ਹੁਣ ਉਹ ਸਕੂਲ ਵਿਚ ਹੀ ਉਸ ਕੋਲੋਂ ਪੈਸੇ ਲੈ ਲੈਂਦੇ ਸਨ, ਕਦੀ ਕਦੀ ਦੂਜੇ ਬੱਚਿਆਂ ਦੇ ਸਾਹਮਣੇ ਹੈ। ਉਸਨੂੰ ਡਰਾਉਣ ਲਈ, ਹਰ ਦੂਜੇ ਤੀਜੇ ਹਫ਼ਤੇ, ਉਸਨੂੰ ਗਰਾਉਂਡਾਂ ਤੋਂ ਪਰੇ ਲਿਜਾ ਕੇ ਦੋਸ਼ੀ ਦੇ ਰੂਪ ਵਿਚ ਸਾਹਮਣੇ ਖੜਾ ਕਰ ਕੇ ਆਖਦੇ ਸਨ, "ਸਾਨੂੰ ਪਤਾ ਲੱਗਾ ਹੈ ਕਿ ਤੂੰ ਆਪਣੀ ਮਾਂ ਨੂੰ ਦੱਸਣਾ ਚਾਹੁੰਦਾ ਹੈ। ਸੈੱਲ ਠੀਕ ਹੈ ਕਿ ਨਹੀਂ।" ਪਹਿਲੀ ਵੇਰ ਅਜਿਹਾ ਪੁੱਛਿਆ ਜਾਣ ਉੱਤੇ ਉਸ ਨੇ 'ਨਾਂਹ' ਵਿਚ ਉੱਤਰ ਦਿੱਤਾ ਸੀ। ਉਸਦੇ ਮੂੰਹ 'ਨਾਂਹ' ਨਿਕਲਣ ਦੀ ਦੇਰ ਸੀ ਕਿ ਤਿੰਨਾਂ ਵਿਚੋਂ ਇਕ ਨੇ ਇਕ ਚਾਕੂ ਕੱਢ ਕੇ ਉਸਦੇ ਢਿੱਡ ਵਿਚ ਖੋਭ ਦਿੱਤਾ। ਉਹ ਦੋਹਾਂ ਹੱਥਾਂ ਨਾਲ ਆਪਣਾ ਢਿੱਡ ਫੜ ਕੇ ਬੈਠ ਗਿਆ। ਉਸ ਦਾ ਸਿਰ ਚਕਰਾਉਣ ਲੱਗ ਪਿਆ। ਏਕਾ ਏਕ ਤਿੰਨਾਂ ਨੇ ਉੱਚੀ ਉੱਚੀ ਹੱਸਣਾ ਸ਼ੁਰੂ ਕਰ ਦਿੱਤਾ। ਉਸਨੇ ਆਪਣੇ ਹੱਥਾਂ ਵੱਲ ਵੇਖਿਆ। ਉਨ੍ਹਾਂ ਉੱਤੇ ਲਹੂ ਦੇ ਨਿਸ਼ਾਨ ਨਹੀਂ ਸਨ। ਉਸਦੇ ਪੇਟ ਵਿਚ ਪੀੜ ਵੀ ਨਹੀਂ ਸੀ ਹੋ ਰਹੀ ਅਤੇ ਕਿਸੇ ਜ਼ਖ਼ਮ ਦਾ ਵੀ ਕੋਈ ਨਿਸ਼ਾਨ ਨਹੀਂ ਸੀ । ਬਿੱਛੂਆਂ ਵਾਂਗ ਉਹ ਚਾਕੂ ਵੀ ਅਸਲੀ ਨਹੀਂ ਸੀ।
ਆਸ਼ੂ ਲਈ ਇਹ ਅੱਤ ਭਿਆਨਕ ਕਿਸਮ ਦਾ ਕ੍ਰਿਸ਼ਮਾ ਸੀ। ਇਸ ਵਿਚ ਕੋਈ ਝੂਠ ਨਹੀਂ ਸੀ ਕਿ ਉਹ ਆਪਣਾ ਦੁੱਖ ਆਪਣੀ ਮਾਤਾ ਨੂੰ ਦੱਸਣਾ ਚਾਹੁੰਦਾ ਸੀ; ਪਰ ਉਸਦੇ ਮਨ ਦੀ ਗੱਲ ਇਨ੍ਹਾਂ ਨੂੰ ਕਿਵੇਂ ਪਤਾ ਲੱਗ ਗਈ, ਇਹ ਸੱਚ ਉਸ ਲਈ ਬਹੁਤ ਡਰਾਵਣਾ ਸੀ। ਅੱਗੇ ਲਈ ਉਸਨੇ ਆਪਣਾ ਅਪਰਾਧ ਕਬੂਲ ਕਰ ਲੈਣਾ ਹੀ ਉਚਿਤ ਸਮਝਣਾ ਸ਼ੁਰੂ ਕਰ ਦਿੱਤਾ ਅਤੇ ਹੌਲੀ ਹੌਲੀ ਇਉਂ ਜਾਪਣ ਲੱਗ ਪਿਆ ਕਿ ਉਸਨੇ ਨਿਰਾਦਰ ਅਤੇ ਸਹਿਮ ਦੇ ਜੀਵਨ ਨਾਲ ਸਦੀਵੀ ਸਮਝੌਤਾ ਕਰ ਲਿਆ ਹੈ। ਜਾਪਦਾ ਇਉਂ ਹੀ ਸੀ; ਪਰ ਧੁਰ ਅੰਦਰ ਆਸ਼ੂ ਦੀ ਆਤਮਾ ਨੇ ਇਸਨੂੰ ਮਨਜ਼ੂਰ ਨਹੀਂ ਸੀ ਕੀਤਾ।
ਹੁਣ ਉਹ ਆਨੰਦ-ਲੋਕ ਦੀ ਥਾਂ ਭੈ-ਸਾਗਰ ਦਾ ਵਾਸੀ ਹੋ ਗਿਆ। ਕੋਈ ਕਿਤਾਬ ਪੜ੍ਹਨ ਨੂੰ ਉਸਦਾ ਜੀਅ ਨਹੀਂ ਸੀ ਕਰਦਾ। ਆਪਣੀ ਉਮਰ ਦੇ ਬੱਚਿਆਂ ਨਾਲੋਂ ਬਹੁਤ ਅੱਗੇ ਸੀ ਉਹ। ਹੁਣ ਹੌਲੀ ਹੌਲੀ ਪਿੱਛੇ ਨੂੰ ਆਉਣ ਲੱਗ ਪਿਆ ਅਤੇ ਉਨ੍ਹਾਂ ਦੇ ਨਾਲ ਰਲਣਾ ਸ਼ੁਰੂ ਹੋ ਗਿਆ। ਘਰ ਵਿਚ ਉਹ ਪਿਛਣ ਅਤੇ ਰੁੱਸਣ ਲੱਗ ਪਿਆ। ਬਹੁਤੀ ਖਿੱਝ ਉਸਨੂੰ ਆਪਣੀ ਮਾਤਾ ਉੱਤੇ ਆਉਂਦੀ ਸੀ। ਕੁਝ ਚਿਰ ਪਹਿਲਾਂ ਉਹ ਉਸਦੇ ਸਾਰੇ ਦੁੱਖਾਂ ਨੂੰ ਆਪੇ ਜਾਣ ਲੈਂਦੀ ਸੀ: ਹੁਣ ਕਿਉਂ ਨਹੀਂ ? ਹੁਣ ਵੀ ਉਹ ਟੀਨੂੰ ਦੇ ਦੁਖ, ਸੁਖ, ਭੁੱਖ, ਤੇਹ, ਨੀਂਦ, ਖੇਡ, ਥਕਾਵਟ ਅਤੇ ਹੋਰ ਸਾਰੀਆਂ ਲੋੜਾਂ ਬਾਰੇ ਜਾਣਦੀ ਹੈ; ਮੇਰੇ ਬਾਰੇ ਕਿਉਂ ਨਹੀਂ ? ਉਸਦਾ ਜੀ ਕਰਦਾ ਸੀ ਕਿ ਜਿਸ ਤਰ੍ਹਾਂ ਉਹ ਮੁੰਡੇ ਉਸਦੇ ਦਿਲ ਦੀ ਗੱਲ ਜਾਣ ਲੈਂਦੇ ਹਨ, ਓਸੇ ਤਰ੍ਹਾਂ ਉਸਦੀ ਮਾਤਾ ਜਾਂ ਉਸਦਾ ਪਿਤਾ ਜਾਣ ਲਵੇ । ਪਰ ਉਸਦੀ ਆਸ ਪੂਰੀ ਨਹੀਂ ਸੀ ਹੁੰਦੀ।