

ਉੱਪਰ ਚਾਰ ਗੀਟੇ ਰੱਖਦਿਆਂ, ਉਸਨੇ ਪੈਕਟ ਵਿਚਲੀਆਂ ਚੀਜ਼ਾਂ ਉਸ ਉੱਤੇ ਸਜਾ ਦਿੱਤੀਆਂ। ਸਲਾਦ, ਠੰਡੀ ਮੱਛੀ, ਜਿਹੜੀ ਬੜੇ ਧਿਆਨ ਨਾਲ ਮੋਮੀਕਾਗਜ਼ ਵਿੱਚ ਵਲੇਟੀ ਹੋਈ ਸੀ, ਤੇ ਘਰ ਦੇ ਬਣੇ ਬਿਸਕੁਟਾਂ ਦਾ ਉਹਨਾਂ ਨੇ ਖਾਣਾ ਖਾਧਾ। ਉਹ ਲੂਣ, ਤੋਂ ਸਗੋਂ ਸਰ੍ਹੋਂ ਦੀ ਚਟਣੀ ਤੱਕ ਵੀ ਨਹੀਂ ਸੀ ਭੁੱਲੀ, ਜੋ ਉਹ ਛੋਟੀਆਂ ਕੋਲਡ ਕਰੀਮ ਦੀ ਸ਼ੀਸ਼ੀਆਂ ਵਿੱਚ ਪਾ ਲਿਆਈ ਸੀ। ਜਿਸ ਤਰ੍ਹਾਂ ਨਾਲ ਇਹ ਹਲਕੀ ਫੁਲਕੀ, ਧੁੱਪ ਦੀ ਕਾਤਰ ਜਿਹੀ ਇਹ ਕੁੜੀ ਗੰਭੀਰਤਾ ਤੇ ਕਲਾ-ਕੌਸ਼ਲਤਾ ਨਾਲ ਮੇਜ਼ਬਾਨ ਦਾ ਕੰਮ ਕਰ ਰਹੀ ਸੀ, ਉਸ ਵਿੱਚ ਕੁਝ ਬੜਾ ਹੀ ਸੁੰਦਰ ਤੇ ਹਿਰਦੇ ਸ਼ਪਰਸ਼ੀ ਸੀ। ਅਲੈਕਸੇਈ ਨੇ ਆਪਣੇ ਆਪ ਮਨ ਵਿੱਚ ਫ਼ੈਸਲਾ ਕੀਤਾ: "ਬਥੇਰੀ ਢਿੱਲ ਮੱਠ ਕਰ ਲਈ ਹੈ। ਬੱਸ ਹੁਣ । ਅੱਜ ਸ਼ਾਮ ਉਸਨੂੰ ਸਭ ਕੁਝ ਸਾਫ਼ ਸਾਫ਼ ਕਹਿ ਦੇਵਾਂਗਾ। ਮੈਂ ਉਸਨੂੰ ਸਾਬਤ ਕਰਾਂਗਾ, ਯਕੀਨ ਦੁਆਵਾਂਗਾ, ਕਿ ਉਸਨੂੰ ਮੇਰੀ ਪਤਨੀ ਬਣ ਜਾਣਾ ਚਾਹੀਦਾ ਹੈ।"
ਉਹਨਾਂ ਨੇ ਰੇਤ ਉੱਤੇ ਪੈ ਕੇ ਧੁੱਪ ਸੇਕੀ, ਇੱਕ ਵਾਰੀ ਹੋਰ ਨਹਾਤੇ, ਤੇ ਸ਼ਾਮ ਨੂੰ ਮੁੜ ਕੇ ਓਲਿਆ ਦੇ ਕਮਰੇ ਵਿੱਚ ਮਿਲਣ ਦਾ ਫੈਸਲਾ ਕਰਕੇ, ਉਹ ਥੱਕੇ ਥੱਕੇ ਤੇ ਖੁਸ਼ ਖੁਸ਼ ਹੌਲ਼ੀ ਹੌਲ਼ੀ ਬੇੜੀ ਵੱਲ ਆਏ। ਪਤਾ ਨਹੀਂ ਕਿਉਂ, ਨਾ ਮੋਟਰਬੋਟ ਤੇ ਨਾ ਹੀ ਬੇੜੀ ਉਥੇ ਸੀ, ਉਹ ਉੱਚੀ ਉੱਚੀ ਕਿੰਨਾਂ ਚਿਰ ਚਾਚਾ ਅਰਕਾਸ਼ਾ ਨੂੰ ਅਵਾਜ਼ਾਂ ਮਾਰਦੇ ਰਹੇ, ਜਦੋਂ ਤੱਕ ਉਹਨਾਂ ਦੇ ਗਲੇ ਨਾ ਬੈਠ ਗਏ । ਸਤੇਪੀ ਵਿੱਚ ਸੂਰਜ ਡੁੱਬ ਰਿਹਾ ਸੀ । ਦਰਿਆ ਦੇ ਦੂਜੇ ਪਾਸੇ ਪਹਾੜੀ ਦੀ ਚੋਟੀ ਉੱਪਰੋਂ ਤਰਦੀ ਆ ਰਹੀ ਤੇਜ਼, ਗੁਲਾਬੀ ਧੁੱਪ ਦੀਆਂ ਰਿਸ਼ਮਾਂ ਘਰਾਂ ਦੀਆਂ ਛੱਤਾਂ ਉੱਤੇ ਤੇ ਸ਼ਹਿਰ ਵਿਚਲੇ ਦਰਖਤਾਂ ਦੀਆਂ, ਇਸ ਵੇਲੇ ਬੇਹਰਕਤ, ਧੂੜ ਵਾਲੀਆਂ ਸਿਖਰਾਂ ਉੱਤੇ ਸੋਨੇ ਦੀ ਝਾਲ ਫੇਰ ਰਹੀਆਂ ਸਨ । ਬਾਰੀਆਂ ਦੇ ਸ਼ੀਸ਼ਿਆਂ ਵਿੱਚ ਖੂਨ ਵਰਗੀ ਸੂਹੀ ਚਮਕ ਸੀ। ਗਰਮੀਆਂ ਦੀ ਇਹ ਸ਼ਾਮ ਨਿੱਘੀ ਤੇ ਸ਼ਾਂਤ ਸੀ। ਪਰ ਸ਼ਹਿਰ ਵਿੱਚ ਕੁਝ ਨਾ ਕੁਝ ਜ਼ਰੂਰ ਵਾਪਰ ਗਿਆ ਹੋਵੇਗਾ। ਗਲੀਆਂ, ਜਿਹੜੀਆਂ ਇਸ ਵੇਲੇ ਆਮ ਕਰਕੇ ਸੁੰਝੀਆਂ ਹੋਈਆਂ ਹੁੰਦੀਆਂ ਸਨ, ਲੋਕਾਂ ਨਾਲ ਭਰੀਆਂ ਪਈਆਂ ਸਨ; ਲੋਕਾਂ ਨਾਲ ਭਰੀਆਂ ਹੋਈਆਂ ਦੋ ਲਾਰੀਆਂ ਕੋਲੋਂ ਦੀ ਲੰਘੀਆਂ; ਇੱਕ ਛੋਟੀ ਜਿਹੀ ਟੋਲੀ ਫ਼ੌਜ ਵਾਂਗ ਕਤਾਰਾਂ ਬਣਾ ਕੇ ਚੱਲ ਰਹੀ ਸੀ।
“ਚਾਚਾ ਅਰਕਾਸ਼ਾ ਕਿਤੇ ਪੀ ਕੇ ਤੇ ਨਹੀਂ ਪਿਆ ਹੋਇਆ ?" ਅਲੈਕਸੇਈ ਨੇ ਕਿਆਸ ਲਾਇਆ। "ਤੇ ਕੀ ਖਿਆਲ ਹੈ, ਜੇ ਰਾਤ ਸਾਨੂੰ ਇੱਥੇ ਕੱਟਣੀ ਪੈ ਗਈ ਤਾਂ ?"
"ਤੇਰੇ ਨਾਲ ਹੁੰਦਿਆਂ ਤਾਂ ਮੈਨੂੰ ਕਿਸੇ ਦਾ ਡਰ ਨਹੀ," ਆਪਣੀਆਂ ਵੱਡੀਆਂ ਵੱਡੀਆਂ, ਚਮਕਦੀਆਂ ਅੱਖਾਂ ਨਾਲ ਉਸ ਵੱਲ ਦੇਖਦੀ ਹੋਈ ਓਲਿਆ ਬੋਲੀ।
ਅਲੈਕਸੇਈ ਨੇ ਆਪਣੀ ਬਾਂਹ ਉਸਦੇ ਦੁਆਲੇ ਵਲ ਲਈ ਤੇ ਚੁੰਮ ਲਿਆ - ਚੁੰਮ ਲਿਆ - ਚੁੰਮ ਲਿਆ, ਪਹਿਲੀ ਵਾਰੀ ਤੇ ਇੱਕੋ ਇੱਕ ਵਾਰੀ । ਦਰਿਆ ਤੋਂ ਮੱਧਮ ਜਿਹੀ ਚੱਪੂਆਂ ਦੀ ਅਵਾਜ਼ ਆਉਣ ਲੱਗ ਪਈ; ਲੋਕਾਂ ਨਾਲ ਭਰੀ ਹੋਈ ਬੇੜੀ ਦਰਿਆ ਦੇ ਦੂਜੇ ਪਾਸਿਉਂ ਨੇੜੇ ਆ ਰਹੀ ਸੀ । ਹੁਣ ਉਹਨਾਂ ਨੇ ਨੇੜੇ ਆ ਰਹੀ ਬੇੜੀ ਵੱਲ ਇੰਝ ਦੇਖਿਆ ਜਿਵੇਂ ਕੋਈ ਆਪਣੇ ਦੁਸ਼ਮਣ ਵੱਲ ਦੇਖਦਾ ਹੈ, ਪਰ ਤਾਂ ਵੀ ਉਹ ਆਗਿਆਕਾਰੀ ਢੰਗ ਨਾਲ ਇਸਨੂੰ ਅੱਗੋਂ ਦੀ ਮਿਲਣ ਤੁਰ ਪਏ, ਜਿਵੇਂ ਉਹਨਾਂ ਨੂੰ ਪਹਿਲਾਂ ਹੀ ਮਹਿਸੂਸ ਹੋ ਗਿਆ ਹੋਵੇ