"ਮਾਮਾ, ਸੁਪਰਮੈਨ ਲੋਕਾਂ ਦੀ ਮਦਦ ਕਰਦਾ ਹੈ। ਉਸਨੂੰ ਇਹ ਪਤਾ ਕਿਵੇਂ ਲੱਗ ਜਾਂਦਾ ਹੈ ਕਿ ਕਿਸੇ ਨੂੰ ਉਸਦੀ ਲੋੜ ਹੈ ?"
"ਬੇਟਾ ਜੀ, ਇਹ ਐਵੇਂ ਕਹਾਣੀਆਂ ਹਨ। ਸੁਪਰਮੈਨ ਕੋਈ ਨਹੀਂ ਹੁੰਦਾ।"
ਮਾਂ ਦਾ ਉੱਤਰ ਸੁਣ ਕੇ ਆਸੂ ਨਿਰਾਸ਼ ਹੋ ਗਿਆ। ਉਸਦਾ ਅਨੁਭਵ ਉਸਨੂੰ ਇਹ ਦੱਸਦਾ ਸੀ ਕਿ ਜਿਸ ਜੀਵਨ ਵਿਚ ਤਕੜੇ ਮਾੜੇ ਅਤੇ ਚੰਗੇ ਬੁਰੇ ਮੌਜੂਦ ਹਨ, ਉਸ ਵਿਚ ਸੁਪਰਮੈਨ ਹੋਣਾ ਬਹੁਤ ਜ਼ਰੂਰੀ ਹੈ। ਮਨੁੱਖਾਂ ਦੀ ਆਪਸੀ ਮਿੱਤਰਤਾ ਹੀ ਸੁਪਰਮੈਨ ਦੀ ਲੋੜ ਤੋਂ ਪਿੱਛਾ ਛੁਡਾ ਸਕਦੀ ਹੈ। ਪਰੰਤੂ ਆਪਣੇ ਅਨੁਭਵ ਨੂੰ ਸ਼ਬਦਾਂ ਦਾ ਰੂਪ ਦੇਣ ਦੀ ਸੂਬਾ ਉਸ ਵਿਚ ਨਹੀਂ ਸੀ।
ਉਸਨੂੰ ਡਰਾਉਣੇ ਸੁਪਨੇ ਆਉਣੇ ਸ਼ੁਰੂ ਹੋ ਗਏ। ਕਦੇ ਉਹ ਉੱਚੀ ਥਾਂ ਤੋਂ ਡਿੱਗ ਰਿਹਾ ਹੁੰਦਾ, ਕਦੇ ਵਾਦੂ ਕੁੱਤਿਆਂ ਤੋਂ ਬਚਣ ਲਈ ਦੌੜਦੇ ਨੂੰ ਠੰਡਾ ਲੱਗ ਜਾਣ ਕਾਰਨ ਮੂਧੇ ਮੂੰਹ ਡਿੱਗ ਪੈਂਦਾ। ਕਦੇ ਕਦੇ ਉਹ ਤਿੰਨ ਮੁੰਡੇ ਸਪੱਸ਼ਟ ਰੂਪ ਵਿਚ ਵੀ ਉਸਦੇ ਸੁਪਨੇ ਵਿਚ ਆ ਜਾਂਦੇ। ਸਵੇਰੇ ਉੱਠ ਕੇ ਉਹ ਸੋਚਦਾ, ਜਿਵੇਂ ਮੈਨੂੰ ਇਨ੍ਹਾਂ ਮੁੰਡਿਆਂ ਦਾ ਸੁਪਨਾ ਆ ਜਾਂਦਾ ਹੈ, ਇਵੇਂ ਹੀ ਮੇਰੀ ਮਾਂ ਨੂੰ ਮੇਰੀ ਮੁਸੀਬਤ ਦਾ ਸੁਪਨਾ ਕਿਉਂ ਨਹੀਂ ਆਉਂਦਾ। ਸੁਪਨੇ ਵਿਚ ਹੀ ਉਸਨੂੰ ਪਤਾ ਲੱਗ ਜਾਵੇ। ਇਹ ਖ਼ਿਆਲ ਆਉਂਦਿਆਂ ਹੀ ਉਹ ਕੰਬ ਜਾਂਦਾ। "ਨਹੀਂ, ਨਹੀਂ; ਇਉਂ ਨਹੀਂ ਹੋਣਾ ਚਾਹੀਦਾ। ਉਨ੍ਹਾਂ ਨੇ ਸੋਚਣਾ ਹੈ ਕਿ ਮੈਂ ਹੀ ਆਪਣੀ ਮਾਂ ਨੂੰ ਦੱਸਿਆ ਹੈ। ਕਿਸੇ ਨੂੰ ਪਤਾ ਨਹੀਂ ਲੱਗਣਾ ਚਾਹੀਦਾ।"
ਪਤਾ ਲੱਗੇ ਤਾਂ ਮੁਸੀਬਤ ਪਤਾ ਨਾ ਲੱਗੇ ਤਾਂ ਮੁਸੀਬਤ। ਭੈ ਦਾ ਅਥਾਹ ਸਾਗਰ ਤਰਿਆ ਕਿਵੇਂ ਜਾਵੇ ? ਆਸ਼ੂ ਨੂੰ ਕੇਵਲ ਇਕੋ ਰਾਹ ਨਜ਼ਰ ਆਉਂਦਾ ਸੀ; ਸਕੂਲੇ ਜਾਇਆ ਹੀ ਨਾ ਜਾਵੇ। ਇਹ ਸੋਚ ਕੇ ਉਸਨੇ ਇਕ ਦਿਨ ਮਾਤਾ ਨੂੰ ਆਖਿਆ, "ਮਾਮਾ, ਬੱਚੇ ਸਕੂਲ ਕਿਉਂ ਜਾਂਦੇ ਹਨ ?
