"ਵੰਡਰਫੁੱਲ, ਸਿੰਘ, ਵੰਡਰਫੁੱਲ। ਵਟ ਐਨ ਇਕਸਪੀਰੀਐਂਸ । ਕਾਰ ਮੈਨੂੰ ਇਕੱਲੇ ਨੂੰ ਧੱਕਣੀ ਪਵੇਗੀ। ਪਰ ਜੇ ਭਰਾ ਛੋਟਾ ਹੋਵੇ ਤਾਂ ?"
"ਵਿਆਹ ਸਮੇਂ ਤਰਾ ਕੇਵਲ ਭਰਾ ਹੁੰਦਾ ਹੈ, ਵੱਡਾ ਜਾਂ ਛੋਟਾ ਨਹੀਂ। ਉਂਞ ਵੀ ਜੀਵਨ ਵਿਚ ਉਹ ਭੈਣ ਲਈ ਉਸਦੇ ਪਿਤਾ ਦਾ ਪ੍ਰਤੀਨਿਧੀ ਹੈ।"
"ਕਿੰਨੀ ਸੁੰਦਰਤਾ ਹੈ ਮਨੁੱਖ ਦੇ ਪਰਵਾਰਕ ਸੰਬੰਧਾਂ ਵਿਚ! ਸਿੰਘ, ਮੇਰਾ ਜੀ ਕਰਦਾ ਹੈ, ਮੈਂ ਵੀ ਵਿਆਹ ਕਰ ਲਵਾਂ। ਮਾਤਾ ਦੇ ਗੁਜ਼ਰ ਜਾਣ ਪਿੱਛੋਂ ਮੈਂ ਬਿਲਕੁਲ ਇਕੱਲਾ ਹੋ ਗਿਆ ਹਾਂ। ਇਕੱਲਾ ਹੀ ਨਹੀਂ, ਸਗੋਂ ਬੇ-ਲੋੜਾ ਵੀ। ਮੈਨੂੰ ਇਉਂ ਲੱਗਣ ਲੱਗ ਪਿਆ ਹੈ, ਜਿਵੇਂ ਮੇਰੀ ਹੋਂਦ ਦੀ ਸਾਰਥਕਤਾ ਸਮਾਪਤ ਹੋ ਗਈ ਹੋਵੇ। ਮੈਂ ਕਿਸੇ ਲਈ ਕੁਝ ਨਹੀਂ ਕਰ ਰਿਹਾ; ਖਾ ਪੀ ਕੇ ਸਮਾਂ ਲੰਘਾ ਰਿਹਾ ਹਾਂ, ਬੱਸ। ਕਿਉਂ ਨਾ ਕੋਈ ਸਾਥੀ ਲੱਭ ਕੇ ਵਿਆਹ ਕਰ ਲਵਾਂ ਮੈਂ ਵੀ।"
ਮੈਂ ਉਸਦੇ ਮੂੰਹ ਵੱਲ ਵੇਖਿਆ, ਉਹ ਸੱਚਮੁੱਚ ਗੰਭੀਰ ਸੀ । ਤਾਂ ਵੀ ਮੈਂ ਆਖਿਆ, "ਬਿੱਲ, ਹੁਣ ? ਇਸ ਉਮਰ ਵਿਚ ?"
ਉਸੇ ਗੰਭੀਰਤਾ ਵਿਚੋਂ ਉਹ ਬੋਲਿਆ, "ਉਹ ਕਿਹੜੀ ਉਮਰ ਹੈ ਜਿਸ ਵਿਚ ਸਾਥ ਅਤੇ ਸਾਰਥਕਤਾ ਬੇ-ਲੋੜੇ ਹੋ ਜਾਂਦੇ ਹਨ, ਸਿੰਘ ?"
