ਮੈਂ ਕਹਿ ਬੈਠਾ, "ਇਹ ਗਿਆਰਵੀਂ ਸਦੀ ਵਿਚ ਬਣਿਆ ਸੀ। ਨਾ ਅੰਗਰੇਜ਼ ਉਦੋਂ ਲੁਟੇਰੇ ਸਨ, ਨਾ ਇਹ ਲੁੱਟ ਦੀ ਯਾਦਗਾਰ ਹੈ। ਇਸਨੂੰ ਜਮਹੂਰੀਅਤ ਦਾ ਜਨਮ ਅਸਥਾਨ
ਮੰਨਿਆ ਜਾਂਦਾ ਹੈ।"
"ਤੂੰ ਮੰਨਦਾ ਹੋਵੇਗਾ; ਮੈਨੂੰ ਪਤਾ ਹੈ ਕਿ ਗਿਆਰਵੀਂ ਸਦੀ ਵਿਚ ਬਾਦਸ਼ਾਹ ਕੈਨੂਟ ਨੇ ਇਸ ਥਾਂ ਉੱਤੇ ਜਿਹੜਾ ਮਹੱਲ ਬਣਵਾਇਆ ਸੀ, ਉਹ 1512 ਵਿਚ ਅੱਗ ਲੱਗ ਜਾਣ ਕਰਕੇ ਸ਼ਾਹੀ ਰਿਹਾਇਸ਼ ਲਈ ਵਰਤਿਆ ਜਾਣਾ ਬੰਦ ਕਰ ਦਿੱਤਾ ਗਿਆ ਸੀ। ਮੁਰੰਮਤ ਹੋ ਜਾਣ ਪਿੱਛੋਂ 1547 ਵਿਚ ਪਾਰਲੀਮੈਂਟ ਹਾਊਸ ਬਣਾ ਦਿੱਤਾ ਗਿਆ। ਉਹ....।"
"ਅਤੇ ਉਦੋਂ ਅਜੇ ਇਨ੍ਹਾਂ ਦੀ ਲੁੱਟ ਸ਼ੁਰੂ ਨਹੀਂ ਸੀ ਹੋਈ।"
"ਜਿਸ ਦਾ ਦਿੱਤਾ ਖਾਈਏ, ਉਸਦੇ ਗੁਣ ਗਾਉਣੇ ਚਾਹੀਦੇ ਹਨ; ਪਰ ਸਾਰੀ ਗੱਲ ਸੁਣ ਲੈ ਪਹਿਲਾਂ ਫਿਰ ਵਧੇਰੇ ਬੇਸੁਰਾ ਗਾ ਸਕੇਂਗਾ। ਉਹ ਪਾਰਲੀਮੈਂਟ ਹਾਊਸ 1834 ਦੀ ਅੱਗ ਵਿਚ ਪੂਰਾ ਸੜ ਗਿਆ ਸੀ। ਇਹ, ਹੁਣ ਵਾਲਾ, 1839 ਵਿਚ ਆਰੰਭ ਕਰ ਕੇ 1867 ਵਿਚ ਮੁਕੰਮਲ ਕੀਤਾ ਗਿਆ ਸੀ। ਇਸ ਲਈ ਇਸ ਉੱਤੇ ਲੁੱਟ ਦਾ ਪੈਸਾ ਲੱਗਾ ਹੈ। ਜੇ ਇਕ ਅੱਧੀ ਹਿਸਟਰੀ ਦੀ ਕਿਤਾਬ ਪੜ੍ਹ ਛੱਡੇ ਤਾਂ ਕੀ ਹਰਜ ਹੈ। ਤੈਨੂੰ ਏਨਾ ਪਤਾ ਤਾਂ ਲੱਗ ਜਾਵੇ ਕਿ ਯੌਰਪ ਦੇ ਦੇਸ਼ਾਂ ਦੀ ਕੋਈ ਇਮਾਰਤ ਅਜਿਹੀ ਨਹੀਂ ਜਿਸ ਉੱਤੇ ਗੁਲਾਮਾਂ ਦੀ ਤਿਜਾਰਤ ਵਿਚੋਂ ਕਮਾਇਆ ਹੋਇਆ ਧਨ ਨਾ ਲੱਗਾ ਹੋਵੇ। ਉਹ ਵੀ ਤਾਂ ਲੁੱਟ ਹੀ ਸੀ; ਸ਼ਰਮਨਾਕ, ਜ਼ਾਲਮਾਨਾ, ਮੁਜਰਮਾਨਾ ਲੁੱਟ।"