"ਪੜ੍ਹਨ ਜਾਂਦੇ ਹਨ, ਬੇਟਾ।"
"ਪੜ੍ਹ ਕੇ ਕੀ ਹੁੰਦਾ ਹੈ, ਮਾਮਾ ?"
"ਪੜ੍ਹ ਕੇ ਅਸੀਂ ਚੰਗੇ ਆਦਮੀ ਬਣ ਜਾਂਦੇ ਹਾਂ; ਚੰਗੀਆਂ ਗੱਲਾਂ ਸਿੱਖਦੇ ਹਾਂ । ਤੁਸਾਂ ਆਪਣੇ ਮਾਮਾ ਜੀ ਦੀ ਫੋਟੋ ਵੇਖੀ ਹੈ ਨਾ ਬੇਟਾ? ਉਹ ਫ਼ੌਜ ਵਿਚ ਕੈਪਟਨ ਹਨ। ਜੇ ਉਹ ਸਕੂਲ ਨਾ ਜਾਂਦੇ, ਪੜ੍ਹਦੇ ਨਾ, ਤਾਂ ਉਹ ਕੈਪਟਨ ਨਹੀਂ ਸੀ ਬਣ ਸਕਦੇ। ਤੁਸੀਂ ਵੀ ਪੜ੍ਹ ਕੇ ਵੱਡੇ ਆਦਮੀ ਬਣੇਗੇ, ਬੇਟਾ। ਤੁਹਾਡੇ ਪਾਪਾ ਨੂੰ ਬਹੁਤ ਖ਼ੁਸ਼ੀ ਹੋਵੇਗੀ।"
ਆਸ਼ੂ ਨੂੰ ਸਕੂਲ, ਪੜ੍ਹਾਈ ਅਤੇ ਖੁਸ਼ੀ ਵਿਚ ਹੁਣ ਕੋਈ ਸੰਬੰਧ ਨਹੀਂ ਸੀ ਦਿੱਸਦਾ ਤਾਂ ਵੀ ਇਹ ਸਭ ਕਹਿੰਦਿਆਂ ਉਸਦੀ ਮਾਤਾ ਦੇ ਮੂੰਹ ਉੱਤੇ ਫੈਲੀ ਹੋਈ ਆਸ਼ਾ ਅਤੇ ਪ੍ਰਸੰਨਤਾ ਵੀ ਉਸਨੂੰ ਨਕਲੀ ਨਹੀਂ ਸੀ ਜਾਪੀ। ਅਜੀਬ ਉਲਝਣ ਸੀ ਇਹ, ਜਿਸ ਵਿਚੋਂ ਨਿਕਲਣ ਦਾ ਕੋਈ ਰਾਹ ਉਸਨੂੰ ਲੱਭ ਨਹੀਂ ਸੀ ਰਿਹਾ। ਉਹ ਉਦਾਸ ਰਹਿਣ ਲੱਗ ਪਿਆ, ਹੌਲੀ ਹੌਲੀ ਸਰੀਰ ਵੀ ਕਮਜ਼ੋਰ ਹੋਣ ਲੱਗ ਪਿਆ। ਪਿਤਾ ਨੇ ਆਖਿਆ ਕਿ ਇਹ ਘਰ ਦੀ ਰੋਟੀ ਛੱਡ ਕੇ ਬਾਹਰੋਂ ਉਲ ਜਲੂਲ ਖਾਣ ਦਾ ਨਤੀਜਾ ਸੀ।