ਲੋਕ ਡਿਸਟ੍ਰਿਕਟ ਤੋਂ ਵਾਪਸ ਆਉਂਦਿਆਂ ਮੈਂ ਮੋਟਰ-ਵੇ ਲਾਗੇ ਬਣੇ ਇਕ ਵਿਸ਼ਾਲ ਢਾਬੇ (ਸਰਵਿਸਿਜ਼-ਰੈਸਟੂਰਾਂ) ਉੱਤੇ ਚਾਹ ਪੀਣ ਅਤੇ ਪਟਰੋਲ ਲੈਣ ਲਈ ਰੁਕਿਆ। ਮੇਰੇ ਮਿੱਤਰ ਨੇ ਉਸ ਢਾਬੇ ਦੀ ਵਿਸ਼ਾਲਤਾ ਅਤੇ ਸੁੰਦਰਤਾ ਨੂੰ ਮਨ ਹੀ ਮਨ ਆਪਣੇ ਦੇਸ਼ ਦਿਆਂ ਢਾਬਿਆਂ ਦੇ ਟਾਕਰੇ ਵਿਚ ਰੱਖਦਿਆਂ ਆਖਿਆ, "ਇਨ੍ਹਾਂ ਚੋਰਾਂ ਨੇ ਚੋਰੀ ਦੇ ਮਾਲ ਨੂੰ ਚੰਗੀ ਥਾਂ ਵੀ ਵਰਤਿਆ ਹੈ।" ਪਤਾ ਨਹੀਂ ਕਿਵੇਂ, ਪਰ ਮੈਂ ਇਹ ਕਹਿਣ ਦੀ ਹਿੰਮਤ ਕਰ ਗਿਆ, "ਇਹ ਢਾਬੇ ਐਂਪਾਇਰ ਵੇਲੇ ਦੇ ਬਣੇ ਹੋਏ ਨਹੀਂ। ਇਹ ਇੰਡਸਟਰੀ ਨੇ ਬਣਾਏ ਹਨ। ਇਨ੍ਹਾਂ ਉੱਤੇ ਇਨ੍ਹਾਂ ਲੋਕਾਂ ਦੀ ਆਪਣੀ ਮਿਹਨਤ ਦੀ ਕਮਾਈ ਲੱਗੀ ਹੈ।"
"ਇਨ੍ਹਾਂ ਨੇ ਵਾਪਾਰ ਰਾਹੀਂ ਵੀ ਲੋਕਾਂ ਨੂੰ ਲੁੱਟਿਆ ਹੈ ਪਰ ਇਹ ਮੰਨਣਾ ਪਵੇਗਾ ਕਿ ਇਨ੍ਹਾਂ ਨੂੰ ਪੈਸਾ ਵਰਤਣ ਦੀ ਜਾਚ ਹੈ।" ਕਹਿ ਕੇ ਮੇਰਾ ਮਿੱਤਰ ਚਾਹ ਦਾ ਆਨੰਦ ਲੈਣ ਲੱਗ ਪਿਆ। ਮੈਂ ਖ਼ੁਸ਼ ਸਾਂ ਕਿ ਗੱਲ ਇਸ ਤੋਂ ਅਗੇਰੇ ਨਹੀਂ ਸੀ ਵਧੀ।
ਪਹਿਲੀ ਮਈ ਨੂੰ ਚੋਣਾਂ ਹੋਈਆਂ ਸਨ। ਉਸੇ ਰਾਤ ਨਤੀਜੇ ਆਉਣੇ ਸ਼ੁਰੂ ਹੋ ਗਏ ਸਨ। ਸਾਰਾ ਟੱਬਰ ਟੈਲੀ ਸਾਹਮਣੇ ਬੈਠਾ ਤਮਾਸ਼ਾ ਵੇਖਦਾ ਰਿਹਾ ਸੀ। ਮੇਰਾ ਮਿੱਤਰ ਵੀ। ਅੰਤ ਵਿਚ ਕੁਝ ਹੈਰਾਨ ਜਿਹਾ ਹੋ ਕੇ ਉਸਨੇ ਆਖਿਆ ਸੀ, “ਚੋਣਾਂ ਦਾ ਬਹੁਤਾ ਰੋਲਾ-ਰੱਪਾ ਵੇਖਣ ਸੁਣਨ ਵਿਚ ਨਹੀਂ ਆਇਆ। ਏਥੇ ਜਲੂਸ ਵਗ਼ੈਰਾ ਨਹੀਂ ਕੱਢੇ ਲੋਕਾਂ।"
"ਰੌਲਾ ਪੈਂਦਾ ਹੈ; ਪਰ ਰੇਡੀਓ, ਅਖ਼ਬਾਰ ਅਤੇ ਟੈਲੀ ਆਦਿਕ ਰਾਹੀਂ। ਜਿੱਥੇ ਲੋਕ ਆਪਣੇ ਕਿਸੇ ਕੰਮ ਲਈ ਇਕੱਠੇ ਹੋਏ ਹੋਣ, ਉਥੇ ਲੀਡਰ ਵੀ ਪੁੱਜ ਜਾਂਦੇ ਹਨ, ਮੌਕੇ ਦਾ ਲਾਭ ਲੈਣ ਲਈ। 'ਚੋਣ ਲੀਡਰਾਂ ਦੀ ਲੋੜ ਹੈ; ਲੋਕਾਂ ਦੀ ਨਹੀਂ", ਏਥੇ ਇਸ ਗੱਲ ਦੀ ਪੂਰੀ ਚੇਤਨਾ ਹੈ।" ਮੇਰਾ ਉੱਤਰ ਸੁਣ ਕੇ ਮੇਰੇ ਮਿੱਤਰ ਨੇ ਹੌਲੀ ਜਿਹੀ ਆਖਿਆ, "ਹੱਛਾ", ਅਤੇ ਸੋਚੀਂ ਪਿਆ ਆਪਣੇ ਕਮਰੇ ਵਿਚ ਚਲਾ ਗਿਆ। ਪੱਛਮੀ ਲੋਕਾਂ ਦੇ ਜੀਵਨ