇ ਕੰਢੇ ਉੱਤੇ ਸੈਰ ਤੋਂ ਮਗਰੋਂ, ਜਾਂ ਸ਼ਹਿਰ ਦੇ ਆਲੇ ਦੁਆਲੇ, ਜਿੱਥੋਂ ਦੀ ਲੁੱਕ ਵਰਗੀ ਗਾਹੜੀ ਤੇ ਕਾਲੀ ਜ਼ਮੀਨ ਉੱਤੇ ਪੋਚਿਆਂ ਵਰਗੇ ਗੂਹੜੇ ਹਰੇ ਪੱਤਿਆਂ ਵਾਲੀਆਂ ਵੇਲਾਂ ਵਿਛੀਆਂ ਹੋਈਆਂ ਸਨ, ਖਰਬੂਜ਼ਿਆਂ ਦੀਆਂ ਪੈਲੀਆਂ ਵਿੱਚੋਂ ਫਿਰ ਤੁਰ ਕੇ ਹਰ ਵਾਰ ਜਦੋਂ ਅਲੈਕਸੇਈ ਘਰ ਮੁੜਦਾ, ਤਾਂ ਉਹ ਆਪਣੀਆਂ ਜਲਦੀ ਜਲਦੀ ਮੁੱਕ ਰਹੀਆਂ ਬਾਕੀ ਦੀਆਂ ਛੁੱਟੀਆਂ ਗਿਣਦਾ ਤੇ ਫ਼ੈਸਲਾ ਕਰਦਾ ਕਿ ਉਹ ਓਲਿਆ ਸਾਮ੍ਹਣੇ ਆਪਣਾ ਦਿਲ ਖੋਹਲ ਦੇਵੇਗਾ। ਪਰ ਫਿਰ ਸ਼ਾਮ ਆ ਜਾਂਦੀ । ਉਹ ਉਸਨੂੰ ਮਿੱਲ ਦੇ ਦਰਵਾਜ਼ੇ ਉੱਤੇ ਮਿਲਦਾ, ਉਸ ਨਾਲ ਛੋਟੇ ਜਿਹੇ, ਦੁਮੰਜ਼ਲੇ, ਲੱਕੜੀ ਦੇ ਮਕਾਨ ਤੱਕ ਆਉਂਦਾ ਜਿੱਥੇ ਉਸਨੇ ਇੱਕ ਛੋਟਾ ਜਿਹਾ ਕਮਰਾ, ਕਿਰਾਏ ਉੱਤੇ ਲਿਆ ਹੋਇਆ ਸੀ - ਸਾਫ਼-ਸੁਥਰਾ ਤੇ ਰੋਸ਼ਨਦਾਰ, ਹਵਾਈ ਜਹਾਜ਼ ਦੇ ਕੈਬਿਨ ਵਰਗਾ। ਉਥੇ ਉਹ ਬੈਠਾ ਸਬਰ ਨਾਲ ਉਡੀਕਦਾ, ਜਦੋਂ ਤੱਕ ਉਹ ਆਪਣੇ ਖੁੱਲ੍ਹੇ ਵਾਰਡਰੋਬ ਦੇ ਦਰਵਾਜ਼ੇ ਦੇ ਮਗਰ ਹੋ ਕੇ ਕੱਪੜੇ ਨਾ ਬਦਲ ਲੈਂਦੀ, ਤੇ ਉਸਦੀਆਂ ਨੰਗੀਆਂ ਅਰਕਾਂ, ਮੋਢਿਆਂ ਤੇ ਲੱਤਾਂ ਵੱਲ ਨਾ ਦੇਖਣ ਦੀ ਕੋਸ਼ਿਸ਼ ਕਰਦਾ ਰਹਿੰਦਾ। ਫਿਰ ਉਹ ਮੂੰਹ-ਹੱਥ ਧੋਣ ਚਲੀ ਜਾਂਦੀ ਤੇ ਸੱਜਰੀ ਸੱਜਰੀ ਹੋ ਕੇ ਮੁੜਦੀ, ਗੁਲਾਬੀ ਗੱਲ੍ਹਾਂ ਤੇ ਗਿੱਲੇ ਵਾਲ਼ਾਂ ਨਾਲ, ਹਮੇਸ਼ਾ ਉਸੇ ਹੀ ਚਿੱਟੇ ਰੇਸ਼ਮੀ ਬਲਾਊਜ਼ ਵਿਚ, ਜਿਹੜਾ ਉਹ ਹਰ ਰੋਜ਼ ਪਾਉਂਦੀ ਸੀ ।
ਤੇ ਫਿਰ ਉਹ ਸਿਨਮੇ, ਸਰਕਸ ਜਾਂ ਬਾਗ਼ ਵਿੱਚ ਚਲੇ ਜਾਂਦੇ । ਅਲੈਕਸੇਈ ਨੂੰ ਕੋਈ ਫ਼ਰਕ ਨਹੀਂ ਸੀ ਪੈਂਦਾ ਕਿ ਉਹ ਕਿੱਥੇ ਜਾਂਦੇ ਹਨ। ਉਹ ਪਰਦੇ ਵੱਲ, ਪਿੜ੍ਹ ਵੱਲ ਜਾਂ ਬਾਗ਼ ਵਿੱਚ ਫਿਰ ਤੁਰ ਰਹੇ ਲੋਕਾਂ ਵੱਲ ਨਹੀਂ ਸੀ ਦੇਖਦਾ ਉਸਦੀਆਂ ਅੱਖਾਂ ਸਿਰਫ ਓਲਿਆ ਲਈ ਸਨ, ਤੇ ਉਸ ਵੱਲ ਦੇਖਦਿਆਂ ਉਹ ਸੋਚਦਾ: "ਹੁਣ ਘਰ ਵਾਪਸ ਜਾਂਦਿਆਂ ਰਾਹ ਵਿਚ ਸਾਰੀ ਗੱਲ ਜ਼ਰੂਰ ਖੋਹਲ ਦੇਵਾਂਗਾ, ਜ਼ਰੂਰ।” ਪਰ ਰਾਹ ਮੁੱਕ ਜਾਂਦਾ ਤੇ ਉਸਦੀ ਫਿਰ ਹਿੰਮਤ ਨਾ ਪੈਂਦੀ।
ਇੱਕ ਐਤਵਾਰ ਸਵੇਰੇ ਉਹ ਵੋਲਗਾ ਦੇ ਦੂਜੇ ਪਾਸੇ ਸਬਜ਼ਾਜ਼ਾਰ ਵਿੱਚ ਸੈਰ ਲਈ ਗਏ।