ਟੀਮ ਦੇ ਚਾਵਾਂ-ਭਾਵਾਂ ਦੀ ਖੇਤੀ ਉੱਤੇ ਗੜੇ-ਮਾਰ ਹੋ ਗਈ। ਸੁਰਿੰਦਰ ਦੇ ਸਿਰ ਵਿਚ ਜਿਵੇਂ ਕਿਸੇ ਨੇ ਸੱਟ ਮਾਰ ਦਿੱਤੀ ਹੋਵੇ। ਉਸਨੇ ਕਾਲਜ ਦੇ ਮੁੰਡਿਆਂ ਸਾਹਮਣੇ ਡੀਗਾਂ ਮਾਰੀਆਂ ਸਨ; ਉਸਨੂੰ ਲੱਗਾ ਕਿ ਹੁਣ ਉਹ ਉਨ੍ਹਾਂ ਸਾਹਮਣੇ ਅੱਖ ਨਹੀਂ ਚੁੱਕ ਸਕੇਗਾ। ਉਹ ਬਹੁਤ ਉੱਚੀ ਥਾਂ ਤੋਂ ਹੇਠਾਂ ਡਿੱਗ ਪਿਆ ਸੀ। ਉਸਨੇ ਭੰਗੜੇ ਵਾਲੇ ਕੱਪੜੇ ਲਾਹ ਕੇ ਆਪਣੇ ਸਾਧਾਰਨ ਕੱਪੜੇ ਪਾਏ, ਸਾਈਕਲ ਫੜਿਆ ਅਤੇ ਪਿੰਡ ਨੂੰ ਚੱਲ ਪਿਆ। ਪਿੰਡ ਪਹੁੰਚ ਕੇ ਵੇਖਿਆ, ਬਾਬੇ ਰੂੜੇ ਦੇ ਘਰ ਲੋਕਾਂ ਦੀ ਭੀੜ ਲੱਗੀ ਹੋਈ ਸੀ। ਮੰਜੀ ਉੱਤੇ ਲੰਮੇ ਪਏ ਬਾਬੇ ਰੁੜੇ ਉੱਤੇ ਚਿੱਟੀ ਚਾਦਰ ਦਿੱਤੀ ਹੋਈ ਸੀ। ਹਾਜ਼ਰ ਲੋਕਾਂ ਦੀਆਂ ਅੱਖਾਂ ਗਿੱਲੀਆਂ ਸਨ। ਸਾਰੀ ਗੱਲ ਨੂੰ ਸਮਝ ਕੇ ਸੁਰਿੰਦਰ ਨੇ ਸਾਈਕਲ ਵਿਹੜੇ ਵਿਚ ਸੁਟਿਆ ਅਤੇ ਧੜੱਮ ਕਰ ਕੇ ਬਾਬੇ ਉੱਤੇ ਜਾ ਡਿੱਗਾ। ਬਾਬੇ ਦੇ ਸਿਰ ਨੂੰ ਦੋਹਾਂ ਹੱਥਾਂ ਵਿਚ ਫੜ ਕੇ ਉਸਦੇ ਚਿਹਰੇ ਵੱਲ ਵੇਖਦਾ ਹੋਇਆ ਵਿਲਕਿਆ, "ਬਾਬਾ, ਅੱਖਾਂ ਖੋਲ੍ਹ: ਮੇਰੀ ਦੁਨੀਆਂ ਵਿਚ ਪਏ ਹਨੇਰੇ ਨੂੰ ਵੇਖਣ ਵਾਲੀਆਂ ਅੱਖਾਂ ਖੋਲ੍ਹ ਮੈਨੂੰ ਮਾਫ਼ ਕਰ ਦੇ, ਬਾਬਾ।" ਜਗਤ ਰਾਮ ਜੀ ਨੇ ਉਸਨੂੰ ਗਲ ਨਾਲ ਲਾ ਕੇ ਦਿਲਾਸਾ ਦਿੱਤਾ। ਆਪਣੇ ਆਪ ਨੂੰ ਜ਼ਰਾ ਸੰਭਾਲ ਕੇ ਸੁਰਿੰਦਰ ਨੇ ਆਖਿਆ, "ਮਾਸਟਰ ਜੀ, ਕੀ ਹੋ ਗਿਆ ? ਬਾਬੇ ਨੇ ਅਚਾਨਕ ਅੱਖਾਂ ਕਿਉਂ ਮੀਟ ਲਈਆਂ ?"
"ਸ਼ਾਇਦ ਤੇਰੀਆਂ ਅੱਖਾਂ ਖੋਲ੍ਹਣ ਲਈ, ਬਰਖ਼ੁਰਦਾਰ।"
ਕੀਰਤਨ ਸੋਹਿਲੇ ਦਾ ਪਾਠ ਕਰ ਕੇ ਬਾਬੇ ਰੂੜੇ ਨੂੰ ਉਸਦੇ ਮਾਤਾ ਪਿਤਾ ਅਤੇ ਭਰਾ ਕਰਜਾਈ ਲਾਗੇ ਦਫ਼ਨਾ ਦਿੱਤਾ ਗਿਆ। ਵੱਡੀਆਂ ਵੱਡੀਆਂ ਯੁਗ-ਗਰਦੀਆਂ ਤੋਂ ਨਿਰਲੇਪ ਰਹਿਣ ਵਾਲਾ ਬਾਬਾ ਰੂੜਾ, ਸਸਕਾਰਾਂ, ਕਥਰਾਂ, ਕਲਮਿਆਂ ਅਤੇ ਕੀਰਤਨ ਸੋਹਲਿਆਂ ਤੋਂ ਉੱਚਾ ਹੋ ਜਾਣ ਵਾਲਾ ਬਾਬਾ ਰੂੜਾ, ਇਕ ਫਿੱਕਾ ਬੋਲ ਨਾ ਸਹਾਰ ਸਕਿਆ। ਮਰ ਗਯਾ ਸਦਮਾ ਏ ਯੱਕ ਚੁੰਬਜ਼ੇ ਲਬ ਸੇ.....