ਤੁਹਾਡੀ ਬੇਟੀ
ਪਰਮਿੰਦਰ
ਮੇਰੇ ਵੱਲੋਂ ਪੂਰਾ ਭਰੋਸਾ ਪ੍ਰਾਪਤ ਕਰਕੇ ਕਸ਼ਮ ਦੇ ਮਾਪਿਆਂ ਨੇ ਉਸਨੂੰ ਮੇਰੇ ਕੋਲ ਭੇਜ ਦਿੱਤਾ। ਉਸਦੀ ਸੱਸ ਅਤੇ ਸਹੁਰਾ ਵੀ, ਉਸਨੂੰ ਲੈਣ ਏਅਰਪੋਰਟ ਗਏ। ਸਾਡੇ ਵਿਚੋਂ ਮੁੰਡੇ ਦਾ ਪਿਤਾ ਹੀ ਕੁਸੁਮ ਨੂੰ ਪਛਾਣ ਸਕਦਾ ਸੀ। ਇਸ ਲਈ ਜਦੋਂ ਵੀ ਕੋਈ ਮੁਟਿਆਰ ਕਸਟਮ ਦੇ ਗੋਟੋ ਬਾਹਰ ਆਉਂਦੀ ਸੀ, ਸਾਡੀਆਂ ਅੱਖਾਂ ਮੁੰਡੇ ਦੇ ਪਿਤਾ ਦੇ ਮੂੰਹ ਉੱਤੇ ਗੱਡੀਆਂ ਜਾਂਦੀਆਂ ਸਨ। ਇਕ ਸਰੂ-ਕੱਦ ਸੁੰਦਰ ਕੁੜੀ ਵੱਲ ਵੇਖ ਕੇ ਮੁੰਡੇ ਦੇ ਪਿਤਾ ਦੇ ਮੂੰਹ ਉੱਤੇ ਖਿੱਲਰੀ ਮੁਸਕਰਾਹਟ ਨੇ ਜਿਵੇਂ ਉੱਚੀ ਪੁਕਾਰ ਕੇ ਆਖਿਆ, "ਔਹ ਆ ਗਈ ਕੁਸੂਮ।" ਅਸੀਂ ਸਾਰੇ ਉਸ ਵੱਲ ਵਧੇ। ਉਸਨੇ ਆਪਣੇ ਸਹੁਰੇ ਦੇ ਪੈਰੀਂ ਹੱਥ ਲਾਇਆ, ਫਿਰ ਆਪਣੀ ਸੱਸ ਦੇ। ਮੈਂ ਅੱਗੇ ਹੋ ਕੇ ਆਖਿਆ, "ਬੇਟਾ ਜੀ, ਮੈਂ ਪਰਮਿੰਦਰ ਦਾ ਮਾਮਾ ਹਾਂ ਅਤੇ ਇਹ....।" ਉਸਨੇ ਮੇਰੀ ਗੱਲ ਅਧਵਾਟਿਉਂ ਫੜ ਕੇ ਆਖਿਆ, "ਇਹ ਮਾਮੀ ਜੀ। ਮੈਂ ਤੁਹਾਡੀਆਂ ਤਸਵੀਰਾਂ ਵੇਖੀਆਂ ਹੋਈਆਂ ਹਨ, ਮਾਮਾ ਜੀ। ਮੇਰਾ ਖਿਆਲ ਹੈ ਮੈਂ ਤੁਹਾਨੂੰ ਓਨਾ ਹੀ ਜਾਣਦੀ ਹਾਂ, ਜਿੰਨਾ ਪਰਮਿੰਦਰ।"
ਕੁਸੁਮ ਨੂੰ ਵੇਖਣ ਤੋਂ ਬਾਅਦ ਉਸਦੇ ਮੂੰਹੋਂ ਠਰੰਮੇ ਨਾਲ ਬੋਲੇ ਹੋਏ ਇਹ ਵਾਕ ਸੁਣ ਕੇ ਮੈਨੂੰ ਪਰਮਿੰਦਰ ਦੇ ਲਿਖੇ ਉੱਤੇ ਪੂਰਾ ਯਕੀਨ ਹੋ ਗਿਆ। ਏਅਰਪੋਰਟ ਤੋਂ ਈਸਟ ਹੈਮ ਨੂੰ ਆਉਂਦਿਆਂ ਹੋਇਆਂ ਮੇਰੇ ਘਰ ਵਾਲੀ ਨੇ ਕੁਸੂਮ ਦੇ ਮਾਤਾ ਪਿਤਾ ਅਤੇ ਆਪਣੀ ਨਣਾਨ ਦੇ ਪਰਿਵਾਰ ਦੀ ਰਾਜ਼ੀ ਖ਼ੁਸ਼ੀ ਪੁੱਛੀ। ਉਨ੍ਹਾਂ ਦੀਆਂ ਗੱਲਾਂ ਸਮਾਪਤ ਹੋ ਜਾਣ ਪਿੱਛੋਂ ਮੈਂ ਉਸਨੂੰ ਉਸਦੀ ਵਿਦਿਆ ਸੰਬੰਧੀ ਪੁੱਛਿਆ ਅਤੇ ਛੇਤੀ ਹੀ ਗੱਲ ਉਸਦੇ ਐਥਲੀਟ ਹੋਣ ਬਾਰੇ ਚੱਲ ਪਈ। ਉਸਦਾ ਚਿਹਰਾ ਖਿੜ ਉੱਠਿਆ। ਪੂਰੇ ਭਰੋਸੇ ਨਾਲ ਉਸਨੇ ਆਖਿਆ, "ਮਾਮਾ ਜੀ, ਇਸ ਸਾਲ ਤਾਂ ਜ਼ਰਾ ਲੇਟ ਆਈ ਹਾਂ ਮੈਂ। ਲੰਡਨ ਮੈਰਾਥਨ ਹੋ ਚੁੱਕੀ ਹੈ। ਅਗਲੇ ਸਾਲ ਦੀ ਮੈਰਾਥਨ ਵਿਚ ਫਸਟ ਆ ਕੇ ਮੈਂ ਇੰਡੀਆ ਅਤੇ ਈਸਟ ਹੈਮ ਦੋਹਾਂ ਦਾ ਨਾਂ ਉੱਚਾ ਕਰ ਦਿਆਂਗੀ।"
ਬੇਟਾ ਜੀ, ਤੁਹਾਨੂੰ ਜਿੱਤਣ ਦਾ ਪੂਰਾ ਭਰੋਸਾ ਕਿਵੇਂ ਹੋ ਗਿਆ ?"
" "ਮਾਮਾ ਜੀ, ਮੈਂ ਐਥਲੀਟ ਹਾਂ: ਪ੍ਰੈਕਟਿਸ ਕਰਦੀ ਹਾਂ; ਜਾਣਦੀ ਹਾਂ ਕਿ ਜਿਹੜੀ ਕੁੜੀ ਇਸ ਵੇਰ ਜਿੱਤੀ ਹੈ ਉਸ ਨਾਲੋਂ ਮੇਰਾ ਟਾਈਮ ਸਾਢੇ ਸੱਤ ਸੈਕਿੰਡ ਘੱਟ ਹੈ। ਮੇਰਾ ਰਿਸ਼ਤਾ ਪੱਕਾ ਹੋ ਜਾਣ ਮਗਰੋਂ ਮੰਮੀ-ਪਾਪਾ ਨੂੰ ਵਿਆਹ ਦੀ ਫ਼ਿਕਰ ਸੀ ਪਰ ਮੈਨੂੰ ਮੈਰਾਥਨ ਜਿੱਤਣ ਦਾ ਚਾਅ ਸੀ। ਅਗਲੇ ਸਾਲ ਵੇਖਿਓ। ਮੈਂ ਪੂਰੇ ਛੱਥੀ ਮੀਲ ਬਿਨਾਂ ਥੱਕਿਆ ਦੌੜ ਸਕਦੀ ਹਾਂ।"
ਕੁਸੁਮ ਦੇ ਸੱਸ ਸਹੁਰਾ ਆਪਣੀ ਵੱਖਰੀ ਕਾਰ ਵਿਚ ਸਨ। ਈਸਟ ਹੇਮ ਪੁੱਜ ਕੇ ਉਨ੍ਹਾਂ ਨਾਲ ਅਗਲਾ ਪ੍ਰੋਗਰਾਮ ਮਿੱਥ ਮਿਥਾਅ ਕੇ ਅਸੀਂ ਆਪਣੇ ਘਰ ਆ ਗਏ ਅਤੇ ਉਹ ਆਪਣੇ ਘਰ ਚਲੇ ਗਏ।