ਫਿਰ ਅਲਮਾਰੀ ਵਿਚੋਂ ਇਕ ਮਦਰਾਸੀ ਸਾਰੀ ਕੱਢ ਕੇ ਮੈਨੂੰ ਦਿੰਦਿਆਂ ਹੋਇਆ ਆਖਿਆ, "ਬੀਬੀ ਰਾਣੀ, ਸ਼ਾਮ ਨੂੰ ਇਹ ਸਾੜ੍ਹੀ ਲਾਵਾਂ। ਮੇਰਾ ਜੀ ਕਰਦਾ ਹੈ ਤੈਨੂੰ ਵੱਖ ਵੱਖ ਰੂਪਾਂ ਵਿਚ ਵੇਖਣ ਨੂੰ, ਧੀ ਦੇ ਰੂਪ ਵਿਚ, ਨੂੰਹ ਦੇ ਰੂਪ ਵਿਚ, ਮਾਂ ਦੇ ਰੂਪ ਵਿਚ, ਅੰਨਪੂਰਣਾ ਦੇ ਰੂਪ ਵਿਚ, ਗ੍ਰਹਿਲਕਸ਼ਮੀ ਦੇ ਰੂਪ ਵਿਚ। ਕਿੰਨੇ ਰੂਪ ਹਨ ਤੇਰੇ, ਧੀਏ! ਕਿੰਨੀ ਭੁੱਖ ਹੈ ਮੈਨੂੰ ਤੇਰੇ ਅਨੇਕ ਰੂਪਾਂ ਨੂੰ ਵੇਖਣ ਦੀ।" ਮਾਂ ਦੀਆਂ ਅੱਖਾਂ ਭਰ ਆਈਆਂ।
ਸ਼ਾਮ ਨੂੰ ਮਾਤਾ ਨੇ ਮਾਂਹ ਦੀ ਖਿਚੜੀ ਬਣਾਈ। ਮੈਂ ਫਿਰ ਹੈਰਾਨ ਹੋਈ ਕਿ ਮਾਂਹ ਦੀ ਖਿਚੜੀ ਤਾਂ ਛਪੀ ਦੀ ਪਸੰਦ ਹੈ। ਜਦੋਂ ਖਿਚੜੀ ਬਣ ਗਈ, ਉਸਨੇ ਰੂਪੀ ਨੂੰ ਆਖਿਆ, "ਦੀਪੂ ਪੁੱਤਰ, ਖਿਚੜੀ ਬਣ ਗਈ ਹੈ। ਆਪਣੇ ਘਰ ਲਵੇਰਾ ਨਹੀਂ। ਮੈਂ ਸੂਬੇਦਾਰਨੀ ਕੋਲੋਂ ਮੱਖਣ ਲੈ ਆਵਾ। ਤੁਸੀਂ ਰੋਟੀ ਖਾਣ ਲਈ ਤਿਆਰ ਹੋਵੇ।"
ਉਸਦੇ ਜਾਣ ਪਿੱਛੋਂ ਰੂਪੀ ਨੇ ਦੱਸਿਆ ਕਿ ਖਿਚੜੀ ਵਿਚ ਮੱਖਣ ਪਾ ਕੇ ਖਾਣਾ ਕੇਵਲ ਮੈਨੂੰ ਹੀ ਪਸੰਦ ਹੈ, ਦਲੀਪ ਨੂੰ ਮੱਖਣ ਨਾਲ ਨਫ਼ਰਤ ਸੀ। ਉਹ ਕਹਿੰਦਾ ਹੁੰਦਾ ਸੀ, 'ਮੱਖਣ ਦੀ ਚਿਕਨਾਹਟ ਦਾ ਚੇਤਾ ਕਰਕੇ ਮੇਰਾ ਜੀਅ ਕੱਚਾ ਹੋਣ ਲੱਗ ਪੈਂਦਾ ਹੈ, ਉਸਨੇ ਸਾਗ ਵਿਚ ਵੀ ਕਦੇ ਮੱਖਣ ਨਹੀਂ ਸੀ ਪਾਇਆ: ਤੜਕੇ ਵਿਚ ਜਿਹੜਾ ਘਿਉ ਪੈ ਗਿਆ, ਸੋ ਪੈ ਗਿਆ।
