ਇਕ ਵੇਰ ਰੇਲਵੇ ਲਾਈਨ ਦੇ ਨਾਲ ਲਗਦੀ ਥਾਂ ਵਿਚ ਬੱਕਰੀਆਂ ਚਾਰਦਿਆਂ ਬੂਟਾ ਟਾਹਲੀ ਦੀ ਛਾਵੇਂ ਸੌ ਗਿਆ । ਉਸਦੀਆਂ ਚਾਰ ਬੱਕਰੀਆਂ ਔਜਲਿਆਂ ਵਾਲੇ ਜਗੀਰੇ ਦੀ ਫ਼ਸਲੇ ਜਾ ਪਈਆਂ। ਜਗੀਰੇ ਨੇ ਚਹੁੰਆਂ ਦੇ ਗਲ ਰੱਸਾ ਪਾ ਲਿਆ ਅਤੇ ਆਪਣੇ ਪਿੰਡ ਨੂੰ ਲੈ ਤੁਰਿਆ। ਜਦੋਂ ਬਾਕੀ ਬੱਕਰੀਆਂ ਨੇ ਵੇਖਿਆ ਕਿ ਉਨ੍ਹਾਂ ਦੀਆਂ ਸਾਥਣਾਂ ਨੂੰ ਕੋਈ ਓਪਰਾ ਆਦਮੀ ਲਈ ਜਾ ਰਿਹਾ ਹੈ ਤਾਂ ਉਹ ਵੀ ਜਗੀਰੇ ਦੇ ਪਿੱਛੇ ਹੋ ਤੁਰੀਆਂ। ਉਸਨੇ ਉਨ੍ਹਾਂ ਨੂੰ ਪਿੱਛੇ ਮੋੜਨ ਦਾ ਬਥੇਰਾ ਜਤਨ ਕੀਤਾ ਪਰ ਉਹ ਨਾ ਮੁੜੀਆਂ। ਉਹ ਜਿਧਰ ਨੂੰ ਜਾਵੇ, ਸਾਰਾ ਇੱਜੜ ਉਸਦੇ ਪਿੱਛੇ ਹੋ ਤੁਰੇ। ਜੇ ਉਹ ਪਿੰਡ ਵੱਲ ਨੂੰ ਮੁੜੇ ਤਾਂ ਸਾਰੀਆਂ ਬੱਕਰੀਆਂ, ਫ਼ਸਲਾਂ ਦੇ ਵਿਚਦੀ, ਉਸਦੇ ਪਿੱਛੇ ਹੋ ਤੁਰਨ। ਏਨੀਆਂ ਬੱਕਰੀਆਂ ਨੂੰ ਕਾਬੂ ਕਰਨਾ ਉਸ ਲਈ ਔਖਾ ਹੋ ਗਿਆ। ਉਸਨੂੰ ਫ਼ਿਕਰ ਪੈ ਗਿਆ ਕਿ ਲੋਕਾਂ ਦੀਆਂ ਫ਼ਸਲਾਂ ਉਜਾੜਨ ਦੀ ਸਾਰੀ ਜ਼ਿੰਮੇਦਾਰੀ ਉਸ ਉੱਤੇ ਆ ਪੈਣੀ ਹੈ। ਉਹ ਬੂਟੇ ਦੀਆਂ ਬੱਕਰੀਆਂ ਨੂੰ ਲੈ ਕੇ ਮੁੜ ਬੂਟੇ ਕੋਲ ਆ ਗਿਆ ਅਤੇ ਆਖਿਆ, “ਉੱਠ ਭਰਾਵਾ, ਇਨ੍ਹਾਂ ਬੱਕਰੀਆਂ ਤੋਂ ਮੇਰਾ ਪਿੱਛਾ ਛੜਾ।"
ਇਕ ਸਾਲ ਦੀ ਮਿਹਨਤ ਨਾਲ ਰੂੜੇ ਨੇ ਆਪਣੇ ਭਰਾ ਦੀਆਂ ਬੱਕਰੀਆਂ ਨਾਲ ਵਾਪਰੀ ਇਸ ਘਟਨਾ ਨੂੰ ਭੰਗੜੇ ਵਿਚ ਢਾਲ ਲਿਆ। ਮਿਹਨਤ ਦੇ ਨਾਲ ਨਾਲ ਉਸਨੂੰ ਖ਼ਰਚ ਵੀ ਕਰਨਾ ਪਿਆ, ਜਿਸ ਵਿਚ ਉਸਦੇ ਸ਼ਾਗਿਰਦਾਂ ਨੇ ਉਸਦੀ ਬਹੁਤ ਸਹਾਇਤਾ ਕੀਤੀ। ਨਤੀਜਾ ਇਹ ਹੋਇਆ ਕਿ ਤਾਲਬਪੁਰ ਪੰਡੋਰੀ ਦੀ ਵਿਸਾਖੀ ਉੱਤੇ ਰੁੜੇ ਦੇ ਭੰਗੜੇ ਦੀਆਂ ਧੁੰਮਾਂ ਪੈ ਗਈਆਂ। ਸਾਰਾ ਮੇਲਾ ਰੂੜੇ ਦੇ ਭੰਗੜੇ ਵੱਲ ਟੁੱਟ ਕੇ ਪੈ ਗਿਆ। ਮਿਸਤਰੀਆਂ ਦੇ ਜੀਤੇ ਨੇ ਬੱਕਰੀਆਂ ਦੀ ਇਸ ਕਹਾਣੀ ਨੂੰ ਹਾਸ-ਰਸੀ ਕਵਿਤਾ ਦਾ ਰੂਪ ਦੇ ਲਿਆ ਸੀ। ਜਦੋਂ ਭੰਗੜੇ ਦੀ ਸਾਰੀ ਟੋਲੀ ਜਗੀਰੇ ਅਤੇ ਬੱਕਰੀਆਂ ਦੀ ਨਕਲ ਕਰਦੀ ਸੀ, ਜੀਤਾ ਆਪਣੀ ਕਵਿਤਾ ਪੜ੍ਹ ਕੇ ਇਸ ਖੇਡ ਨੂੰ, ਅਨਜਾਣੇ ਹੀ, ਪੰਜਾਬੀ ਕੱਥਕ ਦਾ ਰੂਪ ਦੇਈ ਜਾਂਦਾ ਸੀ।