

ਉਹ ਆਪਣੀ ਸਭ ਤੋਂ ਚੰਗੀ ਚਿੱਟੀ ਪੈਂਟ ਤੇ ਖੁੱਲ੍ਹੇ ਗਲਮੇ ਵਾਲੀ ਕਮੀਜ਼ ਪਾ ਕੇ, ਜਿਹੜੀ, ਉਸਦੀ ਮਾਂ ਦੇ ਕਹਿਣ ਅਨੁਸਾਰ, ਉਸਦੇ ਸੰਵਲਾਏ ਹੋਏ, ਚੌੜੇ ਚਿਹਰੇ ਨਾਲ ਬਹੁਤ ਸੱਜਦੀ ਸੀ, ਓਲਿਆ ਵੱਲ ਗਿਆ । ਉਹ ਅੱਗੇ ਹੀ ਤਿਆਰ ਖੜ੍ਹੀ ਸੀ । ਉਸਨੇ ਅਲੈਕਸੇਈ ਨੂੰ ਨਿੱਕੇ ਤੌਲੀਏ ਵਿੱਚ ਲਪੇਟਿਆ ਇੱਕ ਪਾਰਸਲ ਫੜਾਇਆ ਤੇ ਉਹ ਦਰਿਆ ਵੱਲ ਚੱਲ ਪਏ। ਬੁੱਢੇ, ਬਿਨਾਂ ਪੈਰਾਂ ਦੇ ਮਾਂਝੀ ਨੇ, ਜਿਹੜਾ ਪਹਿਲੀ ਸੰਸਾਰ ਜੰਗ ਵਿੱਚ ਨਕਾਰਾ ਹੋਇਆ ਸੀ, ਤੇ ਮੁੰਡੇ ਜਿਸਨੂੰ ਬੜਾ ਪਿਆਰ ਕਰਦੇ ਸਨ, ਜਿਸਨੇ ਕਿਸੇ ਵੇਲੇ ਦਰਿਆ ਦੇ ਕੰਢੇ ਦੇ ਨੇੜੇ ਸਫ਼ਰੀ ਮੱਛੀ ਫੜਨਾ ਅਲੈਕਸੇਈ ਨੂੰ ਸਿਖਾਇਆ ਸੀ, ਆਪਣੀਆਂ ਲੱਤਾਂ ਦੀਆਂ ਲੱਕੜ ਦੀਆਂ ਮੁੱਢੀਆਂ ਉੱਪਰ ਫੁਦਕਦੇ ਨੇ ਭਾਰੀ ਜਿਹੀ ਬੇੜੀ ਨੂੰ ਧੱਕਿਆਂ ਤੇ ਹੌਲੀ ਹੌਲੀ ਚੱਪੂ ਮਾਰਦਾ ਇਸਨੂੰ ਚਲਾਉਣ ਲੱਗਾ। ਛੋਟੇ ਛੋਟੇ ਧੱਕਿਆਂ ਨਾਲ, ਰੌਅ ਨੂੰ ਇੱਕ ਕੋਣ ਉੱਤੇ ਚੀਰਦੀ ਹੋਈ ਬੇੜੀ ਦਰਿਆ ਪਾਰ ਕਰਦੇ ਦੂਜੇ ਪਾਸੇ ਨੀਵੇਂ, ਸ਼ੇਖ ਹਰੇ ਕੰਢੇ ਉੱਤੇ ਜਾ ਲੱਗੀ। ਕੁੜੀ ਬੇੜੀ ਦੇ ਪਿਛਲੇ ਪਾਸੇ ਬੈਠੀ ਸੀ, ਤੇ ਸੋਚਾਂ ਵਿੱਚ ਮਗਨ, ਹੱਥਾਂ ਦੀਆਂ ਉਂਗਲਾਂ ਵਿੱਚੋਂ ਪਾਣੀ ਲੰਘਾ ਰਹੀ ਸੀ।
"ਚਾਚਾ ਅਰਕਾਸ਼ਾ, ਤੈਨੂੰ ਅਸੀਂ ਯਾਦ ਨਹੀਂ ?" ਅਲੈਕਸੇਈ ਨੇ ਪੁੱਛਿਆ।
ਮਾਂਝੀ ਨੇ ਬੇਧਿਆਨੀ ਜਿਹੀ ਨਾਲ ਉਹਨਾਂ ਦੇ ਜਵਾਨ ਚਿਹਰਿਆਂ ਵੱਲ ਦੇਖਿਆ।
"ਯਾਦ ਨਹੀਂ,” ਉਹ ਬੋਲਿਆ।
"ਲੈ, ਇਹ ਕਿੱਦਾਂ, ਮੈਂ ਅਲਿਓਸ਼ਕਾ ਮਰੇਸੇਯੇਵ ਹਾਂ, ਮੈਨੂੰ ਕੰਢੇ ਦੇ ਨੇੜੇ ਨੇਜ਼ੇ ਨਾਲ ਸਫ਼ਰੀ ਮੱਛੀ ਫੜਨੀ ਸਿਖਾਈ ਸੀ।"
"ਇਹ ਕਿਹੜੀ ਗੱਲ ਏ; ਹੋ ਸਕਦੈ ਸਿਖਾਈ ਹੋਵੇ, ਬਥੇਰੇ ਹੁੰਦੇ ਸੀ ਇੱਥੇ ਖਰੂਦੀ, ਹੁਣ ਸਾਰੇ ਯਾਦ ਥੋਹੜਾ ਰਹਿੰਦੇ ਨੇ।"
ਬੇੜੀ ਪੁਸ਼ਤੇ ਦੇ ਕੋਲੋਂ ਲੰਘੀ ਜਿਸ ਨਾਲ ਇੱਕ ਚੌੜੇ ਮੱਥੇ ਵਾਲੀ ਮੋਟਰਬੋਟ ਬੱਝੀ ਹੋਈ ਸੀ, ਜਿਸਦੀ ਵੱਖੀ ਉੱਤੇ ਮਾਨ-ਭਰਿਆ ਨਾਂ "ਅਵਰੋਰਾ" ਲਿਖਿਆ ਹੋਇਆ ਸੀ, ਤੇ ਕਰੀਚਵੀਂ ਅਵਾਜ਼ ਨਾਲ ਕੰਢੇ ਦੀ ਰੇਤ ਵਿੱਚ ਧਸ ਗਈ।
"ਹੁਣ ਇਹ ਹੈ ਮੇਰੀ ਥਾਂ। ਹੁਣ ਮੈਂ ਮਿਉਂਸਪਲ ਕਮੇਟੀ ਦਾ ਕੰਮ ਨਹੀਂ ਕਰਦਾ, ਆਪਣਾ, ਮਤਲਬ, ਨਿੱਜੀ ਧੰਦਾ ਕਰਦਾ ਹਾਂ," ਚਾਚੇ ਅਰਕਾਸ਼ਾ ਨੇ ਸਮਝਾਇਆ ਤੇ ਬੇੜੀ ਨੂੰ ਧੱਕ ਕੇ ਕੰਢੇ ਤੱਕ ਲਿਜਾਣ ਲਈ ਪਾਣੀ ਵਿੱਚ ਉੱਤਰ ਗਿਆ। ਪਰ ਉਸਦੀਆਂ ਲੱਕੜ ਦੀਆਂ ਮੁੱਢੀਆਂ ਰੇਤ ਵਿੱਚ ਖੁੱਭ ਰਹੀਆਂ ਸਨ, ਬੇੜੀ ਭਾਰੀ ਸੀ ਤੇ ਉਸ ਲਈ ਇਸਨੂੰ ਹਿਲਾ ਸਕਣਾ ਮੁਸ਼ਕਲ ਸੀ। “ਤੁਹਾਨੂੰ ਛਾਲ ਮਾਰ ਕੇ ਉਤਰਨਾ ਪਵੇਗਾ,” ਉਸਨੇ ਮੱਠੀ ਜਿਹੀ ਅਵਾਜ਼ ਵਿੱਚ ਕਿਹਾ।
"ਕਿਨੇ ਪੈਸੇ ?" ਅਲੈਕਸੇਈ ਪੁੱਛਣ ਲੱਗਾ।
"ਦੇ ਦੇਹ, ਜਿੰਨੇਂ ਖੁਸ਼ੀ ਨਾਲ ਦੇਣੇ ਨੇ । ਤੁਹਾਨੂੰ ਤਾਂ ਕੁਝ ਜ਼ਿਆਦਾ ਹੀ ਦੇਣੇ ਬਣਦੇ ਨੇ, ਕਿੰਨੇ ਖੁਸ਼ ਹੋ ਤੁਸੀਂ! ਸਿਰਫ ਮੈਨੂੰ ਯਾਦ ਨਹੀਂ ਆ ਰਿਹਾ ਤੁਸੀਂ ਕੋਣ ਹੋ, ਨਹੀਂ, ਨਹੀਂ ਯਾਦ ਆਉਂਦਾ ।"