ਸੋਚ-ਸੰਸਕਾਰ
ਮਾਰਚ 1997 ਦਾ ਮਹੀਨਾ ਮੁੱਕਣ ਵਾਲਾ ਸੀ ਜਦੋਂ ਮੇਰਾ ਮਿੱਤਰ, ਭਾਰਤ ਵਿਚੋਂ, ਮੇਰੇ ਸੱਦੇ ਉੱਤੇ ਵਲੈਤ ਆਇਆ। ਜੀਵਨ ਦੇ ਪੈਂਤੀ ਲੰਮੇ ਸਾਲ, ਵੱਖ ਵੱਖ ਸਰਕਾਰੀ ਕਾਲਜਾਂ ਵਿਚ ਅੰਗਰੇਜ਼ੀ ਸਾਹਿੱਤ ਦਾ ਅਧਿਆਪਕ ਰਹਿ ਕੇ ਰੀਟਾਇਰ ਹੋਏ ਨੂੰ ਚਾਰ ਕੁ ਸਾਲ ਹੋ ਚੁੱਕੇ ਸਨ। ਉਸਦੇ ਬੱਚੇ, ਦੋ ਧੀਆਂ ਅਤੇ ਇਕ ਪੁੱਤਰ, ਵਿਆਹੋ ਵਰ੍ਹੇ, ਕੰਮੀਂ ਕਾਰੀ ਲੱਗੇ, ਵੈੱਲ ਸੈਟਲਡ ਸਨ। ਚੇਤ ਮਹੀਨੇ ਦੀਆਂ ਨਿੱਘੀਆਂ ਪੰਜਾਬੀ ਧੁੱਪਾਂ, ਉੱਚੇ ਸਫ਼ੈਦਿਆਂ ਦੀਆਂ ਤੇਤ੍ਰ-ਮੇਰੀਆਂ ਛਾਵਾਂ ਅਤੇ ਕੁਲੀਆਂ ਬਸੰਤੀ ਪੌਣਾਂ ਵਿਚੋਂ ਆਏ ਦਾ ਸੁਆਗਤ ਕੀਤਾ ਠੰਢੇ, ਝੱਖੜੀਲੇ ਅਤੇ ਹੋਂਦੂ ਜਿਹੇ ਵਲੈਤੀ ਮੌਸਮ ਨੇ। ਨਾਨ-ਸਟਾਪ ਫਲਾਈਟ ਵਿਚ ਦਸ-ਯਾਰਾਂ ਘੱਟੇ ਬੈਠਾ ਰਹਿਣ ਨਾਲ ਥੱਕਿਆ ਅਤੇ ਕਸਟਮ ਇਮੀਗ੍ਰੇਸ਼ਨ ਦੀਆਂ ਲੰਮੀਆਂ ਲਾਈਨਾਂ ਵਿਚ ਖਲੋਣ ਕਾਰਨ ਅੱਕਿਆ ਜਦੋਂ ਉਹ ਹੀਥਰੋ ਏਅਰਪੋਰਟ ਉੱਤੇ ਮੈਨੂੰ ਮਿਲਿਆ ਤਾਂ ਵਲੈਤੀ ਠੰਢ ਨੂੰ ਕੁਝ ਵਧੇਰੇ ਮਹਿਸੂਸ ਕਰਦਿਆਂ ਹੋਇਆਂ ਉਸਨੇ ਆਖਿਆ, "ਯਾਰਾ, ਕਿਥੇ ਲੈ ਆਇਆ ਹੈ, ਪਾਲੇ ਮਾਰਨ ਲਈ ?" ਉਸਨੂੰ ਆਪਣੀ ਗਲਵਕੜੀ ਵਿਚ ਲੈਂਦਿਆਂ ਮੈਂ ਕਿਹਾ, "ਕਿਤੇ ਨਹੀਂ ਮਰ ਚੱਲਿਆ ਪਾਲੇ। ਇਕ ਨਵੀਂ ਜੀਵਨ-ਜਾਚ ਨੂੰ ਵੇਖਣ ਲਈ ਏਨਾ ਕੁ ਪਾਲਾ ਭੋਗਣ ਵਿਚ ਕੋਈ ਹਰਜ ਨਹੀਂ।"
