ਮੀਂਹ ਕਣੀ ਦੇ ਦਿਨਾਂ ਵਿਚ ਅਸੀਂ ਘੁੰਮਣ ਫਿਰਨ ਨਹੀਂ ਸਾਂ ਜਾਂਦੇ। ਉਂਝ ਵੀ ਦੇ ਢਾਈ ਮਹੀਨੇ ਬਥੇਰਾ ਫਿਰ ਤੁਰ ਲਿਆ ਸੀ । ਹੁਣ ਅਸੀਂ ਸਾਰਾ ਸਾਰਾ ਹਫ਼ਤਾ ਘਰ ਰਹਿਣ ਲੱਗ ਪਏ ਸਾਂ; ਕਦੇ ਕਦਾਈਂ ਹੀ ਮਿੱਤਰ ਨਾਲ ਮਿਲ ਕੇ ਕਿਧਰੇ ਜਾਣ ਦਾ ਪ੍ਰੋਗਰਾਮ ਬਣਾਉਂਦੇ ਸਾਂ, ਉਹ ਵੀ ਲੰਡਨ ਦੇ ਵਿਚ ਵਿਚ। ਮੇਰੀ ਪੌਣੇ ਕੁ ਤਿੰਨ ਸਾਲ ਦੀ ਪੋਤ੍ਰੀ, ਨੇਹਲ, ਹਰ ਵੇਲੇ ਵਾਲਟ ਡਿਜ਼ਨੀ ਦੀ ਕੋਈ ਨਾ ਕੋਈ ਕਾਰਟੂਨ ਫ਼ਿਲਮ ਲਾ ਛੱਡਦੀ ਸੀ। ਪਹਿਲਾਂ ਪਹਿਲ ਮੇਰੇ ਮਿੱਤਰ ਨੂੰ ਇਹ ਗੱਲ ਓਪਰੀ ਅਤੇ ਕਿਸੇ ਹੱਦ ਤਕ ਮਾੜੀ ਵੀ ਲੱਗੀ ਸੀ। ਹੌਲੀ ਹੌਲੀ ਉਹ ਵੀ ਨੇਹਲ ਨਾਲ ਰਲ ਕੇ ਇਹ ਫਿਲਮਾਂ ਵੇਖਣ ਲੱਗ ਪਿਆ। ਉਨ੍ਹਾਂ ਵਿਚੋਂ ਪੋਕਾਹਾਂਟਾਜ਼, ਛੱਕਸ ਐਂਡ ਦੀ ਹਾਊਂਡ ਅਤੇ ਟਾਏ ਸਟੋਰੀ ਉਸਨੂੰ ਬਹੁਤ ਪਸੰਦ ਸਨ। ਇਹ ਤਿੰਨ ਫਿਲਮਾਂ ਉਸਨੇ ਕਈ ਵੇਰ ਵੇਖ ਲੈਣ ਪਿੱਛੋਂ ਇਕ ਦਿਨ ਮੈਨੂੰ ਆਖਿਆ, “ਪੁੰਨੂ, ਇਹ ਲੋਕ ਆਪਣੇ ਬੱਚਿਆਂ ਨੂੰ ਬਹੁਤ ਚੰਗੀ ਸਿੱਖਿਆ ਦਿੰਦੇ ਹਨ। ਬੱਚਿਆਂ ਨੂੰ ਮਨੁੱਖਤਾ ਦਾ ਭਵਿੱਖ ਮੰਨਦੇ ਹੋਏ ਉਨ੍ਹਾਂ ਨੂੰ ਦੇਸ਼, ਕੌਮ, ਰੰਗ ਅਤੇ ਧਰਮ ਤੋਂ ਉੱਚਾ ਹੋਣ ਦੀ ਜਾਚ ਦੱਸਦੇ ਹਨ। ਨਸਲੀ ਉੱਤਮਤਾ ਦਾ ਕੋਈ ਪਾਠ ਨਹੀਂ ਪੜ੍ਹਾਉਂਦੇ; ਘੱਟੋ ਘੱਟ ਇਨ੍ਹਾਂ ਫਿਲਮਾਂ ਵਿਚ ਨਹੀਂ ਪੜ੍ਹਾਇਆ ਗਿਆ। ਇਨ੍ਹਾਂ ਵਿਚ ਬੱਚੇ ਨੂੰ ਨਿਰੋਲ ਬੱਚਾ ਸਮਝਿਆ ਗਿਆ ਹੈ; ਮਨੁੱਖ ਦਾ ਬੱਚਾ; ਕਿਸੇ ਦੇਸ਼ ਧਰਮ ਦਾ ਮੈਂਬਰ
