ਜਾਣ-ਪਛਾਣ ਤੋਂ ਪਿੱਛੋਂ ਸੈਕਟਰੀ ਸਾਹਿਬ ਨੇ ਸਮੇਂ ਸਿਰ ਪੁੱਜਣ ਲਈ ਸਭ ਦਾ ਧੰਨਵਾਦ ਕਰਦਿਆਂ ਹੋਇਆ ਇਹ ਵੀ ਆਖਿਆ, "ਅੱਜ ਦੀ ਹਾਜ਼ਰੀ ਸਾਡੀ ਆਸ ਉਮੀਦ ਤੋਂ ਕਿਤੇ ਵੱਧ ਹੈ। ਸਾਹਿਤਿਕ ਸਮਾਰੋਹਾਂ ਉੱਤੇ ਹਾਜ਼ਰੀ ਦਾ ਵੱਧ ਹੋਣਾ ਗ਼ੈਰ-ਕੁਦਰਤੀ ਹੈ, ਕਿਉਂਕਿ ਮਿਆਰੀ ਕਲਾ ਦੀ ਸੂਝ ਆਮ ਲੋਕਾਂ ਨੂੰ ਨਹੀਂ ਹੁੰਦੀ। ਅੱਜ ਦੀ ਹਾਜ਼ਰੀ ਦਾ ਸਿਹਰਾ ਸਾਡੇ ਮਿੱਤਰ ਦੀ ਕਹਾਣੀ-ਕਲਾ ਦੇ ਸਿਰ ਹੈ। ਇਹ ਮਾਂ-ਬੋਲੀ ਦੇ ਅਣਥੱਕ ਸੇਵਕ ਹਨ। ਗਰੋਸਰੀ ਦੀ ਦੁਕਾਨ ਕਰਦਿਆਂ ਹੋਇਆਂ ਪੀ-ਐਚ.ਡੀ. ਦੀ ਤਿਆਰੀ ਕਰਨੀ ਅਤੇ ਪੀ-ਐਚ.ਬੀ. ਦੀ ਤਿਆਰੀ ਕਰਦਿਆਂ ਹੋਇਆ ਸਾਹਿਤ-ਰਚਨਾ ਜਾਰੀ ਰੱਖਣੀ ਹਾਰੀ-ਸਾਰੀ ਦਾ ਕੰਮ ਨਹੀਂ। ਮੈਂ ਉਨ੍ਹਾਂ ਦੀ ਸੇਵਾ ਵਿਚ ਬੇਨਤੀ ਕਰਦਾ ਹਾਂ ਕਿ ਉਹ ਆਪਣੀ ਕਹਾਣੀ ਪੜ੍ਹ ਕੇ ਸੁਣਾਉਣ।"
ਕਹਾਣੀਕਾਰ ਜੀ ਆਪਣੀ ਕਹਾਣੀ ਪੜ੍ਹਨ ਲਈ ਮੰਚ ਉੱਤੇ ਆ ਗਏ। ਅਜੇ ਉਹ ਸਭਾ ਦੇ 'ਸੰਚਾਲਕਾਂ' ਅਤੇ ਆਪਣੇ ਰੁਝੇਵਿਆਂ ਵਿਚੋਂ ਸਮਾਂ ਕੱਢ ਕੇ ਆਏ 'ਸਾਹਿਤਕਾਰਾਂ ਅਤੇ ਕਲਾ-ਪਾਰਖੂਆਂ' ਦਾ ਧੰਨਵਾਦ ਹੀ ਕਰ ਰਹੇ ਸਨ ਕਿ ਪੈਂਤੀ ਕੁ ਸਾਲਾਂ ਦਾ ਇਕ ਆਦਮੀ ਹਾਲ ਦਾ ਦਰਵਾਜ਼ਾ ਖੋਲ੍ਹ ਕੇ ਅੰਦਰ ਦਾਖ਼ਲ ਹੋਇਆ। ਸਾਰਿਆਂ ਵਾਂਗ ਮੈਂ ਵੀ ਮੁੜ ਕੇ ਉਸ ਆਦਮੀ ਵੱਲ ਵੇਖਿਆ। ਉਹ ਆਦਮੀ ਸਾਹਿਤਕਾਰ ਜਾਂ ਸਮਾਲੋਚਕ ਨਾ ਹੋਣ ਕਰਕੇ ਉਨ੍ਹਾਂ ਸਾਰਿਆਂ ਲਈ ਓਪਰਾ ਸੀ, ਮੇਰੇ ਮਿੱਤਰ ਲਈ ਵੀ। ਸਾਰੇ ਸਾਹਿਤਕਾਰਾਂ ਨੇ ਉਸ ਵੱਲੋਂ ਇਉਂ ਮੂੰਹ ਮੋੜ ਲਿਆ, ਜਿਵੇਂ ਸਾਹਿਤਿਕ ਮੀਟਿੰਗ ਵਿਚ ਓਪਰਿਆਂ ਦਾ ਆਗਮਨ ਉਨ੍ਹਾਂ ਨੂੰ ਸੁਖਾਇਆ ਨਾ ਹੋਵੇ। ਮੈਂ 'ਉਸ ਨੂੰ' ਜਾਣਦਾ ਸਾਂ ਪਰ ਓਨਾ ਨਹੀਂ, ਜਿੰਨਾ 'ਉਸ ਬਾਰੇ'। ਮੈਂ ਆਪਣੀ ਥਾਂ ਤੋਂ ਉੱਠ ਕੇ ਉਸ ਕੋਲ ਗਿਆ ਅਤੇ ਬਾਹੋਂ ਪਕੜ ਕੇ, ਸਤਿਕਾਰ ਨਾਲ, ਉਸ ਨੂੰ ਆਪਣੇ ਲਾਗਲੀ ਕੁਰਸੀ ਉੱਤੇ ਲਿਆ ਬਿਠਾਇਆ। ਬੈਠਣ ਤੋਂ ਪਹਿਲਾਂ ਉਸਨੇ ਆਪਣੇ ਹੱਥ ਵਿਚਲਾ ਕਾਗਜ਼ ਤਹਿ ਕਰ ਕੇ ਆਪਣੇ ਕੋਟ ਦੀ ਅੰਦਰਲੀ ਜੇਬ ਵਿਚ ਪਾਇਆ। ਇਹ, ਇਸ ਮੀਟਿੰਗ ਦੀ ਸੂਚਨਾ ਦੇਣ ਲਈ, ਸਜ਼ਾ ਵੱਲੋਂ ਛਾਪਿਆ ਹੋਇਆ ਇਸ਼ਤਿਹਾਰ ਸੀ। ਉਸ ਆਦਮੀ ਪ੍ਰਤੀ ਮੇਰਾ ਸਾਦਰ ਵਤੀਰਾ ਇਕ ਪ੍ਰਕਾਰ ਦੀ ਜ਼ਮਾਨਤ ਸੀ, ਜਿਹੜੀ ਮਨਜ਼ੂਰ ਕਰ ਲਈ ਗਈ ਅਤੇ ਕਹਾਣੀਕਾਰ ਨੇ ਕਹਿਣਾ ਸ਼ੁਰੂ ਕੀਤਾ, "ਜਿਹਾ ਕਿ ਸਭਾ ਦੁਆਰਾ ਛਾਪੇ ਗਏ ਇਸ਼ਤਿਹਾਰ ਵਿਚ ਵੀ ਦੱਸਿਆ ਗਿਆ ਹੈ, ਇਹ ਕਹਾਣੀ ਕੋਰੀਆ ਦੇ ਉਸ ਹਵਾਈ ਜਹਾਜ਼ ਨਾਲ ਸੰਬੰਧਤ ਹੈ, ਜਿਸ ਨੂੰ ਅਮਰੀਕਾ ਦੁਆਰਾ ਜਸੂਸੀ ਲਈ ਵਰਤਿਆ ਜਾ ਰਿਹਾ ਹੋਣ ਕਰਕੇ ਰੂਸੀਆਂ ਨੇ ਰਾਕਟ ਮਾਰ ਕੇ ਤਬਾਹ ਕਰ ਦਿੱਤਾ ਸੀ।"