ਮਾਤਾ ਨੇ ਘਰ ਆ ਕੇ ਦੱਸਿਆ ਕਿ ਉਹ ਸੂਬੇਦਾਰਨੀ ਨੂੰ ਸਵੇਰੇ ਤਾਜ਼ਾ ਮੱਖਣ ਰੱਖਣ ਲਈ ਕਹਿ ਆਈ ਹੈ। ਸਵੇਰੇ ਉੱਠ ਕੇ ਉਸਨੇ ਫਿਰ ਆਲੂਆਂ ਵਾਲੇ ਪਰਾਉਂਠੇ ਪਕਾਏ। ਭੂਪੀ ਦੇ ਚਾਰ ਪਰਾਉਂਠੇ ਅਤੇ ਲੱਪ ਸਾਰਾ ਮੱਖਣ ਖਾਣ ਉੱਤੇ ਮਾਂ ਨੂੰ ਜੋ ਤ੍ਰਿਪਤੀ ਹੋਈ, ਉਹ ਉਸਦੇ ਚਿਹਰੇ ਉੱਤੇ ਪ੍ਰਤੱਖ ਵੇਖੀ ਜਾ ਸਕਦੀ ਸੀ। ਉਸ ਦਿਨ ਮਾਤਾ ਨੇ ਮੈਨੂੰ ਨਵੀਆਂ ਵਹੁਟੀਆਂ ਵਾਲੇ ਕੱਪੜੇ ਪਹਿਨਣ ਨੂੰ ਆਖਿਆ। ਉਹਦੀ ਆਗਿਆ ਮੰਨਣ ਵਿਚ ਕੋਈ ਵਿਸਮਾਦੀ ਆਨੰਦ ਸੀ । ਅਸਾਂ ਉਸਨੂੰ ਦੱਸਿਆ ਸੀ ਕਿ ਅੱਜ ਸ਼ਾਮ ਨੂੰ ਅਸਾਂ ਚਲੇ ਜਾਣਾ ਹੈ। ਸਾਡੇ ਕੋਲ ਹੋਰ ਵਕਤ ਨਹੀਂ ਸੀ।
ਸਾਡੀ ਵਿਦਾਇਗੀ ਦਾ ਸਮਾਂ ਨੇੜੇ ਆ ਗਿਆ। ਮਾਤਾ ਨੇ ਦੋਹਾਂ ਸਾੜ੍ਹੀਆਂ ਨੂੰ, ਜੋ ਮੈਂ ਪਹਿਨੀਆਂ ਸਨ ਅਤੇ ਉਸ ਸੂਟ ਨੂੰ, ਜਿਸ ਨੂੰ ਪਹਿਨ ਕੇ ਅੱਜ ਮੈਂ ਨਵੀਂ ਵਹੁਟੀ ਬਣ ਰਹੀ ਸਾਂ, ਉਸੇ ਨਿੱਕੇ ਜਿਹੇ ਸੁਟਕੇਸ ਵਿਚ ਰੱਖ ਦਿੱਤਾ, ਜਿਸ ਵਿਚ ਬੱਚੇ ਦੇ ਕੱਪੜੇ ਪਏ ਸਨ। ਅਸੀਂ ਜਿਸ ਤਰ੍ਹਾਂ ਦੇ ਆਏ ਸਾਂ ਉਸੇ ਤਰ੍ਹਾਂ ਦੇ ਵਿਦਾ ਹੋਣ ਲੱਗੇ। ਮਾਤਾ ਨੇ ਸੂਟਕੇਸ ਭੂਪੀ ਦੇ ਹੱਥ ਵਿਚ ਦੇ ਕੇ ਆਖਿਆ, "ਰੂਪੀ, ਜਦੋਂ ਤੂੰ ਦਰਵਾਜ਼ਾ ਖਟਖਟਾਇਆ ਸੀ, ਉਸ ਸਮੇਂ ਮੈਂ ਦੀਪੂ ਦੇ ਧਿਆਨ ਵਿਚ ਬੈਠੀ ਸਾਂ। ਆਪਣੇ ਆਪ ਤੋਂ ਉੱਕੀ ਬੇਖ਼ਬਰ ਸਾਂ ਕਿ ਦਰਵਾਜਾ ਖੜਕਿਆ। ਮੈਂ ਜਾਤਾ ਮੇਰਾ ਦੀਪੂ ਆਇਆ ਹੈ। ਜਿਵੇਂ ਕੋਈ ਨੀਂਦ