ਅਸਾਂ ਦੋਹਾਂ ਇਹ ਸੋਚਿਆ ਕਿ ਜਾਂ ਤਾਂ ਨਜ਼ਰ ਦੀ ਕਮਜ਼ੋਰੀ ਕਾਰਣ ਉਹ ਸਾਨੂੰ ਪਛਾਣ ਨਹੀਂ ਸਕੀ ਜਾਂ ਪੁੱਤਰ-ਵਿਯੋਗ ਵਿਚ ਆਪਣਾ ਬੌਧਿਕ ਸੰਤੁਲਨ ਗਵਾ ਬੈਠੀ ਹੈ। ਅੰਦਰ ਜਾ ਕੇ ਜਦੋਂ ਅਸਾਂ ਉਸਨੂੰ ਆਪਣੇ ਸਾਰੇ ਕੰਮ ਠੀਕ ਠੀਕ ਤਰੀਕੇ ਨਾਲ ਕਰਦੀ ਵੇਖਿਆ ਤਾਂ ਸਾਨੂੰ ਇਹ ਵਿਸ਼ਵਾਸ ਹੋ ਗਿਆ ਕਿ ਉਸ ਦੀ ਨਜ਼ਰ ਕਮਜ਼ੋਰ ਨਹੀਂ, ਦਿਮਾਗੀ ਸੰਤੁਲਨ....... ਸ਼ਾਇਦ।
ਉਸਨੇ ਇਕ ਸੂਟਕੇਸ ਖੋਲ੍ਹਿਆ: ਉਸ ਵਿਚੋਂ ਇਕ ਬਨਾਰਸੀ ਸਾੜ੍ਹੀ ਕੱਢੀ। ਫਿਰ ਇਕ ਅਲਮਾਰੀ ਵਿਚੋਂ ਸਾਫ਼ ਤੌਲੀਆ ਕੱਢ ਕੇ ਮੈਨੂੰ ਪਕੜਾਉਂਦਿਆਂ ਆਖਿਆ, "ਲੋ ਬੀਬੀ ਰਾਣੀ, ਨਾ ਧੋ ਕੇ ਇਹ ਸਾੜ੍ਹੀ ਬੰਨ੍ਹ। ਕਿੰਨੇ ਸਾਲਾਂ ਤੋਂ ਤੇਰੇ ਲਈ ਖ਼ਰੀਦ ਕੇ ਰੱਖੀ ਸੀ। ਤੈਨੂੰ ਇਸ ਸਾੜ੍ਹੀ ਵਿਚ ਵੇਖਣ ਦੀ ਰੀਝ ਪੂਰੀ ਹੋਈ.... ਕਿਸੇ ਜਨਮ ਵਿਚ ਮੋਤੀ ਦਾਨ ਕੀਤੇ ਹੋਣਗੇ ਮੈਂ।"
ਹੁਣ ਉਹ ਬਿਲਕੁਲ ਨਾਰਮਲ ਹਾਲਤ ਵਿਚ ਸੀ। ਮੈਨੂੰ ਨ੍ਹਾਉਣ ਧੋਣ ਦੇ ਆਹਰ ਵਿਚ ਲਾ ਕੇ ਉਹ ਰਸੋਈ ਵਿਚ ਚਲੇ ਗਈ। ਮੇਰੇ ਨਾਉਂਦਿਆਂ ਅਤੇ ਕੱਪੜੇ ਬਦਲਦਿਆਂ ਉਸਨੇ ਆਲੂਆਂ ਵਾਲੇ ਪਰਾਉਂਠੇ ਅਤੇ ਚਾਹ ਬਣਾਉਣ ਦਾ ਪ੍ਰਬੰਧ ਕਰ ਲਿਆ। ਅਸੀਂ ਖਾਣ ਬੈਠੇ; ਉਹ ਗਰਮ ਗਰਮ ਪਕਾ ਕੇ ਲਿਆਉਂਦੀ ਗਈ। ਹੈਰਾਨ ਸਾਂ ਕਿ ਮੈਂ ਦੇ ਪਰਾਉਂਠੇ ਕਿਵੇਂ ਖਾ ਗਈ। ਰੂਪੀ ਦੀ ਪਲੇਟ ਵਿਚ ਉਹ ਉਦੋਂ ਤਕ ਪਰਾਉਂਠੇ ਰੱਖਣੋਂ ਨਾ ਹਟੀ, ਜਿੰਨਾ ਚਿਰ ਗਿਣਤੀ ਚਾਰ ਨੂੰ ਨਾ ਪੁੱਜ ਗਈ ਅਤੇ ਚਾਰ ਪਰਾਉਂਠੇ ਦੇ ਲੈਣ ਤੋਂ ਪਿੱਛ ਉਸਨੇ ਰੂਪੀ ਨੂੰ ਹੋਰ ਖਾਣ ਲਈ ਨਾ ਆਖਿਆ ਨਾ ਪੁੱਛਿਆ। ਰੂਪੀ ਨੂੰ ਸਵੇਰੇ ਰੱਜ ਕੇ ਖਾਣ ਦੀ ਆਦਤ ਹੈ, ਇਹ ਮੈਂ ਜਾਣਦੀ ਹਾਂ। ਆਲੂਆਂ ਵਾਲੇ ਪਰਾਉਂਠੇ ਵੀ ਉਸਨੂੰ ਪਸੰਦ ਹਨ ਅਤੇ ਚਾਰ ਤੋਂ ਘੱਟ ਉਸਨੇ ਕਦੇ ਖਾਧੇ ਵੀ ਨਹੀਂ। ਭੂਪੀ ਦੀਆਂ ਜਿਨ੍ਹਾਂ ਆਦਤਾਂ ਬਾਰੇ ਮੈਂ ਦੋ ਸਾਲਾਂ ਵਿਚ ਜਾਣ ਗਈ ਸਾਂ, ਉਨ੍ਹਾਂ ਆਦਤਾਂ ਦੀ ਜਾਣਕਾਰੀ ਬਿਰਧ ਮਾਤਾ ਲਈ ਅਸੰਭਵ ਨਹੀਂ ਸੀ ਕਿਉਂਜੁ ਦਲੀਪ ਨਾਲ ਲੰਮੀ ਦੋਸਤੀ ਰਹਿ ਚੁੱਕੀ ਸੀ ਭੂਪੀ ਦੀ। ਪਰ ਇਸ ਸਮੇਂ ਤਾਂ ਮਾਤਾ ਰੂਪੀ ਨੂੰ ਦਲੀਪ ਸਮਝ ਰਹੀ ਸੀ। ਕੀ ਉਸਦੀ ਦਿਮਾਗੀ ਖ਼ਰਾਬੀ ਨੇ ਛੁਪੀ ਅਤੇ ਦਲੀਪ ਨੂੰ ਦੋ ਤੋਂ ਇਕ ਕਰ ਦਿੱਤਾ ਸੀ ? ਉਸਦੀ ਨਿਰਛਲ, ਨਿਰਮਲ ਪ੍ਰਸੰਨਤਾ ਇਹ ਕਹਿੰਦੀ ਸੀ ਕਿ ਉਸਦੀ ਦਿਮਾਗੀ ਸਿਹਤ ਬਿਲਕੁਲ ਠੀਕ ਹੈ।
ਖਾਣ-ਖੁਆਉਣ ਤੋਂ ਵਿਹਲੀ ਹੋ ਕੇ ਮਾਤਾ ਨੇ ਸਾਨੂੰ ਮੰਜੇ ਉੱਤੇ ਬਿਠਾ ਲਿਆ ਅਤੇ ਇਕ ਨਿੱਕਾ ਜਿਹਾ ਸੂਟਕੇਸ ਸਾਡੇ ਕੋਲ ਲਿਆ ਰੱਖਿਆ ਅਤੇ ਮੈਨੂੰ ਖੋਲ੍ਹਣ ਲਈ ਆਖਿਆ। ਮੈਂ ਖੋਲ੍ਹਿਆ। ਉਸ ਵਿਚ ਨਿੱਕੇ ਬੱਚੇ ਦੇ ਕੱਪੜੇ ਸਨ । ਕੁਝ ਸੀਤੇ ਹੋਏ ਅਤੇ ਕੁਝ ਸਲਾਈਆਂ ਨਾਲ, ਕੁਝ ਕਰੋਸ਼ੀਏ ਨਾਲ ਉਣੇ ਹੋਏ। ਕੱਪੜੇ ਵਿਖਾਉਂਦਿਆਂ ਹੋਇਆ ਉਸਨੇ ਦੱਸਿਆ,