ਮੇਰੇ ਕੋਲ ਇਸ ਸਮੱਸਿਆ ਦਾ ਕੋਈ ਹੱਲ ਨਹੀਂ ਸੀ। ਜਦੋਂ ਅਸੀਂ ਦੋਵੇਂ ਗੱਡੀ ਵਿਚੋਂ ਨਿਕਲ ਕੇ ਘਰ ਆਏ ਤਾਂ ਮੇਰੀ ਪਤਨੀ ਨੇ ਆਖਿਆ, "ਬਹੁਤ ਗੂਹੜੀਆਂ ਗੱਲਾਂ ਹੋ ਰਹੀਆਂ ਹਨ ਪਿਉ ਪੁੱਤ ਵਿਚ; ਜੇ ਕੋਈ ਕੁੱਤਾ ਲਿਆਉਣ ਬਾਰੇ ਸੋਚ ਰਹੇ ਹੋ ਤਾਂ ਮੇਰੇ ਰਹਿਣ ਦਾ ਪ੍ਰਬੰਧ ਪਹਿਲਾਂ ਕਰ ਲੈਣਾ।"
ਸਾਡੇ ਵਿਚੋਂ ਕੋਈ ਨਾ ਬੋਲਿਆ।
ਅਗਲੇ ਸਨਿਚਰਵਾਰ ਦੀ ਸ਼ਾਮ ਨੂੰ ਦੁਕਾਨ ਤੋਂ ਵਾਪਸ ਆਉਂਦਾ ਹੋਇਆ ਤੇਜਿੰਦਰ ਜ਼ਾਰਾ ਨੂੰ ਘਰ ਲੈ ਆਇਆ। ਉਸਦੀ ਕਾਰ ਘਰ ਦੇ ਸਾਹਮਣੇ ਆ ਕੇ ਰੁਕੀ: ਕਾਰ ਵਿਚੋਂ ਨਿਕਲ ਕੇ ਉਸਨੇ ਦਰਵਾਜ਼ੇ ਦੀ ਘੰਟੀ ਵਜਾਈ। ਸੁਣਦੇ ਸਾਰ ਪੁੱਤਰ-ਆਗਮਨ ਦੇ ਚਾਅ ਨਾਲ ਭਰੀ ਮਾਤਾ ਨੇ ਦਰਵਾਜ਼ਾ ਖੋਲ੍ਹਿਆ। ਤੇਜਿੰਦਰ ਘਰ ਦੇ ਸਾਹਮਣੇ ਖਲੋਤਾ ਹੋਣ ਦੀ ਥਾਂ, ਆਪਣੀ ਕਾਰ ਦਾ ਪਿਛਲਾ ਦਰਵਾਜ਼ਾ ਖੋਲ੍ਹ ਕੇ ਕਾਰ ਦੀ ਪਿਛਲੀ ਸੀਟ ਉੱਤੇ ਤੁਕ ਕੇ ਕਿਸੇ ਭਾਰੀ ਚੀਜ ਨੂੰ ਆਪਣੀਆਂ ਬਾਹਾਂ ਵਿਚ ਚੁੱਕ ਕੇ, ਕਾਰ ਵਿਚੋਂ ਬਾਹਰ ਕੱਢ ਰਿਹਾ ਸੀ। ਪੈਰ ਨਾਲ ਕਾਰ ਦਾ ਦਰਵਾਜ਼ਾ ਬੰਦ ਕਰ ਕੇ ਉਸਨੇ ਘਰ ਵੱਲ ਮੂੰਹ ਕੀਤਾ ਤਾਂ ਉਸਦੀ ਮਾਤਾ ਨੇ ਵੇਖਿਆ ਕਿ ਉਹ ਇਕ ਅਲਸੇਸ਼ਨ ਨੂੰ ਗੋਦੀ ਵਿਚ ਚੁੱਕੀ ਘਰ ਵੱਲ ਆ ਰਿਹਾ ਹੈ। ਅਗਾਂਹ ਹੋ ਕੇ ਘਰ ਦਾ ਛਾਟਕ ਖੋਲ੍ਹਣ ਦੀ ਥਾਂ ਇਕ ਕਦਮ ਪਿੱਛੇ ਹਟ ਕੇ ਉਨ੍ਹਾਂ ਨੇ ਘਰ ਦਾ ਦਰਵਾਜ਼ਾ ਬੰਦ ਕਰ ਦਿੱਤਾ ਅਤੇ ਗੁੱਸੇ ਵਿਚ ਭਰੇ-ਪੀਤੇ ਪੌੜੀਆਂ ਚੜ੍ਹ ਕੇ ਬੈਂਡ-ਰੂਮ ਵਿਚ ਚਲੇ ਗਏ। ਮੈਂ ਘਰ ਦਾ ਦਰਵਾਜ਼ਾ ਖੋਲ੍ਹਿਆ: ਤੇਜਿੰਦਰ ਜ਼ਾਰਾ ਨੂੰ ਗੋਦੀ ਵਿਚ ਚੁੱਕੀ ਅੰਦਰ ਆਇਆ।
ਸਾਡੇ ਘਰ ਵਿਚ ਅਣਹੋਣੀ ਹੋ ਗਈ ਸੀ। ਘਰ ਦੇ ਕੰਮ ਵਿਚ ਕੁਸ਼ਲ ਅਤੇ ਪ੍ਰਬੰਧ ਵਿਚ ਪ੍ਰਪੱਕ ਹੋਣ ਕਰਕੇ ਮੇਰੀ ਪਤਨੀ, ਕੁਦਰਤੀ ਤੌਰ ਉੱਤੇ ਘਰ ਦੀ ਮੁਖੀਆ ਸੀ। ਮੇਰੇ ਪਿਤਾ ਜੀ ਤੇ ਪਿੱਛੋਂ ਮੇਰੀ ਪਤਨੀ ਦਾ ਇਹ ਅਧਿਕਾਰ ਇਕ ਤਰ੍ਹਾਂ ਨਾਲ ਪ੍ਰਮਾਣਿਤ ਹੋ ਚੁੱਕਾ ਸੀ। ਆਪਣੀ ਇੱਛਾ ਅਤੇ ਆਗਿਆ ਦਾ ਅਣਜਾਣੇ ਹੋਇਆ ਉਲੰਘਣ ਵੀ ਉਨ੍ਹਾਂ ਨੂੰ ਬਰਦਾਸਤ ਨਹੀਂ ਸੀ। ਤੇਜਿੰਦਰ ਜਾਣਦਿਆਂ ਹੋਇਆ, ਉਨ੍ਹਾਂ ਦੀ ਭਲੀਭਾਂਤ ਪ੍ਰਗਟ ਕੀਤੀ ਹੋਈ ਇੱਛਾ ਅਤੇ ਆਗਿਆ ਵਿਰੁੱਧ ਚਾਰਾ ਨੂੰ ਘਰ ਲੈ ਆਇਆ ਸੀ। ਉਹ ਆਪਣੀ ਭੁੱਲ ਦੀ ਗੰਭੀਰਤਾ ਤੋਂ ਜਾਣੂ ਸੀ । ਆਪਣੀ ਮਾਤਾ ਦੇ ਰਵੱਈਏ ਕਾਰਨ ਉਦਾਸ ਅਤੇ ਚਿੰਤਾਤੁਰ ਹੋ ਗਿਆ। ਉਸਦੀ ਚਿੰਤਾ ਵਿਚ ਹਿੱਸੇਦਾਰ ਹੁੰਦਿਆਂ ਹੋਇਆ ਮੈਂ ਆਖਿਆ, "ਬਹੁਤ ਕਾਹਲੀ ਕੀਤੀ, ਬੇਟਾ।"
"ਕਾਹਲੀ ਕਰਨੀ ਪੈ ਗਈ, ਪਾਪਾ। ਅਜੀਬ ਉਲਝਣ ਬਣ...।"
"ਉਨ੍ਹਾਂ ਨੂੰ ਜਾ ਕੇ ਦੱਸ ਇਹ ਸਭ।"
"ਤੁਸੀਂ ਮੇਰੇ ਨਾਲ ਚੱਲੋ।"
"ਤੂੰ ਜਾ; ਮੈਂ ਵੀ ਆਉਂਦਾ ਹਾਂ।"