ਬਣੇ ਹੋਏ ਪ੍ਰੋਗਰਾਮ ਅਨੁਸਾਰ, ਸ਼ਾਮ ਨੂੰ ਮੁੰਡਾ ਅਤੇ ਉਸਦੇ ਮਾਤਾ ਪਿਤਾ ਸਾਡੇ ਘਰ ਆਏ। ਥੋੜੀ ਬਹੁਤੀ ਜਾਣ-ਪਛਾਣ ਤਾਂ ਪਹਿਲਾਂ ਵੀ ਸੀ ਪਰ ਸਾਡੇ ਘਰ ਆਉਣ ਦਾ ਇਹ ਪਹਿਲਾ ਮੌਕਾ ਸੀ ਉਨ੍ਹਾਂ ਲਈ। ਕੁਸੁਮ ਦਾ ਪੇਕਾ ਘਰ ਬਣ ਗਿਆ ਹੋਣ ਕਰਕੇ ਸਾਡੇ ਘਰ ਦੇ ਜੀਆਂ ਨੇ ਉਨ੍ਹਾਂ ਦੇ ਆਉਣ ਉੱਤੇ ਕੁਝ ਉਚੇਚ ਵੀ ਕੀਤਾ। ਤੇਲ ਚੋਇਆ, ਸਾਰਾ ਟੱਬਰ ਸੁਆਗਤ ਲਈ ਖਲੋਤਾ: ਚਾਹ ਨਾਲ ਸਮੋਸਿਆਂ, ਪਕੌੜਿਆਂ ਅਤੇ ਮਿਠਾਈ ਦਾ ਪ੍ਰਬੰਧ ਕੀਤਾ ਅਤੇ ਆਏ ਗਏ ਲਈ ਸਾਂਭ ਕੇ ਰੱਖਿਆ ਹੋਇਆ ਟੀ-ਸੈੱਟ ਵੀ ਵਰਤਿਆ। ਮੋਰਾ ਜੀ ਕਰਦਾ ਸੀ ਕਿ ਇਸ ਮੌਕੇ ਉੱਤੇ ਬਿੱਲ ਨੂੰ ਵੀ ਬੁਲਾ ਲਿਆ ਜਾਵੇ ਪਰ ਘਰ ਵਾਲੀ ਦੀ ਸਲਾਹ ਇਸਦੇ ਹੱਕ ਵਿਚ ਨਹੀਂ ਸੀ। ਮੁੰਡਾ ਉੱਚਾ ਲੰਮਾ, ਸੁਹਣਾ ਜੁਆਨ ਅਤੇ ਕੁਸੁਮ ਲਈ ਹਰ ਤਰ੍ਹਾਂ ਯੋਗ ਵਰ ਸੀ ਅਸੀਂ ਸਾਰੇ ਬਹੁਤ ਖ਼ੁਸ਼ ਸਾਂ । ਕੁਸੁਮ ਦੇ ਸੁਭਾਅ ਵਿਚਲਾ ਸਹਿਜ ਜਿਉਂ ਦਾ ਤਿਉਂ ਕਾਇਮ ਸੀ। ਚਾਹ ਪੀਂਦਿਆਂ ਮੁੰਡੇ ਨੇ ਇਕ ਦੋ ਫੇਰ ਕੁਸੂਮ ਵੱਲ ਵੇਖਿਆ ਸੀ ਅਤੇ ਉਸਦੀ ਨਜ਼ਰ ਆਪਣੇ ਵੱਲ ਆਉਂਦੀ ਵੇਖ ਕੇ ਅੱਖਾਂ ਏਧਰ ਓਧਰ ਕਰ ਲਈਆਂ ਸਨ। ਇਸ ਉੱਤੇ ਕੁਸੁਮ ਮਿੱਠਾ ਜਿਹਾ ਮੁਸਕਰਾਈ ਸੀ। ਮੁੰਡੇ ਦੇ ਮਾਤਾ ਪਿਤਾ ਓਨੇ ਹੀ ਖੁਸ਼ ਵਿਦਾ ਹੋਏ, ਜਿੰਨੇ ਖੁਸ਼ ਉਹ ਆਏ ਸਨ। ਮੁੰਡੇ ਦੇ ਮੂੰਹ ਉੱਤੇ ਆਉਣ ਸਮੇਂ ਕੁਝ ਘਬਰਾਹਟ ਸੀ ਅਤੇ ਜਾਣ ਸਮੇਂ ਉਦਾਸੀ।
ਤੀਜੇ ਦਿਨ ਸ਼ਾਮ ਨੂੰ ਮੁੰਡੇ ਦੇ ਮਾਤਾ ਪਿਤਾ ਦੁਬਾਰਾ ਸਾਡੇ ਵੱਲ ਆਏ। ਦੋਹਾਂ ਦੇ ਚਿਹਰੇ ਖ਼ੁਸ਼ੀ-ਵਿਹੂਣੇ ਸਨ ਪਰ ਉਦਾਸ ਨਹੀਂ ਸਨ। ਮੇਰੇ ਘਰ ਵਾਲੀ ਨੇ ਹੱਸ ਕੇ ਆਖਿਆ,