ਮੈਂ ਚਾਹੁੰਦੀ ਸਾਂ ਕਿ ਛੁੱਟੀ ਦੇ ਬਾਕੀ ਬਚੇ ਚਾਰ ਦਿਨ ਇਥੇ ਰਹਿ ਕੇ ਆਪਣੀ ਬਚਪਨ ਦੀਆਂ ਸਹੇਲੀਆਂ ਨਾਲ ਆਪਣੀ ਜਾਣੀ-ਪਛਾਣੀ ਧਰਤੀ ਦਾ ਸਪਰਸ਼ ਮਾਣਦੀ ਰਹਾਂ: ਪਰ ਭੂਪੀ ਨੇ ਇਕ ਹੋਰ ਹੀ ਰਾਗ ਅਲਾਪਣਾ ਸ਼ੁਰੂ ਕਰ ਦਿੱਤਾ, "ਮੇਰਾ ਇਕ ਦੋਸਤ ਹੈ ਦਲੀਪ । ਅਸੀਂ ਕਾਲਜ ਤਕ ਜਮਾਤੀ ਰਹੇ ਹਾਂ। ਮੈਂ ਉਸਦੇ ਘਰ ਦੋ ਦੋ, ਚਾਰ ਚਾਰ ਰਾਤਾਂ ਰਹਿੰਦਾ ਹੁੰਦਾ ਸਾਂ। ਉਸਦੀ ਮਾਤਾ ਬਹੁਤ ਪਿਆਰ ਕਰਦੀ ਸੀ ਮੈਨੂੰ। ਉਹ ਮੇਰੇ ਅਤੇ ਦਲੀਪ ਵਿਚ ਕੋਈ ਫਰਕ ਨਹੀਂ ਸੀ ਸਮਝਦੀ। ਪੜ੍ਹੀ ਲਿਖੀ ਹੈ: ਗਿਆਨੀ ਪਾਸ ਹੈ। ਅੰਕਲ ਅਤੇ ਉਹ ਮਿਲ ਕੇ ਆਪਣਾ ਗਿਆਨੀ ਕਾਲਜ ਚਲਾਉਂਦੇ ਹੁੰਦੇ ਸਨ। ਅੰਕਲ ਦੀ ਮੌਤ ਪਿੱਛੋਂ ਉਸਨੇ ਖ਼ਾਲਸਾ ਹਾਇਰ ਸਕੈਂਡਰੀ ਸਕੂਲ ਵਿਚ ਪੰਜਾਬੀ ਟੀਚਰ ਦੀ ਨੌਕਰੀ ਕਰ ਲਈ ਸੀ। ਹੁਣ ਰੀਟਾਇਰ ਹੋ ਚੁੱਕੀ ਹੈ। ਦਲੀਪ ਨੂੰ ਅਮਰੀਕਾ ਗਏ ਨੂੰ ਪੰਜ ਸਾਲ ਹੋ ਗਏ ਹਨ। ਸੁਣਿਆ ਹੈ, ਉਸਨੇ ਓਧਰ ਹੀ ਵਿਆਹ ਕਰਵਾ ਲਿਆ ਹੈ ਅਤੇ ਪੱਕਾ ਵੀ ਹੋ ਗਿਆ ਹੈ, ਪਰ ਆਪਣੀ ਮਾਂ ਦੀ ਖ਼ਬਰ ਸਾਰ ਨਹੀਂ ਲੈਂਦਾ। ਮੇਰਾ ਜੀਅ ਕਰਦਾ ਹੈ ਆਂਟੀ ਨੂੰ ਮਿਲਣ ਨੂੰ।"
ਛੁੱਟੀ ਤਾਂ ਬਰਬਾਦ ਹੋ ਹੀ ਚੁੱਕੀ ਸੀ; ਜਿਥੇ ਸੋ ਓਥੇ ਸਵਾ ਸੋ। ਚਲ ਇਵੇਂ ਹੀ ਸਹੀ; ਅਤੇ ਅਸੀਂ ਮੁੜ ਆਪਣੇ ਘਰ ਆ ਗਏ। ਦਲੀਪ ਦਾ ਪਿੰਡ ਰੂਪੀ ਦੇ ਪਿੰਡ ਤੋਂ ਦੋ ਕੁ ਮੀਲ ਦੀ ਵਿੱਥ ਉੱਤੇ ਹੈ। ਅਸੀਂ ਸਵੇਰੇ ਖਾਧੇ ਪੀਤੇ ਬਿਨਾਂ ਹੀ ਤਿਆਰ ਹੋ ਕੇ ਪੈਦਲ ਤੁਰਦੇ ਉਸਦੇ ਘਰ ਸਾਹਮਣੇ ਜਾ ਖਲੇਤੇ ਅਤੇ ਦਰਵਾਜਾ ਖੜਕਾਇਆ। ਕੁਝ ਚਿਰ ਪਿੱਛੋਂ ਜ਼ਰਾ ਕੁ ਧੱਕਿਆ; ਕੁੰਡਾ ਨਹੀਂ ਸੀ ਲੱਗਾ ਹੋਇਆ; ਦਰਵਾਜ਼ਾ ਖੁੱਲ੍ਹ ਗਿਆ: ਅਸੀਂ ਦੇਵੇ ਵਿਹੜੇ ਵਿਚ ਜਾ ਖਲੋਤੇ। ਸਵੱਛ ਵਸਤਰ ਧਾਰੀ, ਇਕ ਬਿਰਧ ਮਾਤਾ, ਹੌਲੀ ਹੌਲੀ ਤੁਰਦੀ ਸਾਡੇ ਕੋਲ ਆਈ। ਆਪਣੇ ਸੱਜੇ ਹੱਥ ਨੂੰ, ਸੂਰਜ ਦੀ ਰੋਸ਼ਨੀ ਰੋਕਣ ਲਈ, ਛੱਤਣ ਦੇ ਰੂਪ ਵਿਚ ਮੱਥੇ ਉੱਤੇ ਰੱਖੀ ਉਸਨੇ ਭੂਪੀ ਨੂੰ ਗਹੁ ਨਾਲ ਵੇਖਿਆ, ਬਾਹਾਂ ਫੈਲਾਈਆਂ ਅਤੇ ਰੂਪੀ ਨੂੰ ਆਪਣੀ ਗਲਵੱਕੜੀ ਵਿਚ ਲੈ ਕੇ, ਝੱਲਿਆਂ ਹਾਰ ਆਖਣ ਲੱਗੀ, "ਵੇ ਦੀਪਿਆ, ਵੇ ਮੇਰੇ ਚਾਨਣਾ, ਅੱਜ ਰਾਹ ਕਿਵੇਂ ਭੁੱਲ ਗਿਆ ਵੇ! ਮੇਰੀ ਸੁਣ ਲਈ ਸੱਚੇ ਰੱਬ ਨੰ: ਤੂੰ ਮੇਰੀ ਮਮਤਾ ਦੀ ਲਾਜ ਰੱਖ ਲਈ ਦੀਪਿਆ। ਜੁਗ ਜੁਗ ਜੀ ਵੇ ਜੀਣ ਜੋਗਿਆ, ਮਾ ਸਦਕੇ, ਮਾਂ ਵਾਰੀ। ਇੱਛਰਾਂ ਦਾ ਸੁੱਕਾ ਬਾਗ਼ ਹਰਾ ਹੋ ਗਿਆ, ਵੇ ਮੇਰੇ ਪੂਰਨਾ।"