ਮੇਰਾ ਮਿੱਤਰ ਹੌਲੀ ਨਾਲ ਉੱਠ ਕੇ ਕਿਚਨ ਵਿਚ ਗਿਆ ਅਤੇ ਪਾਣੀ ਦਾ ਗਲਾਸ ਹੱਥ ਵਿਚ ਫੜੀ ਵਾਪਸ ਆ ਗਿਆ। ਪਾਣੀ ਦਾ ਗਲਾਸ ਮੇਰੇ ਸਾਹਮਣੇ ਰੱਖ ਕੇ ਬੋਲਿਆ, "ਠੰਢਾ ਪਾਣੀ ਪੀ ਲੈ; ਤੇਰੀ ਤਬੀਅਤ ਠੀਕ ਹੋ ਜਾਵੇਗੀ। ਅਕਲ ਆਵੇਗੀ ਕਿ ਨਹੀਂ, ਮੈਂ ਕਹਿ ਨਹੀਂ ਸਕਦਾ। ਜੰਗ ਨਾਲ ਦੱਠੇ ਯੌਰਪ ਦੀ ਉਸਾਰੀ ਲਈ ਮਿਹਨਤ ਮਜ਼ਦੂਰੀ ਕਰਨ ਬੁਲਾਇਆ ਸੀ ਤੁਹਾਨੂੰ ਇਥੇ ਇਨ੍ਹਾਂ ਪੱਛਮੀ 'ਹਾਤਮਤਾਈਆਂ' ਨੇ। ਪਹਿਲਾਂ ਵੀ ਬਹੁਤ 'ਦਇਆ' ਕੀਤੀ ਹੈ ਇਨ੍ਹਾਂ ਨੇ ਆਸਟ੍ਰੇਲੀਆ ਅਤੇ ਅਮਰੀਕਾ ਦੇ ਆਦਿ ਵਾਸੀਆਂ ਉੱਤੇ। ਧਰਤੀ ਦਾ ਕਣ ਕਣ ਇਨ੍ਹਾਂ ਦੀ 'ਦਇਆ' ਦੇ ਭਾਰ ਹੇਠਾਂ ਦੱਬਿਆ ਪਿਆ ਹੈ। 1857 ਤੋਂ ਆਰੰਭ ਹੋ ਕੇ ਜਲ੍ਹਿਆਂ ਵਾਲੇ ਬਾਗ ਅਤੇ ਬੰਗਾਲ ਦੇ ਕਾਲ ਦੇ ਕਾਰਨਾਮੇ ਕਰਦੀ ਹੋਈ ਇਨ੍ਹਾਂ ਦੀ 'ਦਇਆ' ਹੀ ਤਾਂ 1942 ਦੇ ਕੁਇਟ ਇੰਡੀਆ ਦਾ ਕਾਰਣ ਬਣੀ ਸੀ। 1947 ਵਿਚ ਤੁਹਾਡੀ ਆਜ਼ਾਦੀ ਦੀ ਯੱਗਵੇਦੀ ਉੱਤੇ ਡੁੱਲ੍ਹਿਆ ਸਾਰਾ ਇਨਸਾਨੀ ਖੂਨ ਇਨ੍ਹਾਂ ਦੀ 'ਦਇਆ' ਦੇ ਮੱਥੇ ਉੱਤੇ ਲੱਗਾ ਹੋਇਆ ਤਿਲਕ ਹੈ; ਜਿੰਨਾ ਵੱਡਾ ਮੱਥਾ ਓਨਾ ਵੱਡਾ ਟਿੱਕਾ। ਹੁਣ ਇਨ੍ਹਾਂ ਸਾਰਿਆਂ ਨੇ ਰਲ ਮਿਲ ਕੇ ਨਵਾਂ ਢੰਗ ਕੱਢ ਲਿਆ ਹੈ। ਹੁਣ ਇਹ ਗਲੋਬਲ ਇਕਾਨੋਮੀ ਦੇ ਨਾਂ ਉੱਤੇ ਸਾਡੇ ਮੂੰਹ ਦੀ ਰੋਟੀ ਖੋਹਣ ਸਾਡੇ ਘਰੀਂ ਜਾਣਗੇ । ਅੱਠ ਅੱਠ ਸਾਲ ਦੇ ਬੱਚਿਆਂ ਕੋਲੋਂ, ਸੋਲ੍ਹਾ ਸੋਲ਼ਾਂ ਘੱਟੋ ਫੈਕਟਰੀਆਂ ਵਿਚ ਕੰਮ ਕਰਵਾਉਣ ਵਾਲਿਆਂ ਦੇ ਮਨ ਵਿਚ ਦਇਆ-ਧਰਮ ਦਾ ਨਿਵਾਸ ਹੋਣਾ ਸੰਭਵ ਨਹੀਂ; ਹਾਂ, ਖਾਣ ਵਾਲੇ ਮੂੰਹ ਉੱਤੇ ਲੱਗੀਆਂ ਹੋਈਆਂ ਅੱਖਾਂ ਨੂੰ ਸਦਾ ਸ਼ਰਮਾਉਣਾ ਪਿਆ ।"
ਮੇਰੇ ਕੁਝ ਕਹਿਣ ਤੋਂ ਪਹਿਲਾਂ ਹੀ ਮੇਰੇ ਘਰ ਵਾਲੀ ਨੇ ਕਹਿ ਦਿੱਤਾ, "ਸੰਸਾਰ ਦੇ ਇਤਿਹਾਸ ਨੇ ਤੁਹਾਡੇ ਆਖੇ ਨਹੀਂ ਤੁਰਨਾ ਉਸਨੂੰ ਜਾਣ ਦਿਉ ਜਿਧਰ ਜਾਂਦਾ ਹੈ। ਤੁਸੀਂ ਦੇਸ਼ ਦੀ ਕੰਟਰੀਸਾਈਡ ਵੇਖੋ ਇਸਦੀ ਸੁੰਦਰਤਾ ਬਾਰੇ ਦੋ ਵਿਰੋਧੀ ਰਾਵਾਂ ਨਹੀਂ ਹੋ ਸਕਦੀਆਂ। ਉਂਞ ਮੈਂ ਬਾਲੀ ਨਾਲ ਸਹਿਮਤ ਹਾਂ ਕਿ ਪੱਛਮੀ ਕੰਮਾਂ ਦਾ ਸਾਰਾ ਇਤਿਹਾਸ ਅੱਤਿਆਚਾਰ ਨਾਲ ਭਰਿਆ ਪਿਆ ਹੈ। ਇਸਨੂੰ ਘੜੀ ਮੁੜੀ ਦੁਹਰਾਉਣਾ ਵੀ ਠੀਕ ਨਹੀਂ, ਪਰ ਭਵਿੱਖ ਵਿਚ ਇਸ ਦੇ ਐਨ ਉਲਟ ਕੁਝ ਹੋਣ ਵਾਪਰਨ ਦੀਆਂ ਆਸਾਂ ਲਾਉਣੀਆਂ ਵੀ ਸਿਆਣਪ ਵਾਲੀ ਗੱਲ ਨਹੀਂ।"
ਮੈਂ ਚੁੱਪ ਰਹਿਣ ਵਿਚ ਭਲਾ ਮਨਾਇਆ। ਕਹਿਣ ਨੂੰ ਬਹੁਤਾ ਕੁਝ ਮੇਰੇ ਕੋਲ ਨਹੀਂ ਸੀ, ਤਾਂ ਵੀ ਅੰਦਰੇ ਅੰਦਰ ਮੈਂ ਮਹਿਸੂਸ ਕਰ ਰਿਹਾ ਸਾਂ ਕਿ ਮਨੁੱਖੀ ਮਨ ਲਈ ਇਹ ਵਿਸ਼ਵਾਸ ਗੌਰਵ ਵਾਲੀ ਗੱਲ ਨਹੀਂ ਕਿ ਜੋ ਕੁਝ ਪਿੱਛੇ ਹੁੰਦਾ ਆਇਆ ਹੈ, ਉਹੋ ਕੁਝ ਅੱਗੇ ਲਈ ਹੋਈ ਜਾਣਾ ਹੈ।