

ਬੇੜੀ ਤੋਂ ਛਾਲ ਮਾਰਦਿਆਂ ਉਹਨਾਂ ਦੇ ਪੈਰ ਭਿੱਜ ਗਏ, ਤੇ ਓਲਿਆ ਨੇ ਤਜਵੀਜ਼ ਦਿੱਤੀ ਕਿ ਬੂਟ ਲਾਹ ਲਏ ਜਾਣ। ਉਹਨਾਂ ਨੇ ਬੂਟ ਲਾਹ ਲਏ, ਤੇ ਦਰਿਆ ਦੀ ਸਿਲ੍ਹੀ ਨਿੱਘੀ ਰੇਤ ਨਾਲ ਨੰਗੇ ਪੈਰ ਛੁਹਣ ਉੱਤੇ ਉਹ ਏਨੇਂ ਪ੍ਰਸੰਨ ਤੇ ਅਜ਼ਾਦ ਮਹਿਸੂਸ ਕਰਨ ਲੱਗੇ, ਕਿ ਉਹਨਾਂ ਦਾ ਘਾਹ ਉਪਰ ਬੱਚਿਆਂ ਵਾਂਗ ਦੌੜਨ, ਭੁੜਕਣ ਤੇ ਛੜੱਪੇ ਮਾਰਨ ਉੱਤੇ ਜੀਅ ਕਰ ਆਇਆ।
"ਫੜ ਲੈ।” ਗਿੱਟੇ ਗਿੱਟੇ ਪਾਣੀਆਂ ਵਿੱਚੋਂ ਦੀ ਨੀਵੇਂ, ਹਰੇ ਭਰੇ ਸਬਜ਼ਾਜ਼ਾਰ ਵੱਲ ਦੌੜਦੀ ਹੋਈ ਓਲਿਆ ਬੋਲੀ; ਉਸਦੀਆਂ ਦੌੜਦੀ ਜਾਂਦੀ ਦੀਆਂ ਮਜ਼ਬੂਤ ਧੁੱਪ ਸੰਵਲਾਈਆਂ ਲੱਤਾਂ ਲਿਸ਼ਕ ਰਹੀਆਂ ਸਨ।
ਅਲੈਕਸੇਈ ਉਸਦੇ ਮਗਰ ਪੂਰੇ ਜ਼ੋਰ ਨਾਲ ਦੌੜਿਆ; ਉਸਨੂੰ ਆਪਣੇ ਸਾਮ੍ਹਣੇ ਉਸਦੀ ਹਲਕੀ, ਸੋਖ ਰੰਗਾਂ ਵਾਲੀ ਫ਼ਰਾਕ ਨਾਲ ਬਣਦੇ ਰੰਗ-ਬਰੰਗੇ ਧੱਬਿਆਂ ਤੋਂ ਬਿਨਾਂ ਕੁਝ ਨਹੀਂ ਸੀ ਦਿਖਾਈ ਦੇ ਰਿਹਾ। ਉਹ ਦੋੜ ਰਿਹਾ ਸੀ ਤੇ ਮਹਿਸੂਸ ਕਰ ਰਿਹਾ ਸੀ ਕਿ ਫੁੱਲ ਤੇ ਲੋਨੀ ਦੇ ਕਲਗੇ ਉਸਦੇ ਨੰਗੇ ਪੈਰਾਂ ਨਾਲ ਕਿੰਝ ਜ਼ੋਰ ਦੀ ਵੱਜ ਰਹੇ ਸਨ, ਤੇ ਸਿਲ੍ਹੀ ਧੁੱਪ ਨਾਲ ਨਿੱਘੀ ਹੋਈ ਹੋਈ ਨਰਮ ਜ਼ਮੀਨ ਉਸਦੇ ਪੈਰਾਂ ਦੀਆਂ ਤਲੀਆਂ ਹੇਠ ਦੱਬਦੀ ਜਾ ਰਹੀ ਸੀ । ਉਸਨੂੰ ਲੱਗਾ ਕਿ ਓਲਿਆ ਨੂੰ ਫੜਨਾ ਉਸ ਲਈ ਬੇਹੱਦ ਮਹੱਤਵਪੂਰਨ ਮਾਮਲਾ ਸੀ, ਕਿ ਉਹਨਾਂ ਦੀਆਂ ਭਵਿੱਖ ਦੀਆਂ ਜ਼ਿੰਦਗੀਆਂ ਵਿਚਲਾ ਬਹੁਤ ਕੁਝ ਇਸ ਉੱਤੇ ਨਿਰਭਰ ਕਰਦਾ ਸੀ, ਤੇ ਇਥੇ, ਇਸ ਫੁੱਲਾਂ ਲੱਦੇ ਸਬਜ਼ਾਜ਼ਾਰ ਵਿੱਚ, ਨਸ਼ਿਆਉਂਦੀ ਮਹਿਕ ਦੇ ਦਰਮਿਆਨ, ਉਸ ਲਈ ਓਲਿਆ ਨੂੰ ਉਹ ਸਭ ਕੁਝ ਦੱਸਣਾ ਸੌਖਾ ਹੋਵੇਗਾ, ਜੋ ਕੁਝ ਕਹਿਣ ਦੀ ਉਸਦੀ ਹੁਣ ਤੱਕ ਹਿੰਮਤ ਨਹੀਂ ਸੀ ਪਈ । ਪਰ ਹਰ ਵਾਰੀ ਜਦੋਂ ਉਹ ਉਸਦੇ ਨੇੜੇ ਪੁੱਜਦਾ ਤੇ ਆਪਣੇ ਹੱਥ ਉਸ ਵੱਲ ਵਧਾਉਂਦਾ, ਕੜੀ ਇੱਕਦਮ ਮੁੜ ਪੈਂਦੀ, ਬਿੱਲੀ ਵਾਲੀ ਫੁਰਤੀ ਨਾਲ ਉਸਦੇ ਕਾਬੂ ਆਉਣ ਤੋਂ ਬਚਦੀ ਤੇ ਟੁਣਕਵਾ ਹਾਸਾ ਖਲੇਰਦੀ ਹੋਈ ਕਿਸੇ ਦੂਜੇ ਪਾਸੇ ਵੱਲ ਦੌੜ ਪੈਂਦੀ।
ਉਹ ਹੱਠੀ ਕੁੜੀ ਸੀ । ਸੋ ਉਹ ਉਸਨੂੰ ਨਾ ਹੀ ਫੜ ਸਕਿਆ। ਉਹ ਆਪ ਹੀ ਸਬਜ਼ਾਜ਼ਾਰ ਤੋਂ ਦਰਿਆਂ ਦੇ ਕੰਢੇ ਵੱਲ ਨੂੰ ਦੌੜੀ ਤੇ ਆਪਣੇ ਆਪ ਨੂੰ ਗਰਮ ਸੁਨਹਿਰੀ ਰੇਤ ਉੱਤੇ ਸੁੱਟ ਦਿੱਤਾ; ਉਸਦਾ ਚਿਹਰਾ ਭਖ ਰਿਹਾ ਸੀ, ਮੂੰਹ ਖੁੱਲ੍ਹਾ ਸੀ, ਉਸਦਾ ਸੀਨਾ ਜਲਦੀ ਜਲਦੀ ਹੇਠਾਂ ਉੱਪਰ ਹੋ ਰਿਹਾ ਸੀ, ਤੇ ਉਹ ਹੱਸਦੀ ਹੋਈ ਜ਼ੋਰ ਜ਼ੋਰ ਦੀ ਸਾਹ ਲੈ ਰਹੀ ਸੀ। ਮਗਰੋਂ ਉਸਨੇ ਫੁੱਲਾਂ ਲੱਦੇ ਸਬਜ਼ਾਜ਼ਾਰ ਵਿੱਚ, ਚਿੱਟੇ, ਸਿਤਾਰਿਆਂ ਵਰਗੇ ਗੁਲਬਹਾਰ ਫੁੱਲਾਂ ਵਿਚਕਾਰ ਉਸਦੀ ਫ਼ੋਟੋ ਲਈ। ਫਿਰ ਉਹ ਨਹਾਤੇ, ਤੇ ਮਗਰੋਂ ਉਹ ਆਗਿਆਕਾਰਾਂ ਵਾਂਗ ਝਾੜੀ ਦੇ ਪਿੱਛੇ ਮੂੰਹ ਦੂਜੇ ਪਾਸੇ ਕਰਕੇ ਖੜੋ ਗਿਆ, ਜਦ ਕਿ ਓਲਿਆ ਨੇ ਆਪਣੇ ਕੱਪੜੇ ਬਦਲੇ, ਤੇ ਨਹਾਉਣ ਵਾਲਾ ਸੂਟ ਨਿਚੋੜਿਆ।
ਜਦੋਂ ਓਲਿਆ ਨੇ ਉਸਨੂੰ ਅਵਾਜ਼ ਦਿੱਤੀ ਤਾਂ ਉਸਨੇ ਦੇਖਿਆ ਕਿ ਉਹ ਰੇਤ ਉੱਤੇ ਬੈਠੀ ਸੀ, ਆਪਣੀਆਂ ਧੁੱਪ ਸੰਵਲਾਈਆਂ ਲੱਤਾਂ ਨੂੰ ਸੁੰਗੇੜੀ, ਆਪਣੀ ਪਤਲੀ ਜਿਹੀ, ਹਲਕੀ ਫਰਾਕ ਪਾਈ ਤੇ ਸਿਰ ਉੱਤੇ ਬੁਰਦਾਰ ਤੌਲੀਆਂ ਬੰਨ੍ਹਿਆ ਹੋਇਆ ਸੀ। ਚਿੱਟਾ ਸਾਫ਼ ਨੇਪਕਿਨ ਘਾਹ ਉੱਤੇ ਵਿਛਾਉਂਦਿਆਂ ਤੇ ਇਸਨੂੰ ਉੱਡਣ ਤੋਂ ਬਚਾਉਣ ਲਈ ਕੋਨਿਆਂ