ਨਹੀਂ: ਸਾਰੀ ਧਰਤੀ ਦਾ ਵਸਨੀਕ: ਵਿਸ਼ਵ ਦਾ ਵਾਸੀ।"
ਐਵੇਂ ਹੀ ਇਕ ਦਿਨ ਮੇਰਾ ਜੀ ਕੀਤਾ ਆਪਣੇ ਮਿੱਤਰ ਨੂੰ ਲੰਡਨ ਦੀਆਂ ਬੱਸਾਂ ਦੀ ਸਵਾਰੀ ਕਰਵਾਉਣ ਦਾ। ਅੰਡਰਗਰਾਊਂਡ ਵਿਚ ਉਹ ਸਫ਼ਰ ਕਰ ਚੁੱਕਾ ਸੀ । ਨਾਰਥ ਫੂਲਿਚ ਵੱਲ ਨੂੰ ਜਾਣ ਲਈ ਅਸੀਂ 101 ਨੰਬਰ ਦੀ ਬੱਸ ਵਿਚ ਬੈਠ ਗਏ। ਬੈਠਦਿਆਂ ਹੀ ਉਹ ਬੱਸ ਦੀ ਬਣਤਰ, ਸਫ਼ਾਈ ਅਤੇ ਡਰਾਈਵਰ ਦੇ ਸ਼ਿਸ਼ਟਾਚਾਰ ਦਾ ਟਾਕਰਾ ਆਪਣੇ ਦੇਸ਼ ਦੀਆਂ ਬੱਸਾਂ ਅਤੇ ਉਨ੍ਹਾਂ ਵਿਚਲੇ ਕਰਮਚਾਰੀਆਂ ਨਾਲ ਕਰਨ ਲੱਗ ਪਿਆ। ਜਦੋਂ ਉਹ ਆਇਆ ਸੀ, ਉਦੋਂ ਏਥੋਂ ਦੇ ਦਫ਼ਤਰਾਂ ਦੇ ਕਰਮਚਾਰੀਆਂ ਦੀ ਕਾਰਜ ਪ੍ਰਬੀਨਤਾ ਨੂੰ ਉਹਨਾਂ ਦੇ ਆਚਰਣ ਦੀ ਇਕ ਸੁੰਦਰਤਾ ਮੰਨਣ ਦੀ ਥਾਂ ਮਸ਼ੀਨੀ ਜੀਵਨ ਦੀ ਭੇਜੀ ਵਿਚੋਂ ਉਪਜੀ ਹੋਈ ਇਕ ਮਜਬੂਰੀ ਮੰਨਦਾ ਸੀ। ਕਰਮਚਾਰੀਆਂ ਦੇ ਚੰਗੇ ਵਿਵਹਾਰ ਨੂੰ ਉਨ੍ਹਾਂ ਦਾ ਸ਼ਿਸ਼ਟਾਚਾਰ ਆਖਣ ਦੀ ਥਾਂ ਉਨ੍ਹਾਂ ਦੀ ਕਾਰੋਬਾਰੀ ਸਿਖਲਾਈ ਕਹਿੰਦਾ ਸੀ। ਆਪਣੇ ਕਥਨ ਦੀ ਪੁਸ਼ਟੀ ਕਰਨ ਲਈ ਉਸਨੇ ਮੈਨੂੰ ਆਖਿਆ ਸੀ, “ਇਨ੍ਹਾਂ ਨੂੰ ਇਨ੍ਹਾਂ ਦੀ ਕੰਮ ਵਾਲੀ ਖਿੜਕੀ ਵਿਚੋਂ ਹੀ ਵੇਖਿਆ ਹੈ ਤੂੰ। ਇਸ ਖਿੜਕੀ ਵਿਚੋਂ ਬਾਹਰ ਆਉਂਦਿਆਂ ਹੀ ਇਨ੍ਹਾਂ ਦਾ ਰੰਗ ਬਦਲ ਜਾਵੇਗਾ।"
ਅੱਜ ਉਸਦੀ ਆਪਣੀ ਦ੍ਰਿਸ਼ਟੀ ਬਦਲ ਗਈ ਸੀ । ਜਦੋਂ ਅਗਲੇ ਸਟਾਪ ਉੱਤੇ ਬੱਸ ਰੁਕੀ ਤਾਂ ਉਸਨੇ ਮੈਨੂੰ ਪੁੱਛਿਆ:
"ਪੁਨੂੰ, ਬੱਸ ਸਟਾਪ ਵਾਲੀ ਥਾਂ ਤੋਂ ਸੜਕ ਜ਼ਰਾ ਨੀਵੀਂ ਹੁੰਦੀ ਹੈ ?"
"ਹੋਣੀ ਤਾਂ ਨਹੀਂ ਚਾਹੀਦੀ।"