ਏਨਾ ਕਹਿ ਕੇ ਮੇਰਾ ਮਿੱਤਰ ਚੁੱਪ ਹੋ ਗਿਆ। ਉਸ ਦੇ ਮਨ ਵਿਚ ਦੇਸ਼-ਪਿਆਰ ਦਾ ਖ਼ਾਨਦਾਨੀ ਜਜ਼ਬਾ ਜਾਗ ਪਿਆ ਸੀ। ਉਸਦੇ ਪਿਤਾ ਜੀ ਸੁਤੰਤਰਤਾ ਸੰਗਰਾਮੀਆਂ ਵਿਚੋਂ ਸਨ। ਨਾ-ਮਿਲਵਰਤਣ ਦੇ ਸ਼ਾਂਤਮਈ ਅੰਦੋਲਨ ਸਮੇਂ ਜਦੋਂ ਉਨ੍ਹਾਂ ਦਾ ਜਥਾ ਸੜਕ ਵਿਚ ਲੇਟਿਆ ਹੋਇਆ ਸੀ, ਉਦੋਂ ਅੰਗਰੇਜ਼ੀ ਹਾਕਮਾਂ ਦੇ ਹੁਕਮ ਨਾਲ ਉਨ੍ਹਾਂ ਉੱਤੇ ਘੋੜੇ ਦੌੜਾ ਦਿੱਤੇ ਗਏ ਸਨ। ਘੋੜੇ ਦਾ ਪੌੜ ਵੱਜ ਕੇ ਉਸਦੇ ਪਿਤਾ ਜੀ ਦੇ ਮੱਥੇ ਉੱਤੇ ਵੱਡਾ ਜ਼ਖ਼ਮ ਹੋ ਗਿਆ ਸੀ, ਜਿਸ ਦਾ ਨਿਸ਼ਾਨ ਚਿਤਾ ਦੀਆਂ ਲੱਕੜਾਂ ਤਕ ਉਨ੍ਹਾਂ ਦੇ ਨਾਲ ਗਿਆ ਸੀ। ਮੈਂ ਤਰਕ ਅਤੇ ਭਾਵਨਾ ਦੇ ਦੋਹਾਂ ਮੈਦਾਨਾਂ ਵਿਚ ਮਾਤ ਖਾ ਜਾਣ ਕਾਰਣ ਬੋਲਣ ਜੋਗਾ ਨਹੀਂ ਸਾਂ ਰਿਹਾ। ਇਸ ਲਈ ਟਾਵਰ ਆਫ਼ ਲੰਡਨ ਅਤੇ ਟਾਵਰ ਬ੍ਰਿਜ ਦੇ ਲਾਗੋਂ ਦੀ ਲੰਘਣ ਲੱਗਿਆ ਮੇਰੀਆਂ ਅੱਖਾਂ ਨੇ ਉਨ੍ਹਾਂ ਇਮਾਰਤਾਂ ਵੱਲ ਮੁੜਨ ਦੀ ਲੋੜ ਨਾ ਮਹਿਸੂਸੀ। ਉਂਵ ਇਨ੍ਹਾਂ ਦੀਆਂ ਮੂਰਤਾਂ ਵਾਲੇ ਕਾਰਡ ਮੈਂ ਉਸਨੂੰ ਭੇਜਦਾ ਰਿਹਾ ਸਾਂ। ਆਪਣੇ ਮਿੱਤਰ ਦੀ ਬੌਧਿਕ ਤੀਖਣਤਾ ਅਤੇ ਵਿਸ਼ਾਲ ਜਾਣਕਾਰੀ ਸਾਹਮਣੇ ਨਿਰੁੱਤਰ ਹੋਣ ਵਿਚ ਵੀ ਉਚੇਚਾ ਅਨੰਦ ਸੀ।
ਇਕ ਦਿਨ ਗੱਲਾਂ ਗੱਲਾਂ ਵਿਚ ਮੇਰੋ ਮੂੰਹੋਂ ਨਿਕਲ ਗਿਆ ਕਿ "ਵੈਸਟ (ਪੱਛਮੀ