ਸਟਾਫ਼ ਲਈ ਲਿਆਂਦੀਆਂ ਹੋਈਆਂ ਸੁਗਾਤਾਂ ਨੂੰ ਦੇਣ ਦਾ ਕੰਮ ਉਚੇਚ ਨਾਲ ਕੀਤਾ ਗਿਆ। ਛੁੱਟੀ ਤੋਂ ਮਗਰੋਂ ਸਟਾਫ ਦੇ ਸਤਾਰਾਂ ਮੈਂਬਰ ਇਕ ਕਮਰੇ ਵਿਚ ਇਕੱਠੇ ਹੋਏ; ਚਾਹ ਪੀਤੀ ਅਤੇ ਦੱਖਣੀ ਭਾਰਤ ਦੇ ਮੰਦਰਾਂ ਦੀਆਂ ਸਲਾਈਡਾਂ ਵੇਖੀਆਂ। ਉਨ੍ਹਾਂ ਸਲਾਈਡਾਂ ਨੂੰ ਵਿਖਾਉਂਦਿਆਂ ਹੋਇਆਂ ਸਾਡਾ ਮੈਨੇਜਰ ਉਨ੍ਹਾਂ ਮੰਦਿਰਾਂ ਬਾਰੇ ਇਕੱਠੀ ਕੀਤੀ ਹੋਈ ਆਪਣੀ ਜਾਣਕਾਰੀ ਨੂੰ ਵੀ ਪੜ੍ਹ ਕੇ ਸੁਣਾਈ ਜਾਂਦਾ ਸੀ। ਉਹ ਜਾਣਕਾਰੀ ਸੰਖੇਪ ਵੀ ਸੀ ਅਤੇ ਟੁੱਟਵੀਂ ਵੀ । ਜਿਥੋਂ ਵੀ ਉਹ ਅਟਕ ਜਾਂਦਾ ਸੀ, ਉਥੋਂ ਇਹ ਕਹਿ ਕੇ ਅੱਗੇ ਤੁਰ ਪੈਂਦਾ ਸੀ, "ਮੈਂ ਜਲਦੀ ਜਲਦੀ ਵਿਚ ਕਈ ਗੱਲਾਂ ਲਿਖਣੇ ਉੱਕ ਗਿਆ ਹਾਂ। ਕੋਈ ਗੱਲ ਨਹੀਂ, ਅਸੀਂ ਅਨੀਤਾ ਕੋਲੋਂ ਵਿਸਥਾਰ ਨਾਲ ਜਾਣ ਸਕਦੇ ਹਾਂ।"
ਜਦੋਂ ਵੀ ਉਹ ਇਉਂ ਕਹਿੰਦਾ ਸੀ, ਮੇਰਾ ਸਾਰਾ ਆਪਾ ਹਲੂਣਿਆ ਜਾਂਦਾ ਸੀ। ਮੈਨੂੰ ਉਨ੍ਹਾਂ ਮੰਦਿਰਾਂ ਬਾਰੇ ਕੁਝ ਵੀ ਪਤਾ ਨਹੀਂ ਸੀ। ਜਿਹੜੀ ਸਾਡੀ ਮੈਨੂੰ ਤੋਹਫ਼ੇ ਵਜੋਂ ਦਿੱਤੀ ਗਈ ਸੀ, ਉਸ ਦਾ ਜਨਮ-ਸਥਾਨ ਕਾਂਜੀਵਰਮ ਜਾਂ ਕਾਂਚੀਪੁਰਮ, ਭਾਰਤ ਦੇ ਨਕਸ਼ੇ ਉੱਤੇ ਕਿਥੇ ਹੈ, ਮੈਨੂੰ ਇਹ ਵੀ ਪਤਾ ਨਹੀਂ ਸੀ। ਸਲਾਈਡਾਂ ਵਿਖਾਉਂਦਿਆਂ ਹੋਇਆਂ ਉਸਨੇ ਚਾਰ ਪੰਜ ਵੇਰ ਮੇਰਾ ਨਾਂ ਲਿਆ ਅਤੇ ਚਾਰ ਪੰਜ ਵੇਰ ਮੇਰੇ ਸਹਿਕਾਰੀਆਂ ਦੀਆਂ ਤੀਹ ਅੱਖਾਂ ਨੇ ਮੇਰੀ ਜਾਣਕਾਰੀ ਦੇ ਖੋਖਲੇਪਨ ਵਿਚ ਝਾਤੀ ਪਾ ਕੇ ਮੈਨੂੰ ਬਰਮਿੰਦੀ ਜਿਹੀ ਮੁਸਕਰਾਹਟ ਦੇ ਉਹਲੇ ਹੋਣ ਲਈ ਮਜਬੂਰ ਕੀਤਾ। ਜਦੋਂ ਉਹ ਕਾਂਜੀਵਰਮ ਦੇ ਕੈਲਾਸ਼ਨਾਥ ਮੰਦਿਰ ਦੀ ਸਲਾਈਡ ਵਿਖਾਉਂਦਿਆਂ ਹੋਇਆ ਕਹਿ ਰਿਹਾ ਸੀ, "ਇਹ ਸ਼ਿਵ ਮੰਦਿਰ ਸਤਵੀਂ ਸਦੀ ਵਿਚ ਬਣਾਇਆ ਗਿਆ ਸੀ ਅਤੇ ਇਸਦੀ ਮਜ਼ਬੂਤੀ ਸ਼ਿਵਜੀ ਦੇ ਨਿਵਾਸ ਅਸਥਾਨ, ਕੈਲਾਸ਼ ਪਰਬਤ ਦੀ ਮਜ਼ਬੂਤੀ ਦਾ ਮਨੁੱਖੀ ਉਤਾਰਾ ਹੈ," ਉਦੋਂ ਜਾਣਕਾਰੀ ਵਿਚ ਵਾਧਾ ਹੋਣ ਦੀ ਖ਼ੁਸ਼ੀ ਨਾਲ ਭਰੇ ਹੋਏ ਮੇਰੇ ਸਹਿਕਾਰੀ, ਵਿਸਮਾਦ ਅਤੇ ਸ਼ਰਧਾ ਭਰੀਆਂ ਨਜ਼ਰਾਂ ਨਾਲ ਮੇਰੇ ਵੱਲ ਵੇਖ ਵੇਖ ਕੇ ਮੈਨੂੰ ਅਭਾਰਤੀ ਹੋਣ ਦਾ ਅਹਿਸਾਸ ਕਰਵਾ ਰਹੇ ਸਨ।
ਮੈਨੂੰ ਸੂਹਣ ਮੰਦਿਰ ਅਤੇ ਰਾਜ ਤੋਂ ਸਿਵਾ ਹਿੰਦੁਸਤਾਨ ਦੀ ਹੋਰ ਕਿਸੇ ਵੀ ਸੁੰਦਰਤਾ ਨੂੰ ਵੇਖਣ ਦਾ ਸੁਭਾਗ ਪ੍ਰਾਪਤ ਨਹੀਂ ਸੀ ਹੋਇਆ। ਤੇਰ੍ਹਾਂ ਸਾਲ ਦੀ ਉਮਰ ਵਿਚ ਮੈਂ ਲੰਡਨ ਆ ਗਈ ਸੀ। ਸੈਰ-ਸਪਾਟੇ ਸਾਡੇ ਦੇਸ਼ ਦੀ ਵਿਦਿਆ ਦਾ ਮਹੱਤਵਪੂਰਣ ਹਿੱਸਾ ਨਾ ਉਦੋਂ ਸਨ ਨਾ ਅੱਜ ਹਨ। ਆਪਣੀ ਵਿਦਿਆ ਪੂਰੀ ਕਰ ਕੇ ਦੋ ਵੇਰ ਭਾਰਤ ਗਈ। ਵਿਆਹ ਆਦਿਕ ਦੇ ਚੱਕਰ ਵਿਚ ਸਾਰਾ ਸਮਾਂ ਬੀਤ ਜਾਂਦਾ ਰਿਹਾ। ਭਾਰਤ ਦੇ ਪੁਰਾਤਨ ਗੌਰਵ ਨੂੰ ਵੇਖਣ ਜਾਣਨ ਦਾ ਖ਼ਿਆਲ ਹੀ ਨਾ ਆਇਆ।
ਸਲਾਈਡਾਂ ਵੇਖ ਕੇ ਅਤੇ ਆਪੋ-ਆਪਣੀ ਸੁਗਾਤ ਲੈ ਕੇ ਸਟਾਫ਼ ਮੈਂਬਰ ਚਲੇ ਗਏ। ਉਸ ਦਿਨ ਤੋਂ ਪਿੱਛੋਂ ਮੈਨੇਜਰ ਦੇ ਟੂਰ ਅਤੇ ਉਸ ਦੁਆਰਾ ਵਿਖਾਈਆਂ ਸਲਾਈਡਾਂ ਦਾ ਜ਼ਿਕਰ ਕਿਸੇ ਨੇ ਕਦੇ ਨਾ ਕੀਤਾ। ਬੱਸ ਏਨਾ ਕੁ ਹੋਇਆ ਕਿ ਦੋ ਚਾਰ ਦਿਨ ਮੇਰੇ ਸਹਿਕਾਰੀ ਮੈਨੂੰ ਦਿਨ ਵਿਚ ਪਹਿਲੀ ਵੇਰ ਮਿਲਣ ਉੱਤੇ ਗੁੱਡ ਮਾਰਨਿੰਗ ਕਹਿਣ ਦੀ ਥਾਂ ਮੁਸਕਰਾ