"ਸਾਰੀ ਜ਼ਿੰਦਗੀ ਇਨ੍ਹਾਂ ਦੀ ਜੀਵਨ-ਜਾਚ ਦੇ ਰੋਣੇ ਰੋਂਦਾ ਰਿਹਾ ਹਾਂ ਕੁਝ ਕੁੱਲਾ ਨਹੀਂ ਮੈਨੂੰ ਇਨ੍ਹਾਂ ਦਾ। ਹੁਣ ਤਾਂ ਤੇਰੇ ਲਾਗੇ ਰਹਿ ਕੇ, ਕੁਝ ਚਿਰ ਲਈ ਆਪਣੇ ਅਤੀਤ ਵਿਚ ਗੁਆਚਣ ਲਈ ਆਇਆ ਹਾਂ," ਕਹਿ ਕੇ ਖੁਸ਼ੀ ਨਾਲ ਛਲਕਦਿਆਂ ਉਸਨੇ ਇਕ ਵੇਰ ਫਿਰ ਮੈਨੂੰ ਗਲ ਲਾ ਲਿਆ।
ਏਅਰਪੋਰਟ ਦੀ ਰੰਗੀਨੀ, ਰੋਸ਼ਨੀ ਅਤੇ ਗਹਿਮਾ-ਗਹਿਮ ਵਿਚੋਂ ਬਾਹਰ ਆਏ ਤਾਂ ਮੋਟਰ-ਵੇ ਦੀ ਹਫੜਾ-ਦਫੜੀ ਨਾਲ ਸਾਡਾ ਵਾਹ ਪੈ ਗਿਆ। ਨੀਵੇਂ ਬੱਦਲਾਂ, ਲਗਾਤਾਰ ਵਰ੍ਹਦੇ ਨਿੱਕੇ ਨਿੱਕੇ ਮੀਂਹ, ਘਸਮੈਲੇ ਜਿਹੇ ਦਿਨ, ਤੇਜ਼ ਦੌੜਦੀਆਂ ਕਾਰਾਂ ਦੇ ਟਾਇਰਾਂ ਨਾਲ ਸੜਕ ਉੱਤੋਂ ਉੱਡਦੇ ਪਾਣੀ ਦੀ ਬਣੀ ਧੁੰਦ ਆਦਿਕ ਦੇ ਕਾਰਣ ਮਿੱਤਰ-ਮਿਲਾਪ ਦਾ ਚਾਅ ਸੜਕ ਦੀ ਸਾਵਧਾਨੀ ਨਾਲ ਸਲ੍ਹਾਬਿਆ ਰਿਹਾ। ਜੇ ਚੰਗਾ ਧੁਪਾਲਾ ਦਿਨ ਹੁੰਦਾ ਤਾਂ ਮੈਂ ਉਸਨੂੰ ਪਹਿਲੇ ਦਿਨ ਹੀ ਟ੍ਰਾਫਾਲਗਰ ਸੁਕੇਅਰ, ਬਕਿੰਘਮ ਪੈਲਸ, ਅਤੇ ਪਿੱਕਾਡਿਲੀ ਸਰਕਸ ਆਦਿਕ ਦੇ ਲਾਗੋਂ ਦੀ ਲੰਘਾ ਕੇ ਲਿਆਉਣਾ ਸੀ। ਮੌਸਮ ਦੀ ਖ਼ਰਾਬੀ ਕਾਰਨ ਵਧੀ ਹੋਈ ਸੜਕ ਦੀ ਸਾਵਧਾਨੀ ਨੇ ਸਾਧਾਰਣ ਸੁਖ-ਸਾਂਦ ਤੋਂ ਅਗੋਰੇ, ਇਕਰਾਰਾਂ ਤਕਰਾਰਾਂ ਭਰੀ ਵਾਰਤਾਲਾਪ ਦਾ ਮੌਕਾ ਨਾ ਬਣਨ ਦਿੱਤਾ। ਟ੍ਰੈਫ਼ਿਕ ਵੱਲ ਏਨਾ ਧਿਆਨ ਦੇਣ ਦੀ