ਪਤੀ ਪਤਨੀ ਨੇ ਇਕ ਦੂਜੇ ਵੱਲ ਵੇਖਿਆ ਅਤੇ ਵੇਖ ਕੇ ਇਕ ਦੂਜੇ ਵੱਲੋਂ ਅੱਖਾਂ ਫੇਰ ਲਈਆਂ। ਦੋਵੇਂ ਇਕ ਦੂਜੇ ਨੂੰ ਕਹਿੰਦੇ ਜਾਪੋ: "ਤੂੰ ਗੱਲ ਕਰ।"
"ਮੈਂ ਕਿਉਂ ਕਰਾਂ ? ਤੂੰ ਕਰ।"
ਉਨ੍ਹਾਂ ਦੀ ਖ਼ਾਮੋਸ਼ੀ ਨੂੰ 'ਸੁਣ ਕੇ ਮੈਂ ਆਖਿਆ, "ਸਰਦਾਰ ਜੀ, ਕੀ ਗੱਲ ਹੈ ?"
ਉਸਨੇ ਕੁਰਸੀ ਤੋਂ ਉੱਠਦਿਆਂ ਹੋਇਆ ਆਖਿਆ, "ਜ਼ਰਾ ਬਾਹਰ ਆਓ।" ਮੈਂ ਉਸਨੂੰ ਘਰ ਦੇ ਪਿਛਵਾੜੇ ਬਗੀਚੇ ਵਿਚ ਲੈ ਗਿਆ। ਕੁਝ ਚਿਰ ਚੁੱਪ ਰਹਿ ਕੇ ਨੀਵੀਂ ਪਾਈ ਉਹ ਬੋਲਿਆ, "ਸਰਦਾਰ ਜੀ, ਗੁੱਸਾ ਨਾ ਕਰਿਓ। ਨਾ ਕੁਝ ਮੇਰੇ ਵੱਸ ਹੈ ਨਾ ਤੁਹਾਡੇ। ਸਾਡਾ ਮੁੰਡਾ ਇਸ ਵਿਆਹ ਲਈ ਰਾਜੀ ਨਹੀਂ।"
"ਪਰ.... ।"
"ਉਹ ਸਭ ਠੀਕ ਹੈ। ਸਭ ਕੁਝ ਉਸਨੂੰ ਪੁੱਛ-ਪੁਛਾ ਕੇ ਕੀਤਾ ਸੀ। ਕੁੜੀ ਦੀ ਫੋਟੋ ਵੀ ਉਸਨੇ ਵੇਖੀ ਸੀ ਅਤੇ ਪਸੰਦ ਕੀਤੀ ਸੀ। ਪਰ ਹੁਣ ਜਦੋਂ ਦਾ ਕੁੜੀ ਨੂੰ ਵੇਖ ਕੇ ਗਿਆ ਹੈ, ਉਦੋਂ ਦਾ ਸਾਡੇ ਨਾਲ ਲੜੀ ਜਾਂਦਾ ਹੈ। ਕਹਿੰਦਾ ਹੈ, ਤੁਸੀਂ ਮੇਰੇ ਨਾਲ ਧੋਖਾ ਕੀਤਾ ਹੈ।"
"ਕੋਈ ਗੱਲ ਵੀ ਦੱਸੋ, ਕੀ ਧੋਖਾ ਹੋਇਆ ਹੈ ਉਸ ਨਾਲ ?"
"ਸਰਦਾਰ ਜੀ, ਮੈਨੂੰ ਤਾਂ ਪਤਾ ਨਹੀਂ ਪਰ ਉਸਨੇ ਪਰਸੋਂ ਵੇਖ ਲਿਆ ਕਿ ਕੁੜੀ ਦੇ ਖੱਬੇ ਪਾਸੇ ਧੌਣ ਉੱਤੇ ਫੁਲਬਹਿਰੀ ਹੈ।"
"ਫੇਰ? "
"ਉਹ ਕਹਿੰਦਾ ਹੈ ਮੈਂ ਇਹ ਵਿਆਹ ਨਹੀਂ ਕਰਨਾ।"
"ਤੁਸੀਂ ਕੀ ਕਹਿੰਦੇ ਹੋ ?"
"ਇਕ ਵੇਰ ਪੁੱਛੇ ਜਾਂ ਸੋ ਵੇਰ ਸਾਡੇ ਵੱਲੋਂ ਨਾਂਹ ਜੇ। ਅਸੀਂ ਮੁੰਡੇ ਦੀ ਮਰਜ਼ੀ ਦੇ ਮਗਰ ਆਂ। ਤੁਹਾਨੂੰ ਪਤਾ ਹੈ ਇਸ ਦੇਸ ਵਿਚ ।”
ਮੈਂ ਚੁੱਪ ਚਾਪ ਸਿਰ ਝੁਕਾਈ ਅੰਦਰ ਆ ਗਿਆ; ਮੇਰੇ ਪਿੱਛੇ ਪਿੱਛੇ ਉਹ ਵੀ । ਸਾਡੇ ਦੋਹਾਂ ਦੇ ਜਾਣ ਪਿੱਛੋਂ ਕਲਮ ਨੂੰ ਦੂਜੇ ਬੱਚਿਆਂ ਨਾਲ ਉਪਰ ਵਾਲੇ ਕਮਰੇ ਵਿਚ ਭੇਜ ਕੇ ਮੁੰਡੇ ਦੀ ਮਾਂ ਮੇਰੇ ਘਰ ਵਾਲੀ ਨੂੰ ਵੀ ਇਹੋ ਕੁਝ ਆਖ ਰਹੀ ਸੀ। ਉਸਦੇ ਆਖ਼ਰੀ ਸ਼ਬਦ ਜੋ ਮੈਂ ਸੁਣੇ, ਉਹ ਸਨ, " ਵੱਲੋਂ ਨਾਂਹ ਜੇ।" "ਅਸੀਂ ਮੁੰਡੇ ਦੀ ਮਰਜ਼ੀ ਦੇ ਮਗਰ ਆਂ," ਆਪਣੀ ਮੁਹਾਰਨੀ ਦਾ ਇਹ ਅੰਤਲਾ ਹਿੱਸਾ ਬੋਲਣ ਦਾ ਵਕਤ ਉਸਨੂੰ ਨਾ ਮਿਲ ਸਕਿਆ। ਉਹ ਉੱਠੀ ਅਤੇ ਬਿਨਾਂ 'ਸਤਿ ਸ੍ਰੀ ਅਕਾਲ' ਬੁਲਾਇਆ ਪਤੀ-ਪਤਨੀ ਘਰੋਂ ਬਾਹਰ ਹੋ ਗਏ।
ਅਗਲੇ ਦਿਨ ਮੈਂ ਅਤੇ ਮੇਰੇ ਘਰ ਵਾਲੀ ਉਨ੍ਹਾਂ ਵੱਲ ਗਏ। ਸਾਡੇ ਘੰਟੀ ਵਜਾਉਣ ਉੱਤੇ ਦੋਵੇਂ (ਪਤੀ ਪਤਨੀ) ਦਰਵਾਜ਼ੇ ਵੱਲ ਆਏ; ਦਰਵਾਜ਼ਾ ਖੋਲ੍ਹਿਆ ਅਤੇ ਪਤਨੀ ਨੇ ਆਖਿਆ, "ਆਓ ਜੀ; ਘਰ ਆਇਆ, ਅੰਮਾ ਜਾਇਆ; ਪਰ ਵਿਆਹ ਦੀ ਗੱਲ ਸਾਡੇ